ਫ਼ਲਸਤੀਨੀ ਲੋਕਾਂ ਦੀ ਨਸਲਕੁਸ਼ੀ ਖਿਲਾਫ਼ FHV ਫਰੰਟ ਵੱਲੋਂ ਮਾਰਚ ਕਰਨ ਦਾ ਐਲਾਨ
ਬਰਨਾਲਾ:
ਫਾਸ਼ੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਵੱਲੋਂ ਫ਼ਲਸਤੀਨੀ ਲੋਕਾਂ ਦੀ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਵੱਲੋਂ ਕੀਤੇ ਜਾ ਰਹੀ ਨਸਲਕੁਸ਼ੀ ਖਿਲਾਫ਼ ਕੀਤੀਆਂ ਜਾ ਰਹੀਆਂ ਕਨਵੈਨਸ਼ਨਾਂ ਅਤੇ ਮਾਰਚ ਦੀ ਕੜੀ ਵਜੋਂ 7 ਅਕਤੂਬਰ ਨੂੰ ਮਾਲਵਾ ਜੋਨ ਦੀ ਕੀਤੀ ਜਾ ਰਹੀ ਕਨਵੈਨਸ਼ਨ ਸਬੰਧੀ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਡਾ. ਰਜਿੰਦਰ ਪਾਲ ਦੀ ਪ੍ਰਧਾਨਗੀ ਹੇਠ ਕੀਤੀ ਗਈ।
ਇਸ ਮੀਟਿੰਗ ਵਿੱਚ ਹੋਏ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਫਰੰਟ ਦੇ ਸੂਬਾਈ ਆਗੂਆਂ ਨਰਾਇਣ ਦੱਤ, ਮਹੀਂ ਪਾਲ, ਕਿਰਨਜੀਤ ਸੇਖੋਂ, ਭੁਪਿੰਦਰ ਲੌਂਗੋਵਾਲ, ਹਰਮਨਦੀਪ ਹਿੰਮਤਪੁਰਾ ਅਤੇ ਜਗਰਾਜ ਰਾਮਾ ਨੇ ਦੱਸਿਆ ਕਿ ਸਾਮਰਾਜੀ ਸਰਗਣੇ, ਦੁਨੀਆਂ ਦੇ ਮਹਾਂਧਾੜਵੀ ਡੋਨਲਡ ਟਰੰਪ ਦੀ ਸ਼ਹਿ ‘ਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਵੱਲੋਂ 7 ਅਕਤੂਬਰ 2023 ਤੋਂ ਫ਼ਲਸਤੀਨੀ ਲੋਕਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਹਜ਼ਾਰਾਂ ਲੋਕ ਮਾਰ ਦਿੱਤੇ ਗਏ ਹਨ ਜਦੋਂ ਕਿ ਮਲਬੇ ਹੇਠ ਦੱਬੇ ਲੋਕਾਂ ਦੀ ਗਿਣਤੀ ਦਾ ਤਾਂ ਕੋਈ ਅੰਤ ਹੀ ਨਹੀਂ ਹੈ। ਆਗੂਆਂ ਨੇ ਦੱਸਿਆ ਕਿ ਇਸ ਦੌਰਾਨ ਪੱਤਰਕਾਰਾਂ ਨੂੰ ਵੀ ਮੌਤ ਦੇ ਘਾਟ ਉਤਾਰਿਆ ਗਿਆ ਹੈ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਇਮਾਰਤਾਂ ਬੰਬ ਸੁੱਟ ਕੇ ਢਹਿ ਢੇਰੀ ਕਰ ਦਿੱਤੀਆਂ ਗਈਆਂ ਹਨ।
ਉਹਨਾਂ ਦੱਸਿਆ ਕਿ ਭੁੱਖਮਰੀ ਦਾ ਸ਼ਿਕਾਰ ਬਣਾਏ ਲੋਕਾਂ ਲਈ ਜ਼ਰੂਰੀ ਮਨੁੱਖੀ ਲੋੜਾਂ ਦਾ ਸਮਾਨ ਲੈਕੇ ਆ ਰਹੀਆਂ ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਵੀ ਫ਼ਲਸਤੀਨ ਦੀ ਹਮਾਇਤ ਕਰਨ ਤੱਕ ਪਹੁੰਚਣ ਤੋਂ ਦੂਰ ਭਜਾਇਆ ਜਾ ਰਿਹਾ ਹੈ। ਪਾਣੀ, ਭੋਜਨ, ਦਵਾਈਆਂ ਤੱਕ ਨੂੰ ਰੋਕਣ ਕਾਰਨ ਵੱਡੀ ਗਿਣਤੀ ਵਿੱਚ ਅਬਾਦੀ ਭੁੱਖਮਰੀ ਦਾ ਸ਼ਿਕਾਰ ਹੈ। ਭੁੱਖਮਰੀ ਦਾ ਸ਼ਿਕਾਰ ਬਣਾਏ ਫ਼ਲਸਤੀਨੀ ਲੋਕਾਂ ਨੂੰ ਇਜ਼ਰਾਈਲੀ ਫ਼ੌਜ ਅੰਨ੍ਹੇਵਾਹ ਗੋਲੀਆਂ ਦਾ ਸ਼ਿਕਾਰ ਬਣਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪੂਰੇ ਸੰਸਾਰ ਦੇ ਇਨਕਲਾਬੀ ਜਮਹੂਰੀ ਇਨਸਾਫ਼ ਪਸੰਦ ਲੋਕ ਇਸ ਨਸਲਕੁਸ਼ੀ ਖਿਲਾਫ਼ ਆਵਾਜ਼ ਉਠਾਕੇ ਨਿਹੱਕੀ ਜ਼ੰਗ ਬੰਦ ਕਰਨ ਦੀ ਮੰਗ ਕਰ ਰਹੇ ਹਨ। ਇਸੇ ਕਰਕੇ ਇਜ਼ਰਾਈਲੀ ਹਾਕਮਾਂ 7 ਅਕਤੂਬਰ 2023 ਤੋਂ ਫ਼ਲਸਤੀਨੀ ਲੋਕਾਂ ਦੇ ਸ਼ੁਰੂ ਕੀਤੇ ਕਤਲੇਆਮ ਦੇ ਦੋ ਸਾਲ ਪੂਰੇ ਹੋਣ ਮੌਕੇ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ 7 ਅਕਤੂਬਰ ਨੂੰ ਮਾਲਵਾ ਜੋਨ ਦੀ ਵਿਸ਼ਾਲ ਕਨਵੈਨਸ਼ਨ ਸ਼ਕਤੀ ਕਲਾ ਮੰਦਿਰ ਬਰਨਾਲਾ ਵਿਖੇ ਕਰਨ ਉਪਰੰਤ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਹਾਜ਼ਰ ਸਾਥੀਆਂ ਗੁਰਪ੍ਰੀਤ ਰੂੜੇਕੇ, ਚਰਨਜੀਤ ਕੌਰ, ਮੋਹਣ ਸਿੰਘ, ਉਧਮ ਸਿੰਘ ਆਦਿ ਆਗੂਆਂ ਨੇ ਸਭਨਾਂ ਇਨਸਾਫ਼ ਪਸੰਦ ਤਾਕਤਾਂ ਨੂੰ ਇਸ ਕਨਵੈਨਸ਼ਨ ਅਤੇ ਮਾਰਚ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।

