ਪੰਜਾਬ, ਹਰਿਆਣਾ ਵਾਸੀਆਂ ਲਈ ਵੱਡੀ ਖ਼ਬਰ! ਅੰਬਾਲਾ ਏਅਰਪੋਰਟ ਤੋਂ 15 ਅਗਸਤ ਤੋਂ ਉਡਾਣਾਂ ਹੋਣਗੀਆਂ ਸ਼ੁਰੂ
ਪੰਜਾਬ ਨੈੱਟਵਰਕ, ਚੰਡੀਗੜ੍ਹ–
ਹਰਿਆਣਾ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਡਾਕਟਰ ਕਮਲ ਗੁਪਤਾ ਨੇ ਦੱਸਿਆ ਕਿ ਅੰਬਾਲਾ ਹਵਾਈ ਅੱਡੇ ਤੋਂ 15 ਅਗਸਤ ਤੋਂ ਉਡਾਣਾਂ ਸ਼ੁਰੂ ਹੋਣਗੀਆਂ।
ਇਸ ਲਈ ਅਧਿਕਾਰੀ 15 ਅਗਸਤ ਤੋਂ ਪਹਿਲਾਂ ਪਹਿਲਾਂ ਏਅਰਪੋਰਟ ਵਿੱਚ ਚਾਰਦੀਵਾਰੀ, ਪਾਰਕਿੰਗ ਏਰੀਆ, ਮੇਨ ਬਿਲਡਿੰਗ, ਪ੍ਰਵੇਸ਼ ਦੁਆਰ, ਕੰਟੀਨ, ਵਾਟਰ ਟੈਂਕ ਸਮੇਤ ਸਿਵਲ ਅਤੇ ਬਿਜਲੀ ਦੇ ਕੰਮ ਮੁਕੰਮਲ ਕਰ ਲੈਣ।
ਉਨ੍ਹਾਂ ਇਹ ਹਦਾਇਤਾਂ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਸਿਵਲ ਐਵੀਏਸ਼ਨ, ਬਿਜਲੀ, ਲੋਕ ਨਿਰਮਾਣ ਅਤੇ ਫਾਇਰ ਸਰਵਿਸਿਜ਼ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਮੀਟਿੰਗ ਦੌਰਾਨ ਦਿੱਤੀਆਂ।
ਡਾ: ਕਮਲ ਗੁਪਤਾ ਨੇ ਦੱਸਿਆ ਕਿ ਅੰਬਾਲਾ ਹਵਾਈ ਅੱਡੇ ‘ਤੇ ਅੰਬਾਲਾ ਏਅਰਫੋਰਸ ਸਟੇਸ਼ਨ ਦੀ ਹਵਾਈ ਪੱਟੀ ਨੂੰ ਜਹਾਜ਼ਾਂ ਦੇ ਟੇਕ-ਆਫ ਅਤੇ ਲੈਂਡਿੰਗ ਲਈ ਵਰਤਿਆ ਜਾਵੇਗਾ।
ਇਸ ਹਵਾਈ ਅੱਡੇ ਦਾ ਲਾਭ ਹਰਿਆਣਾ ਨਾਲ ਲੱਗਦੇ ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਯਾਤਰੀਆਂ ਨੂੰ ਵੀ ਮਿਲੇਗਾ, ਜਿਨ੍ਹਾਂ ਨੂੰ ਇੱਥੋਂ ਵੱਖ-ਵੱਖ ਸ਼ਹਿਰਾਂ ਲਈ ਹਵਾਈ ਸੇਵਾ ਮਿਲੇਗੀ।
ਆਰਸੀਐਸ-ਯੂਡੀਏ ਦੇ ਤਹਿਤ ਉਡਾਣ ਸੰਚਾਲਨ ਲਈ ਏਅਰਲਾਈਨਾਂ ਅਤੇ ਹਰਿਆਣਾ ਸਰਕਾਰ ਵਿਚਕਾਰ ਜਲਦੀ ਹੀ ਇੱਕ ਐਮਓਯੂ ‘ਤੇ ਦਸਤਖਤ ਕੀਤੇ ਜਾਣਗੇ।