Punjab News: ਬਿਨਾਂ ਟਰੇਨਿੰਗ ਤੋਂ ਮੌਕੇ ‘ਤੇ ਚੋਣ ਡਿਊਟੀਆਂ ਲਗਾਉਣਾ ਗ਼ਲਤ- ਡੀ.ਟੀ.ਐੱਫ
ਪੰਜਾਬ ਨੈੱਟਵਰਕ, ਸੰਗਰੂਰ –
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਸੰਗਰੂਰ ਇਕਾਈ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ 12 ਅਕਤੂਬਰ ਨੂੰ ਪੰਚਾਇਤੀ ਚੋਣਾਂ ਤੋਂ ਇਕਦਮ ਪਹਿਲਾਂ ਸੈਂਕੜੇ ਅਧਿਆਪਕਾਂ ਦੀ ਚੋਣ ਡਿਊਟੀ ਲਗਾਉਣ ‘ਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਨਿਖੇਧੀ ਕੀਤੀ ਹੈ। ਪ੍ਰਤੀਕਿਰਿਆ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਨੇ ਕਿਹਾ ਕਿ ਜਿਹਨਾਂ ਅਧਿਆਪਕਾਂ ਦੀ ਡਿਊਟੀ 12 ਅਕਤੂਬਰ ਨੂੰ ਲਗਾਈ ਗਈ ਹੈ ਉਹਨਾਂ ਨੂੰ ਚੋਣਾਂ ਦੇ ਅਤਿ ਮਹੱਤਵਪੂਰਨ ਕੰਮ ਸਬੰਧੀ ਕੋਈ ਟਰੇਨਿੰਗ ਨਹੀਂ ਦਿੱਤੀ ਗਈ ਜਦੋਂਕਿ ਬਾਕੀ ਸਟਾਫ਼ ਨੂੰ ਇਸ ਤੋਂ ਪਹਿਲਾਂ ਦੋ ਰਿਹਰਸਲਾਂ ਲਗਾ ਕੇ ਟਰੇਨਿੰਗ ਦਿੱਤੀ ਗਈ ਹੈ।
ਉਹਨਾਂ ਨੇ ਸਵਾਲ ਉਠਾਉਂਦਿਆਂ ਕਿਹਾ ਕਿ ਜੇਕਰ ਇਹ ਅਧਿਆਪਕ ਬਿਨਾਂ ਕਿਸੇ ਟਰੇਨਿੰਗ ਦੇ ਚੋਣ ਡਿਊਟੀ ਦੇ ਸਕਦੇ ਹਨ ਤਾਂ ਬਾਕੀ ਅਮਲੇ ਦੀਆਂ ਦੋ ਟਰੇਨਿੰਗਾਂ ਕਿਉਂ ਲਗਾਈਆਂ ਗਈਆਂ? ਉਹਨਾਂ ਕਿਹਾ ਕਿ ਜਿਹਨਾਂ ਅਧਿਆਪਕਾਂ ਦੀ ਡਿਊਟੀ ਮੌਕੇ ‘ਤੇ ਲਗਾਈ ਗਈ ਹੈ, ਉਹਨਾਂ ਵਿੱਚੋਂ ਜ਼ਿਆਦਾਤਰ ਬੀ.ਐੱਲ.ਓਜ਼. ਹਨ ਜਿਹੜੇ ਪਹਿਲਾਂ ਹੀ ਹੋਰ ਕਿਸਮ ਦੀ ਚੋਣ ਡਿਊਟੀ ਸਾਰਾ ਸਾਲ ਦਿੰਦੇ ਹਨ ਅਤੇ ਉਹਨਾਂ ਨੂੰ ਪੋਲਿੰਗ ਪਾਰਟੀਆਂ ਵਿੱਚ ਨਿਯੁਕਤ ਕਰਨ ਤੋਂ ਸੰਕੋਚ ਕਰਨਾ ਚਾਹੀਦਾ ਹੈ ਕਿਉਂਕਿ ਉਹਨਾਂ ਤੋਂ ਬਿਨਾਂ ਵੱਡੀ ਗਿਣਤੀ ਵਿੱਚ ਰਿਜ਼ਰਵ ਮੁਲਾਜ਼ਮ ਚੋਣ ਡਿਊਟੀ ਲਈ ਮੌਜ਼ੂਦ ਹਨ।
ਜ਼ਿਲ੍ਹਾ ਸਕੱਤਰ ਹਰਭਗਵਾਨ ਗੁਰਨੇ ਨੇ ਕਿਹਾ ਕਿ ਅਸਲ ਵਿੱਚ ਟਰੇਨਿੰਗ ਦੀ ਲੋੜ ਤਾਂ ਸਾਰੇ ਚੋਣ ਅਮਲੇ ਨੂੰ ਹੈ ਅਤੇ ਇਸ ਤਰ੍ਹਾਂ ਚੋਣਾਂ ਦੇ ਐਨ ਮੌਕੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਉਣਾ ਜਿਹਨਾਂ ਦੀ ਕੋਈ ਟਰੇਨਿੰਗ ਨਹੀਂ ਹੈ, ਕਾਨੂੰਨੀ ਅਤੇ ਤਕਨੀਕੀ ਤੌਰ ‘ਤੇ ਗ਼ਲਤ ਹੈ। ਅਜਿਹੇ ਵਿੱਚ ਜੇਕਰ ਮੌਕੇ ‘ਤੇ ਚੋਣ ਡਿਊਟੀ ‘ਤੇ ਤਾਇਨਾਤ ਕੀਤੇ ਮੁਲਾਜ਼ਮਾਂ ਤੋਂ ਚੋਣ ਡਿਊਟੀ ਦੌਰਾਨ ਕੋਈ ਗਲਤੀ ਹੁੰਦੀ ਹੈ ਤੇ ਉਸ ਕਾਰਨ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਹੋਵੇਗੀ।
ਉਹਨਾਂ ਕਿਹਾ ਕਿ ਅਸਲ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪਹਿਲਾਂ ਲਾਈਆਂ ਡਿਊਟੀਆਂ ਵਿੱਚੋਂ ਆਪਣੇ ਚਹੇਤਿਆਂ ਦੀਆਂ ਡਿਊਟੀਆਂ ਕੱਟ ਦਿੱਤੀਆਂ ਗਈਆਂ ਹਨ ਅਤੇ ਉਹਨਾਂ ਦੀ ਜਗ੍ਹਾ ਉੱਤੇ ਇਹ ਡਿਊਟੀਆਂ ਲਗਾਈਆਂ ਗਈਆਂ ਹਨ। ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ ਅਤੇ ਪ੍ਰੈੱਸ ਸਕੱਤਰ ਜਸਬੀਰ ਨਮੋਲ ਨੇ ਕਿਹਾ ਕਿ ਪੰਚਾਇਤੀ ਚੋਣਾਂ, ਜਿਹਨਾਂ ਨਾਲ ਪਿੰਡਾਂ ਦੇ ਲੋਕ ਬੜੀ ਨੇੜੇ ਤੋਂ ਜੁੜੇ ਹੁੰਦੇ ਹਨ, ਦੇ ਸਮੇਂ ਮਾਹੌਲ ਬੜਾ ਸੰਵੇਦਨਸ਼ੀਲ ਹੁੰਦਾ ਹੈ ਤੇ ਇੱਕ ਚੰਗੀ ਤਰ੍ਹਾਂ ਟਰੇਂਡ ਪੋਲਿੰਗ ਅਧਿਕਾਰੀ ਹੀ ਉਸ ਸਮੇਂ ਆਪਣੀ ਡਿਊਟੀ ਨਾਲ ਇਨਸਾਫ਼ ਕਰ ਸਕਦਾ ਹੈ।
ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਦੁਆਰਾ ਪਹਿਲਾਂ ਹੀ ਬੜੀ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਦੀ ਡਿਊਟੀ ਇਹਨਾਂ ਚੋਣਾਂ ਵਿੱਚ ਲਗਾਈ ਜਾਂਦੀ ਹੈ ਅਤੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਰਿਜ਼ਰਵ ਰੱਖੇ ਜਾਂਦੇ ਹਨ ਤਾਂ ਜੋ ਲੋੜ ਪੈਣ ‘ਤੇ ਉਹਨਾਂ ਦੀ ਚੋਣ ਡਿਊਟੀ ਲਗਾਈ ਜਾ ਸਕੇ। ਵਿੱਤ ਸਕੱਤਰ ਯਾਦਵਿੰਦਰ ਪਾਲ ਧੂਰੀ ਅਤੇ ਜਥੇਬੰਦਕ ਸਕੱਤਰ ਪਵਨ ਕੁਮਾਰ ਨੇ ਕਿਹਾ ਕਿ ਰਿਜ਼ਰਵ ਸਟਾਫ਼ ਦੇ ਹੁੰਦੇ ਹੋਏ ਮੌਕੇ ‘ਤੇ ਬਿਨਾਂ ਕਿਸੇ ਟਰੇਨਿੰਗ ਦੇ ਸੈਂਕੜੇ ਅਧਿਆਪਕਾਂ ਨੂੰ ਚੋਣ ਡਿਊਟੀ ਲਈ ਤਾਇਨਾਤ ਕਰਨਾ ਉਚਿਤ ਨਹੀਂ ਹੈ। ਇਹ ਚੋਣਾਂ ਦੇ ਅਤਿ ਗੰਭੀਰ ਅਤੇ ਸੰਵੇਦਨਸ਼ੀਲ ਕੰਮ ਪ੍ਰਤੀ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਗੈਰ-ਸੰਵੇਦਨਸ਼ੀਲਤਾ ਨੂੰ ਦਰਸਾਉਂਦਾ ਹੈ। ਆਗੂਆਂ ਨੇ ਮੰਗ ਕੀਤੀ ਕਿ ਮੌਕੇ ‘ਤੇ ਨਿਯੁਕਤ ਕੀਤੇ ਮੁਲਾਜ਼ਮਾਂ ਦੀ ਡਿਊਟੀ ਚੋਣਾਂ ਵਿੱਚ ਨਾ ਲਗਾਈ ਜਾਵੇ ਬਲਕਿ ਟਰੇਂਡ ਸਟਾਫ਼ ਦੀ ਅਤੇ ਲੋੜ ਪੈਣ ‘ਤੇ ਟਰੇਂਡ ਰਿਜ਼ਰਵ ਸਟਾਫ਼ ਦੀ ਡਿਊਟੀ ਹੀ ਪੋਲਿੰਗ ਪਾਰਟੀ ਵਿੱਚ ਲਗਾਈ ਜਾਵੇ।