Education News- ਸਿੱਖਿਆ ਵਿਭਾਗ ਨੇ ਤਰੱਕੀ ਦੇ ਮਾਪਦੰਡਾਂ ਲਈ ਰੱਖੀਆਂ ਵੱਖ-ਵੱਖ ਯੋਗਤਾ ਮਿਤੀਆਂ, ਅਧਿਆਪਕਾਂ ਨੇ ਲਾਇਆ ਪੱਖਪਾਤੀ ਦਾ ਦੋਸ਼
Education News- ਕੁੱਝ ਮਹੀਨੇ ਪਹਿਲਾਂ ਸਕੂਲ ਸਿੱਖਿਆ ਵਿਭਾਗ ਦੁਆਰਾ ਪ੍ਰਾਇਮਰੀ, ਓ.ਸੀ.ਟੀ. ਅਤੇ ਨਾਨ-ਟੀਚਿੰਗ ਕੇਡਰ ਤੋਂ ਮਾਸਟਰ ਕੇਡਰ ‘ਚ ਪਦਉੱਨਤੀ ਲਈ ਕੇਸ ਮੰਗੇ ਗਏ ਸਨ, ਜਿਨ੍ਹਾਂ ਲਈ ਯੋਗਤਾ ਮਿਤੀ 2 ਜੂਨ 2025 ਰੱਖੀ ਗਈ ਸੀ ਪਰ ਬਾਅਦ ਵਿੱਚ ਵਿਭਾਗ ਵੱਲੋਂ PSTET-2 ਜਿਸਦਾ ਨਤੀਜਾ ਦਰੁੱਸਤੀ ਤੋਂ ਬਾਅਦ 28 ਅਗਸਤ 2025 ਨੂੰ ਘੋਸ਼ਿਤ ਹੋਇਆ ਤਾਂ ਇਸ ਨਤੀਜੇ ‘ਚ ਪਾਸ ਹੋਏ ਮੁਲਾਜ਼ਮਾਂ ਦੇ ਕੇਸ ਵੀ ਮੰਗ ਲਏ ਗਏ ਸਨ।
ਇਸ ਤਰ੍ਹਾਂ ਵਿਭਾਗ ਨੇ PSTET-2 ਲਈ ਯੋਗਤਾ ਮਿਤੀ 28 ਅਗਸਤ 2025 ਕਰ ਦਿੱਤੀ ਹੈ ਪਰ ਬਾਕੀ ਯੋਗਤਾਵਾਂ ਲਈ ਯੋਗਤਾ ਮਿਤੀ 2 ਜੂਨ 2025 ਹੀ ਰੱਖੀ ਗਈ ਹੈ। ਇਸ ਤਰ੍ਹਾਂ ਸਿੱਖਿਆ ਵਿਭਾਗ ਦੁਆਰਾ ਤਰੱਕੀ ਦੇ ਅਲੱਗ-ਅਲੱਗ ਮਾਪਦੰਡਾਂ ਲਈ ਅਲੱਗ-ਅਲੱਗ ਯੋਗਤਾ ਮਿਤੀਆਂ ਰੱਖੀਆਂ ਗਈਆਂ ਹਨ।
ਪ੍ਰੈਸ ਬਿਆਨ ਰਾਹੀਂ ਸਰਬਜੀਤ ਕੌਰ, ਪ੍ਰਦੀਪ ਕੌਰ, ਸਿਮਰਨ, ਰਮਨਦੀਪ ਕੌਰ, ਜਸਪ੍ਰੀਤ ਸਿੰਘ ਆਦਿ ਨੇ ਕਿਹਾ ਕਿ ਵਿਭਾਗ ਦੁਆਰਾ PSTET-2 ਲਈ ਯੋਗਤਾ ਮਿਤੀ ਬਦਲ ਕੇ 28 ਅਗਸਤ 2025 ਕਰ ਦਿੱਤੀ ਹੈ, ਪਰ ਬਾਕੀ ਯੋਗਤਾ ਮਾਪਦੰਡਾਂ ਲਈ ਯੋਗਤਾ ਮਿਤੀ 2 ਜੂਨ 2025 ਰੱਖ ਕੇ ਪੱਖਪਾਤੀ ਰਵੱਈਆ ਅਪਣਾਇਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਹੁਣ ਜਦੋਂ ਅਜੇ ਤੱਕ ਤਰੱਕੀਆਂ ਨਹੀਂ ਹੋਈਆਂ ਤਾਂ ਤਰੱਕੀਆਂ ਲਈ 5 ਮਹੀਨੇ ਪਹਿਲਾਂ ਦੀ ਯੋਗਤਾ ਮਿਤੀ ਰੱਖਣਾ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਸਾਰੇ ਯੋਗਤਾ ਮਾਪਦੰਡਾਂ ਲਈ ਇੱਕ ਹੀ ਯੋਗਤਾ ਮਿਤੀ ਰੱਖੀ ਜਾਵੇ ਤਾਂ ਜੋ ਕਿਸੇ ਵੀ ਤਰੀਕੇ ਦੇ ਪੱਖਪਾਤ ਤੋੰ ਬਚਿਆ ਜਾ ਸਕੇ ਅਤੇ ਸਾਰੇ ਯੋਗ ਮੁਲਾਜ਼ਮਾਂ ਨੂੰ ਤਰੱਕੀ ਦਾ ਮੌਕਾ ਮਿਲ ਸਕੇ।

