Punjab News: DIG ਭੁੱਲਰ ਕਿਸ ਲਈ ਕਰਦਾ ਸੀ ਨਜਾਇਜ਼ ਪੈਸਾ ਇਕੱਠਾ, ਇਸਦੀ ਵੀ ਹੋਵੇ ਜਾਂਚ: ਅਕਾਲੀ ਦਲ
Punjab News: ਜਿਹੜੀ ਸਰਕਾਰ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੰਸ ਦੇ ਦਾਅਵੇ ਕਰਦੇ ਸੀ, ਅਸਲ ਵਿਚ ਉਹ ਭ੍ਰਿਸ਼ਟਾਚਾਰ ਨੂੰ ਉਤਸ਼ਾਹਤ ਕਰ ਰਹੀ ਹੈ: ਪਰਮਬੰਸ ਸਿੰਘ ਰੋਮਾਣਾ
ਚੰਡੀਗੜ੍ਹ
Punjab News: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਡੀਆਈਜੀ (DIG) ਹਰਚਰਨ ਸਿੰਘ ਭੁੱਲਰ ਕਿਸਦੇ ਕਹਿਣ ’ਤੇ ਨਜਾਇਜ਼ ਪੈਸਾ ਇਕੱਠਾ ਕਰ ਰਹੇ ਸਨ ਤੇ ਇਹ ਪੈਸਾ ਕਿਸ ਕੋਲ ਜਾ ਰਿਹਾ ਸੀ, ਇਸਦੀ ਜਾਂਚ ਕੀਤੀ ਜਾਵੇ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੁ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇਕਿਹਾ ਕਿ ਪੰਜਾਬੀਆਂ ਨੂੰ ਇਹ ਜਾਨਣ ਦਾ ਹੱਕ ਹੈ ਕਿ ਸੂਬੇ ਦੇ ਲੋਕਾਂ ਤੋਂ ਲੁੱਟਿਆ ਜਾ ਰਿਹਾ ਪੈਸਾ ਕਿਧਰ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਕੀਇਹ ਪੈਸਾ ਹੋਰ ਰਾਜਾਂ ਵਿਚ ਚੋਣਾਂ ਲੜਨ ਵਾਸਤੇ ਵਰਤਿਆ ਜਾ ਰਿਹਾ ਹੈ ਜਾਂ ਫਿਰ ਸਿੱਧਾ ਆਪ ਮੁਖੀ ਅਰਵਿੰਦ ਕੇਜਰੀਵਾਲ ਕੋਲ ਜਾ ਰਿਹਾ ਹੈ? ਉਹਨਾਂ ਕਿਹਾ ਕਿ ਸੱਚਾਈਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ (ਆਪ) ਨੇ ਇਸ ਮਾਮਲੇ ’ਤੇ ਚੁੱਪੀ ਧਾਰੀ ਹੋਈ ਹੈ ਜਿਸ ਤੋਂ ਸੰਕੇਤ ਮਿਲ ਰਿਹਾ ਹੈ ਕਿ ਉਹ ਕੁਝ ਲੁਕਾ ਰਹੇ ਹਨ।
ਉਹਨਾਂ ਕਿਹਾ ਕਿ ਸੀ ਬੀ ਆਈ ਜਾਂਚ ਵਿਚ ਇਸ ਪਹਿਲੂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ’ਕੱਟੜ ਇਮਾਨਦਾਰ ਪਾਰਟੀ’ ਦੇ ਭ੍ਰਿਸ਼ਟਾਚਾਰ ਕਰਨ ਦੇ ਤਰੀਕੇ ਨੂੰ ਬੇਨਕਾਬ ਕੀਤਾ ਜਾ ਸਕੇ।
ਪਰਮਬੰਸ ਸਿੰਘ ਰੋਮਾਣਾ ਨੇ ਜ਼ੋਰ ਦੇ ਕੇ ਕਿਹਾ ਕਿ ਡੀ ਆਈ ਜੀ ਹਰਚਰਨ ਸਿੰਘ ਭੁੱਲਰ ’ਤੇ ਸੀ ਬੀ ਆਈ ਦਾ ਛਾਪਾ ਪੈਣ ਤੇ ਉਹਨਾਂ ਦੀ ਗ੍ਰਿਫਤਾਰੀ ਨਾਲ ਆਪ ਦਾ ਅਸਲ ਚੇਹਰਾ ਬੇਨਕਾਬ ਹੋ ਗਿਆ ਹੈ। ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਇਕ ਸਰਕਾਰ ਜੋ ਦਾਅਵਾ ਕਰਦੀ ਸੀ ਕਿ ਉਸਦੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੰਸ ਹੈ, ਉਹ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰ ਰਹੀ ਹੈ ਤੇ ਇਸ ਵਾਸਤੇ ਸਹੂਲਤ ਦੇ ਰਹੀ ਹੈ।
ਰੋਮਾਣਾ ਨੇ ਇਹ ਵੀ ਸਵਾਲ ਕੀਤਾ ਕਿ ਸੂਬਾ ਸਰਸਕਾਰ ਦੀ ਵਿਜੀਲੈਂਸ ਤੇ ਖੁਫੀਆ ਵਿੰਗ ਡੀ ਆਈ ਜੀ ਹਰਚਰਨ ਭੁੱਲਰ ਦੇ ਭ੍ਰਿਸ਼ਟਾਚਾਰ ਦਾ ਪਤਾ ਕਰਨ ਵਿਚ ਨਾਕਾਮ ਕਿਉਂ ਰਹੇ ਹਨ? ਅਤੇ ਉਹਨਾਂ ਨੇ ਹੁਣ ਤੱਕ ਉਹਨਾਂ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਖੁਦ ਦਾਅਵਾ ਕਰਦੇ ਹਨ ਕਿ ਉਹਨਾਂ ਦੀ ਮਰਜ਼ੀ ਬਗੈਰ ਸੂਬੇ ਵਿਚ ਪੱਤਾ ਵੀ ਨਹੀਂ ਹਿੱਲ ਸਕਦਾ।
ਉਹਨਾਂ ਕਿਹਾ ਕਿ ਹੁਣ ਕਰੋੜਾਂ ਰੁਪਏ ਦਾ ਭ੍ਰਿਸ਼ਟਾਚਾਰ ਕਿਵੇਂ ਹੋ ਸਕਦਾ ਹੈ ਤੇ ਇਹ ਕਿਵੇਂ ਹੋ ਸਕਦਾ ਹੈ ਕਿ ਮੁੱਖ ਮੰਤਰੀ ਨੂੰ ਇਸਦਾ ਪਤਾ ਹੀ ਨਾ ਹੋਵੇ? ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਹੋ ਰਿਹਾ ਹੈ ਕਿਉਂਕਿ ਆਪ ਨੇ ਸਿਵਲ ਤੇ ਪੁਲਿਸ ਮਸ਼ੀਨਰੀ ਵਿਚ ਆਪਣੇ ਚਹੇਤੇ ਪੈਸੇ ਇਕੱਠੇ ਕਰਨ ਵਾਸਤੇ ਰੱਖੇ ਹੋਏ ਹਨ।
ਰੋਮਾਣਾ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਵਿਜੀਲੈਂਸ ਵਿਭਾਗ ਸਿਰਫ ਵਿਰੋਧੀ ਧਿਰ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਣ ਵਾਸਤੇ ਰੱਖਿਆ ਗਿਆ ਹੈ।
ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਭੁੱਲਰ ਖਿਲਾਫ ਵਿਆਪਕ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਅਤੇ ਪੰਜਾਬ ਵਿਚ ਅਫਸਰਾਂ ਲਈ ਆਸਾਮੀਆਂ ਵੇਚ ਕੇ ਹੋ ਰਹੇ ਭ੍ਰਿਸ਼ਟਾਚਾਰ ਦੀ ਜਾਂਚ ਵਾਸਤੇ ਸੀ ਬੀ ਆਈ ਨੂੰ ਦਖਲ ਦੇਣਾ ਪਿਆ।
ਅਕਾਲੀ ਆਗੂ ਨੇ ਇਸ ਸੰਵੇਦਨਸ਼ੀਲ ਮਾਮਲੇ ’ਤੇ ਮੁੱਖ ਮੰਤਰੀ ਦੀ ਚੁੱਪੀ ’ਤੇ ਸਵਾਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਜਨਤਕ ਤੌਰ ’ਤੇ ਬੇਸ਼ਰਮ ਹੋ ਕੇ ਤਮਾਸ਼ੇ ਕਰਨ ਵਿਚ ਲੱਗੇ ਹਨ ਅਤੇ ਵਿਰੋਧੀ ਧਿਰ ਦੇ ਆਗੂਆਂ ਨੂੰ ਮਾੜਾ ਬੋਲ ਰਹੇ ਹਨ ਪਰ ਸਰਕਾਰ ਵਿਚ ਭ੍ਰਿਸ਼ਟਾਚਾਰ ਬਾਰੇ ਇਕ ਸ਼ਬਦ ਵੀ ਨਹੀਂ ਬੋਲ ਰਹੇ।
ਉਹਨਾਂ ਨੇ ਪੰਜਾਬ ਕਾਂਗਰਸ ਅਤੇ ਪ੍ਰਤਾਪ ਸਿੰਘ ਬਾਜਵਾ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਇਸਦੇ ਸੀਨੀਅਰ ਆਗੂਆਂ ਵੱਲੋਂ ਵੀ ਡੀ ਆਈ ਜੀ ਭੁੱਲਰ ਵੱਲੋਂ ਕੀਤੇ ਗਏ ਬਹੁ ਕਰੋੜੀ ਭ੍ਰਿਸ਼ਟਾਚਾਰ ਬਾਰੇ ਇਕ ਵੀ ਸ਼ਬਦ ਨਾ ਬੋਲਣ ਦੀ ਨਿਖੇਧੀ ਕੀਤੀ।
ਉਹਨਾਂ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਨੇ ਇਹ ਦਾਅਵਾ ਕੀਤਾ ਸੀ ਕਿ, ਉਹਨਾਂ ਕੋਲ ਰਾਜਾ ਵੜਿੰਗ ਸਮੇਤ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਕੀਤੇ ਭ੍ਰਿਸ਼ਟਾਚਾਰ ਦੇ ਸਬੂਤ ਹਨ ਪਰ ਇਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।
ਉਹਨਾਂ ਕਿਹਾ ਕਿ ਇਸਦਾ ਮਤਲਬ ਹੈ ਕਿ ਇਸ ਮਾਮਲੇ ਵਿਚ ਆਪ ਤੇ ਕਾਂਗਰਸ ਵਿਚਾਲੇ ਗੁਪਤ ਸਮਝੌਤਾ ਹੈ। ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੀ ਮੌਜੂਦ ਸਨ।

