ਵੱਡੀ ਖ਼ਬਰ: ਪੰਜਾਬ ‘ਚ ਜਾਅਲੀ ਪੱਤਰਕਾਰ ਅਤੇ Fake ਵਿਜੀਲੈਂਸ ਅਫ਼ਸਰ ਗ੍ਰਿਫ਼ਤਾਰ!
Punjab News :
ਜਗਰਾਓ ਨੇੜੇ ਥਾਣਾ ਮੁੱਲਾਂਪੁਰ ਦਾਖਾ ਪੁਲਿਸ ਨੇ ਨਕਲੀ ਵਿਜੀਲੈਂਸ ਅਧਿਕਾਰੀ ਬਣ ਕੇ ਮੁੱਲਾਂਪੁਰ ਦਾਖਾ ਵਿਚ ਹੀ ਤੈਨਾਤ ਬਿਜਲੀ ਵਿਭਾਗ ਦੇ ਇਕ ਐਸਡੀਓ ਅਤੇ ਇਕ ਜੇਈ ਨੂੰ ਅਗਵਾ ਕਰਕੇ ਉਨ੍ਹਾਂ ਕੋਲੋਂ 7 ਲੱਖ ਦੀ ਫਿਰੌਤੀ ਲੈਣ ਵਾਲੇ ਚਾਰ ਅਰੋਪੀਆਂ ਵਿੱਚੋ ਦੋ ਅਰੋਪੀਆਂ (ਜਾਅਲੀ ਪੱਤਰਕਾਰਾਂ ਅਤੇ Fake ਵਿਜੀਲੈਂਸ ਅਫ਼ਸਰਾਂ) ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ।
ਇਸ ਮਾਮਲੇ ’ਚ ਦੋ ਮੁਲਜ਼ਮ ਫਿਲਹਾਲ ਫਰਾਰ ਦੱਸੇ ਜਾ ਰਹੇ ਹਨ। ਜਲਦੀ ਹੀ ਉਨ੍ਹਾਂ ਨੂੰ ਵੀ ਕਾਬੂ ਕਰਕੇ ਫਿਰੌਤੀ ਦੀ ਰਕਮ ਵੀ ਬਰਾਮਦ ਕਰਨ ਦਾ ਦਾਅਵਾ ਪੁਲਿਸ ਵਲੋਂ ਕੀਤਾ ਗਿਆ ਹੈ।
ਇਸ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਵਰਿੰਦਰ ਸਿੰਘ ਖੋਸਾ ਨੇ ਦਸਿਆ ਕਿ 13 ਅਕਤੂਬਰ ਨੂੰ ਇਹ ਚਾਰੇ ਜਨੇ ਆਪਣੀ ਪਾਇਪ ਦੀ ਫੈਕਟਰੀ ਲਈ ਬਿਜਲੀ ਕੁਨੈਕਸ਼ਨ ਲੈਣ ਦੀ ਜਾਣਕਾਰੀ ਲੈਣ ਲਈ ਐਸਡੀਓ ਅਤੇ ਜੇਈ ਨੂੰ ਮਿਲੇ ਅਤੇ ਉਨ੍ਹਾਂ ਨਾਲ ਸਾਰੀ ਗੱਲ ਖੋਲ੍ਹ ਲਈ ਅਤੇ ਫਿਰ ਉਨ੍ਹਾਂ ਨੂੰ ਕਹਿਣ ਲੱਗੇ ਕਿ ਅਸੀਂ ਵਿਜੀਲੈਂਸ ਤੋਂ ਆਏ ਹਾਂ ਅਤੇ ਤੁਸੀ ਆਪਣੇ ਐਕਸੀਅਨ ਨਾਲ ਮਿਲਕੇ ਰਿਸ਼ਵਤ ਲੈਂਦੇ ਹੋ ਅਤੇ ਇਹੋ ਜਿਹੀਆਂ ਗੱਲ੍ਹਾਂ ਕਰਕੇ ਉਨ੍ਹਾਂ ਦੋਵੇਂ ਅਫ਼ਸਰਾਂ ਨੂੰ ਧੱਕੇ ਨਾਲ ਆਪਣੀ ਇਨੋਵਾ ਗੱਡੀ ਵਿੱਚ ਬਿਠਾ ਕੇ ਲੁਧਿਆਣਾ ਵੱਲ ਨੂੰ ਲੈਂ ਗਏ ਤੇ ਰਸਤੇ ਵਿਚ ਪੂਰਾ ਮਾਮਲਾ ਰਫਾ ਦਫ਼ਾ ਕਰਨ ਲਈ 20 ਲੱਖ ਰੁਪਏ ਮੰਗਣ ਲੱਗ ਪਏ।
ਦੋਵੇਂ ਅਫ਼ਸਰਾਂ ਨੇ ਡਰਦੇ ਹੋਏ ਆਪਣੇ ਘਰੋਂ ਅਤੇ ਰਿਸ਼ਤੇਦਾਰਾਂ ਕੋਲੋਂ ਸੱਤ ਲੱਖ ਵੀਹ ਹਜਾਰ ਰੁਪਏ ਇਕੱਠੇ ਕਰਕੇ ਇਨ੍ਹਾ ਨੂੰ ਦੇ ਦਿੱਤੇ ਅਤੇ ਫਿਰ ਇਨਾਂ ਨੂੰ ਛੱਡ ਦਿੱਤਾ ਗਿਆ। ਜਿਸ ਦੇ ਚਲਦੇ ਦੋਵਾਂ ਨੇ ਫਿਰ ਪੁਲਿਸ ਨਾਲ ਸੰਪਰਕ ਕਰਕੇ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਪੁਲਿਸ ਨੇ ਉਸੇ ਦਿਨ ਤੋਂ ਇਨਾ ਚਾਰਾਂ ਅਰੋਪੀਆਂ ਦੀ ਭਾਲ ਸ਼ੁਰੂ ਕਰ ਦਿੱਤੀ।
ਦੋ ਪੁਲਿਸ ਨੇ ਕਾਬੂ ਕਰ ਲਏ ਹਨ ਤੇ ਹੁਣ ਇਨ੍ਹਾਂ ਦਾ ਰਿਮਾਂਡ ਲੈਂ ਕੇ ਅਗਲੀ ਪੁੱਛਗਿੱਛ ਕਰਕੇ ਫਰਾਰ ਦੋਵੇਂ ਅਰੋਪੀਆਂ ਨੂੰ ਵੀ ਕਾਬੂ ਕਰਕੇ ਫਿਰੌਤੀ ਦੀ ਰਕਮ ਵੀ ਬਰਾਮਦ ਕੀਤੀ ਜਾਵੇਗੀ। ਡੀਐਸਪੀ ਨੇ ਇਹ ਵੀ ਦੱਸਿਆ ਕਿ ਕਾਬੂ ਕੀਤੇ ਗਏ ਦੋਵੇਂ ਆਰੋਪੀ ਪਟਿਆਲਾ ਇਲਾਕੇ ਦੇ ਰਹਿਣ ਵਾਲੇ ਹਨ, ਏਨਾ ਕੋਲੋਂ ਫਰਜ਼ੀ ਪੱਤਰਕਾਰੀ ਦੇ ਕਾਰਡ ਵੀ ਮਿਲੇ ਹਨ।

