ਪੰਜਾਬ ‘ਚ ਡੀਏਪੀ ਖਾਦ ਦੀ ਕਿੱਲਤ..! ਕਿਸਾਨਾਂ ਲਈ ਕਣਕ ਬੀਜਣੀ ਹੋਈ ਔਖੀ
ਪੰਜਾਬ ‘ਚ ਡੀਏਪੀ ਖਾਦ ਦੀ ਕਿੱਲਤ..!
ਚੰਡੀਗੜ੍ਹ
ਪੰਜਾਬ ‘ਚ ਡੀਏਪੀ ਖਾਦ ਦੀ ਕਿੱਲਤ..! ਪੰਜਾਬ ਵਿੱਚ ਕੁੱਝ ਥਾਵਾਂ ਤੇ ਝੋਨਾ ਵੱਢਿਆ ਜਾ ਚੁੱਕਿਆ ਹੈ। ਕਈ ਕਿਸਾਨ ਆਪਣੀਆਂ ਜ਼ਮੀਨਾਂ ਵਿੱਚ ਕਣਕ ਦੀ ਬਿਜਾਈ ਕਰਨ ਵਾਸਤੇ ਡੀਏਪੀ ਖ਼ਾਦ ਲੱਭ ਰਹੇ ਹਨ, ਪਰ ਡੀਏਪੀ ਖ਼ਾਦ ਦੀ ਕਿੱਲਤ ਕਾਰਨ ਕਿਸਾਨਾਂ ਨੂੰ ਖਾਦ ਨਹੀਂ ਮਿਲ ਰਹੀ। ਦੂਜੇ ਪਾਸੇ ਸਮੱਸਿਆ ਇਹ ਹੈ ਕਿ ਪਰਾਲੀ ਦਾ ਹੱਲ ਤਾਂ ਸਰਕਾਰ ਦੁਆਰਾ ਕੀਤਾ ਨਹੀਂ ਜਾ ਰਿਹਾ, ਉਲਟਾ ਕਿਸਾਨਾਂ ਉੱਪਰ ਮੁਕੱਦਮੇ ਠੋਕੇ ਜਾ ਰਹੇ ਹਨ।
ਇਨ੍ਹਾਂ ਸਾਰੇ ਮਸਲਿਆਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੌੜ ਵੱਲੋਂ ਬਲਾਕ ਪ੍ਰਧਾਨ ਰਾਜਵਿੰਦਰ ਸਿੰਘ ਰਾਮਨਗਰ ਦੀ ਅਗਵਾਈ ਹੇਠ ਪਰਾਲੀ ਦੇ ਹੱਲ ਸਬੰਧੀ, ਡੀਏਪੀ ਦੀ ਕਿੱਲਤ ਅਤੇ ਮੰਡੀਆਂ ਵਿੱਚ ਝੋਨੇ ਦੀ ਖਰੀਦ ਸਬੰਧੀ ਐਸਡੀਐਮ ਮੌੜ ਅੱਗੇ ਇੱਕ ਰੋਜ਼ਾ ਸੰਕੇਤਕ ਧਰਨਾ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਮੌੜ ਨੇ ਕਿਹਾ ਕਿ ਸਰਕਾਰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਸਬੰਧੀ ਕਿਸਾਨਾਂ ਨੂੰ ਬੇਵਜ੍ਹਾ ਤੰਗ ਪ੍ਰੇਸ਼ਾਨ ਕਰਨਾ ਬੰਦ ਕਰੇ ਅਤੇ ਪਰਾਲੀ ਨੂੰ ਕਿਸਾਨਾਂ ਦੇ ਖੇਤਾਂ ਵਿਚੋਂ ਚੁੱਕਣ ਲਈ ਲੋੜੀਂਦੀ ਮਿਸ਼ਨਰੀ ਉਪਲੱਬਧ ਕਰਵਾਈ ਜਾਵੇ।
ਬਲਾਕ ਪ੍ਰਧਾਨ ਰਾਜਵਿੰਦਰ ਸਿੰਘ ਰਾਮਨਗਰ ਤੇ ਜਨਰਲ ਸਕੱਤਰ ਗੁਰਮੇਲ ਸਿੰਘ ਭੂੰਦੜ ਨੇ ਕਿਹਾ ਕਿ ਪੰਜਾਬ ਸਰਕਾਰ ਇਕ ਪਾਸੇ ਤਾਂ ਝੋਨੇ ਦੀ ਪਰਾਲੀ ਨੂੰ ਸੰਭਾਲਣ ਲਈ ਵੱਡੇ ਵੱਡੇ ਵਾਅਦੇ ਕਰ ਰਹੀ ਹੈ ਪਰ ਪਿੰਡਾਂ ਦੇ ਵਿੱਚ ਪਰਾਲੀ ਦੀਆਂ ਗੱਠਾਂ ਬੰਨਣ ਲਈ ਬੇਲਰਾਂ ਦਾ ਕੋਈ ਠੋਸ ਪ੍ਰਬੰਧ ਨਹੀਂ ਕੀਤਾ ਗਿਆ।
ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਕਿਸਾਨਾਂ ਨੂੰ ਪਰਾਲੀ ਸੰਭਾਲ ਸਬੰਧੀ ਕੀਤੀਆਂ ਲਾਭ ਹਦਾਇਤਾਂ ਦੀ ਪਾਲਣਾ ਨਾ ਕੀਤੀ ਤਾਂ ਮਜਬੂਰੀ ਵੱਸ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਤੇ ਕਾਰਵਾਈ ਕਰਨ ਵਾਲੇ ਅਧਿਕਾਰੀਆਂ ਦਾ ਸਖਤ ਵਿਰੋਧ ਕੀਤਾ ਜਾਵੇਗਾ ਜਿਸ ਦੀ ਜ਼ਿਮੇਵਾਰੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ।
ਕਿਸਾਨ ਆਗੂਆਂ ਨੇ ਕਿਹਾ ਕਿ ਅਜੇ ਤੱਕ ਤਾ ਸਰਕਾਰ ਵੱਲੋਂ ਡੀ ਏ ਪੀ ਦਾ ਵੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਜਿਸ ਦੀ ਬਜ਼ਾਰਾਂ ਵਿੱਚ ਕਾਲ਼ਾ ਬਜਾਰੀ ਹੋ ਰਹੀ ਹੈ ਅਤੇ ਕਿਸਾਨਾਂ ਨੂੰ ਰੇਹ ਦੇ ਨਾਲ ਹੋਰ ਵਾਧੂ ਸਮਾਨ ਨਾਲ ਲਾ ਕੇ ਲੁੱਟਿਆ ਜਾ ਰਿਹਾ ਹੈ।
ਜੇਕਰ ਸਰਕਾਰ ਤੇ ਪ੍ਰਸ਼ਾਸਨ ਨੇ ਆਉਣ ਵਾਲੇ ਦਿਨਾਂ ਵਿੱਚ ਇਸ ਵੱਲ ਨਾ ਧਿਆਨ ਦਿੱਤਾ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰੈਸ ਸਕੱਤਰ ਜਸਵੀਰ ਸਿੰਘ ਸੇਮਾ, ਬਲਾਕ ਆਗੂ ਗੁਰਦੀਪ ਸਿੰਘ ਮਾਈਸਰਖਾਨਾ, ਕਲਕੱਤਾ ਸਿੰਘ ਮਾਣਕ, ਗੁਰਜੀਤ ਸਿੰਘ ਬੰਗੇਹਰ, ਅਮ੍ਰਿਤ ਸਿੰਘ ਮੌੜ ਚੱੜਤ, ਭੋਲਾ ਸਿੰਘ ਮਾੜੀ, ਭੋਲਾ ਸਿੰਘ ਰਾਏ ਖਾਨਾ, ਸਿੰਕਦਰ ਸਿੰਘ,ਭਿੰਦਰ ਸਿੰਘ ਭਾਈ ਬਖਤੌਰ ਅਤੇ ਪਿੰਡਾਂ ਪ੍ਰਧਾਨ ਸਕੱਤਰ ਤੇ ਕਿਸਾਨ ਸ਼ਾਮਲ ਸਨ।

