ਪੰਜਾਬ ਸਰਕਾਰ ਵੱਲੋਂ ਕਰਮਚਾਰੀਆਂ ਦੀ ਤਨਖ਼ਾਹ ‘ਚ ਸਿਰਫ਼ 163 ਰੁਪਏ ਵਾਧਾ
ਚੰਡੀਗੜ੍ਹ-
ਪੰਜਾਬ ਸਰਕਾਰ ਵੱਲੋਂ ਕਰਮਚਾਰੀਆਂ ਦੀ ਤਨਖ਼ਾਹ ਵਿਚ ਸਿਰਫ਼ 163 ਰੁਪਏ ਵਾਧਾ ਕੀਤਾ ਗਿਆ ਹੈ। ਤਨਖ਼ਾਹ ਵਿਚ ਮਾਮੂਲੀ ਵਾਧੇ ਤੋਂ ਗੁੱਸੇ ਵਿਚ ਆਏ ਕਰਮਚਾਰੀਆਂ ਵਿਚ ਰੋਸ ਦੀ ਲਹਿਰ ਹੈ ਅਤੇ ਕਰਮਚਾਰੀ ਕਹਿ ਰਹੇ ਹਨ ਕਿ, ਇਹ ਉਨ੍ਹਾਂ ਦੇ ਨਾਲ ਕੋਝਾ ਮਜ਼ਾਕ ਹੈ।
ਏਬੀਪੀ ਦੀ ਖ਼ਬਰ ਮੁਤਾਬਿਕ, ਸਰਕਾਰ ਵੱਲੋਂ ਨੰਗਲ ਨਗਰ ਕੌਂਸਲ ਦੇ ਆਰਜ਼ੀ ਮੁਲਾਜ਼ਮਾਂ ਦੀ ਤਨਖਾਹ ਵਿੱਚ 163 ਰੁਪਏ ਪ੍ਰਤੀ ਮਹੀਨਾ ਵਾਧਾ ਕੀਤਾ ਗਿਆ ਹੈ। ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਨਗਰ ਕਰਮਚਾਰੀ ਯੂਨੀਅਨ ਨੰਗਲ ਦੇ ਪ੍ਰਧਾਨ ਕੌਸ਼ਲ ਕੁਮਾਰ ਦੀ ਅਗਵਾਈ ਹੇਠ ਸੋਮਵਾਰ ਨੂੰ ਰੋਸ ਰੈਲੀ ਕੱਢੀ ਗਈ।
ਇਸ ਤੋਂ ਬਾਅਦ ਐਸਡੀਐਮ ਨੰਗਲ ਅਨਮਜੋਤ ਕੌਰ ਰਾਹੀਂ ਕਿਰਤ ਵਿਭਾਗ ਦੇ ਕਾਰਜਸਾਧਕ ਅਫਸਰ, ਡੀਸੀ ਰੂਪਨਗਰ, ਨਗਰ ਕੌਂਸਲ ਦੇ ਨਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਵੀ ਭੇਜਿਆ ਗਿਆ। ਮੁਲਾਜ਼ਮਾਂ ਨੇ ਵਧੀ ਤਨਖ਼ਾਹ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਚੰਡੀਗੜ੍ਹ ਤੇ ਹਰਿਆਣਾ ਦੀ ਤਰਜ਼ ’ਤੇ ਤਨਖਾਹ ਦੇਣ ਦੀ ਮੰਗ ਕੀਤੀ ਹੈ।
ਯੂਨੀਅਨ ਆਗੂ ਕੌਸ਼ਲ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਗਰ ਕੌਂਸਲ ਦੇ ਆਰਜ਼ੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਮਹਿਜ਼ 163 ਰੁਪਏ ਪ੍ਰਤੀ ਮਹੀਨਾ ਵਾਧਾ ਕਰਕੇ ਕੋਰਾ ਮਜ਼ਾਕ ਕੀਤਾ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਮੁਲਾਜ਼ਮਾਂ ਨੂੰ ਪੰਜਾਬ ਦੀ ‘ਆਪ’ ਸਰਕਾਰ ਤੋਂ ਕਾਫੀ ਉਮੀਦਾਂ ਸਨ, ਪਰ ਉਹ ਪੂਰੀ ਤਰ੍ਹਾਂ ਠੁੱਸ ਹੁੰਦੇ ਨਜ਼ਰ ਆ ਰਹੇ ਹਨ।
ਆਰਜ਼ੀ ਮੁਲਾਜ਼ਮਾਂ ਦੀ ਤਨਖਾਹ ਘੱਟੋ-ਘੱਟ 20,000 ਰੁਪਏ ਹੋਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੇ ਪਰਿਵਾਰਕ ਖਰਚੇ ਅਤੇ ਬੱਚਿਆਂ ਦੀ ਪੜ੍ਹਾਈ ਦਾ ਧਿਆਨ ਰੱਖਿਆ ਜਾ ਸਕੇ। ਅਸਥਾਈ ਮੁਲਾਜ਼ਮਾਂ ਨੂੰ ਇਸ ਵੇਲੇ 10,000 ਰੁਪਏ ਤਨਖਾਹ ਮਿਲ ਰਹੀ ਹੈ। ਇੰਨੀ ਘੱਟ ਤਨਖਾਹ ਨਾਲ ਉਸ ਦੇ ਘਰੇਲੂ ਖਰਚੇ ਵੀ ਪੂਰੇ ਨਹੀਂ ਹੁੰਦੇ।