Teacher News- ਅਧਿਆਪਕਾਂ ਦੀਆਂ ਡਿਊਟੀਆਂ ‘ਤੇ ਪੰਜਾਬ ਸਰਕਾਰ ਨੇ ਲਿਆ ਯੂ-ਟਰਨ
Teacher News- ਅਧਿਆਪਕਾਂ ਦੀਆਂ ਡਿਊਟੀਆਂ ਉੱਤੇ ਪੰਜਾਬ ਸਰਕਾਰ ਨੇ ਇੱਕ ਹੋਰ ਯੂ-ਟਰਨ ਲਿਆ ਹੈ। ਦਰਅਸਲ, ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਵਾਸਤੇ ਅਧਿਆਪਕਾਂ ਤੇ ਹੋਰਨਾਂ ਮੁਲਾਜ਼ਮਾਂ ਦੀਆਂ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆ ਜਿਲ੍ਹਾ ਪ੍ਰਸਾਸ਼ਨ ਦੇ ਵੱਲੋਂ ਡਿਊਟੀਆਂ ਲਗਾਈਆਂ ਗਈਆਂ ਸੀ।
ਇਨ੍ਹਾਂ ਡਿਊਟੀਆਂ ਦਾ ਵੱਡੇ ਪੱਧਰ ‘ਤੇ ਅਧਿਆਪਕਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਅਧਿਆਪਕ (Teacher) ਕਹਿ ਰਹੇ ਸਨ ਕਿ, ਉਨ੍ਹਾਂ ਦਾ ਕੰਮ ਬੱਚਿਆਂ ਨੂੰ ਪੜ੍ਹਾਉਣਾ ਹੈ, ਨਾ ਕਿ ਕਿਸਾਨਾਂ ਨੁੰ ਪਰਾਲੀ ਸਾੜਨ ਤੋਂ ਰੋਕਣਾ। ਉਹ ਵੱਖ ਵੱਖ ਕੈਂਪਾਂ ਰਾਹੀਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਅਪੀਲ ਕਰ ਸਕਦੇ ਹਨ।
ਪਰ, ਖੇਤਾਂ ਦੇ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਵਿੱਚ ਅਸਮਰੱਥ ਹੋਣਗੇ। ਅਧਿਆਪਕਾਂ ਦੇ ਵਿਰੋਧ ਦੇ ਚੱਲਦਿਆਂ ਹੋਇਆ ਜਿੱਥੇ ਵੱਖੋ ਵੱਖ ਜਿਲ੍ਹਾ ਪ੍ਰਸਾਸ਼ਨਿਕ ਅਧਿਕਾਰੀਆਂ (ਡੀਸੀਜ਼ ਅਤੇ ਐਸਡੀਐਮ) ਦੇ ਵੱਲੋਂ ਆਪਣੇ ਜਾਰੀ ਹੁਕਮ ਵਾਪਸ ਲਏ।
ਉੱਥੇ ਹੀ ਅਧਿਆਪਕਾਂ ਨੂੰ ਦਿੱਤੇ ਨੋਟਿਸ ਵੀ ਵਾਪਸ ਲੈਣ ਦਾ ਫ਼ੈਸਲਾ ਕੀਤਾ। ਦੱਸ ਦਈਏ ਕਿ ਪੰਜਾਬ ਸਰਕਾਰ ਦੇ ਮੰਤਰੀਆਂ ਅੱਗੇ ਅਧਿਆਪਕਾਂ ਪਹਿਲਾਂ ਹੀ ਇਨ੍ਹਾਂ ਡਿਊਟੀਆਂ ਅਤੇ ਨੋਟਿਸਾਂ ਦਾ ਮੁੱਦਾ ਰੱਖ ਚੁੱਕੇ ਹਨ ਕਿ, ਪਰ ਹੁਣ ਜਦੋਂ ਅਧਿਆਪਕਾਂ ਨੇ ਸਰਕਾਰ ਵਿਰੁੱਧ ਰੋਸ ਪ੍ਰਗਟਾਇਆ ਹੈ ਤਾਂ, ਸਰਕਾਰ ਨੂੰ ਆਪਣਾ ਫ਼ੈਸਲਾ ਬਦਲਣਾ ਪਿਆ ਹੈ।
ਪੰਜਾਬ ਭਰ ਦੇ ਪ੍ਰਸਾਸ਼ਨਿਕ ਅਧਿਕਾਰੀਆਂ ਨੇ ਅਧਿਆਪਕਾਂ ਨੂੰ ਲਿਖਤੀ ਭਰੋਸੇ ਦੇਣੇ ਸ਼ੁਰੂ ਕਰ ਦਿੱਤੇ ਹਨ ਅਤੇ ਡਿਊਟੀਆਂ ਕੱਟ ਕੇ ਅਧਿਆਪਕਾਂ ਨੂੰ ਸਕੂਲ ਭੇਜਣ ਦਾ ਹੁਕਮ ਜਾਰੀ ਕਰ ਦਿੱਤਾ ਹੈ। ਅਧਿਆਪਕ ਸਰਕਾਰ ਤੇ ਪ੍ਰਸਾਸ਼ਨ ਦੇ ਇਸ ਯੂ-ਟਰਨ ਨੂੰ ਆਪਣੀ ਜਿੱਤ ਦੱਸ ਰਹੇ ਹਨ।

