Punjab News- ਸਿੱਖਿਆ ਮੰਤਰੀ ਨੇ ਅਧਿਆਪਕਾਂ ਤੋਂ ਗ਼ੈਰ-ਵਿੱਦਿਅਕ ਕੰਮ ਨਾ ਲੈਣ ਦੀ ਕੀਤੀ ਸੀ ਹਦਾਇਤ, ਮੰਤਰੀ ਜੀ ਦੇ ਹੁਕਮ ਨਹੀਂ ਮੰਨ ਰਿਹਾ ਚੋਣ ਕਮਿਸ਼ਨ
Punjab News- ਅਧਿਆਪਕਾਂ ਦੀਆਂ BLO ਡਿਊਟੀਆਂ ਨਾ ਲਾਉਣ ਸਬੰਧੀ ਐੱਸ.ਡੀ.ਐੱਮ. ਨੂੰ ਦਿੱਤਾ ਮੰਗ ਪੱਤਰ,
Punjab News- ਸਿੱਖਿਆ ਮੰਤਰੀ ਪੰਜਾਬ ਹਰਜੋਤ ਬੈਂਸ ਨੇ ਮਾਰਚ 2023 ਵਿੱਚ ਅਧਿਕਾਰੀਆਂ ਨੂੰ ਇੱਕ ਪੱਤਰ ਜਾਰੀ ਕਰਕੇ ਇਹ ਕਿਹਾ ਸੀ ਕਿ ਅਧਿਆਪਕਾਂ ਤੋਂ ਬੱਚਿਆਂ ਨੂੰ ਪੜ੍ਹਾਉਣ ਤੋਂ ਇਲਾਵਾ ਕੋਈ ਵੀ ਗ਼ੈਰ-ਵਿੱਦਿਅਕ ਕੰਮ ਨਾ ਲਿਆ ਜਾਵੇ, ਪਰ ਮੌਜ਼ੂਦਾ ਸਮੇਂ ਵਿੱਚ ਮੰਤਰੀ ਦਾ ਇਹ ਹੁਕਮ ਕੋਈ ਵੀ ਅਧਿਕਾਰੀ ਮੰਨਣ ਤੋਂ ਇਨਕਾਰ ਕਰ ਰਿਹਾ ਹੈ।
ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਕਮ SDM ਸੁਨਾਮ ਵੱਲੋਂ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀਆਂ ਬੀ.ਐੱਲ.ਓ. ਡਿਊਟੀਆਂ ਲਾਉਣ ਦੇ ਵਿਰੋਧ ਵਿੱਚ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਬਲਾਕ ਚੀਮਾ ਅਤੇ ਸੁਨਾਮ-1 ਇਕਾਈ ਅਤੇ 6505 ਅਧਿਆਪਕ ਯੂਨੀਅਨ ਬਲਾਕ ਚੀਮਾ ਦਾ ਵਫ਼ਦ ਉਕਤ ਅਧਿਕਾਰੀ ਨੂੰ ਮਿਲਿਆ।
ਜਾਣਕਾਰੀ ਦਿੰਦਿਆਂ ਡੀ.ਟੀ.ਐੱਫ. ਦੇ ਬਲਾਕ ਚੀਮਾ ਦੇ ਪ੍ਰਧਾਨ ਜਸਬੀਰ ਨਮੋਲ,ਬਲਾਕ ਸੁਨਾਮ -1 ਦੇ ਪ੍ਰਧਾਨ ਰਵਿੰਦਰ ਸਿੰਘ ਅਤੇ 6505 ਅਧਿਆਪਕ ਯੂਨੀਅਨ ਦੇ ਚਮਕੌਰ ਸਿੰਘ ਨੇ ਕਿਹਾ ਕਿ ਵਫ਼ਦ ਨੇ ਮੰਗ ਪੱਤਰ ਅਤੇ ਗੱਲਬਾਤ ਰਾਹੀਂ ਸਾਰੇ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਬੀ.ਐੱਲ.ਓ. ਡਿਊਟੀਆਂ ਉਹਨਾਂ ਦੀ ਗਿਣਤੀ ਦੇ ਅਨੁਪਾਤ ਵਿੱਚ ਲਾਉਣ, ਸਕੱਤਰ ਸਕੂਲ ਸਿੱਖਿਆ ਦੇ ਪੱਤਰ ਅਨੁਸਾਰ ਸਿੱਖਿਆ ਵਿਭਾਗ ਵਿੱਚੋਂ ਅਧਿਆਪਕਾਂ ਦੀ ਬਜਾਏ ਨਾਨ ਟੀਚਿੰਗ ਸਟਾਫ਼ ਦੀ ਇਹ ਡਿਊਟੀ ਲਾਉਣ।
ਮੁੱਖ ਵਿਸ਼ਿਆਂ ਸਾਇੰਸ,ਗਣਿਤ,ਅੰਗਰੇਜ਼ੀ,ਸਮਾਜਿਕ ਸਿੱਖਿਆ,ਪੰਜਾਬੀ ਅਤੇ ਹਿੰਦੀ ਦੇ ਅਧਿਆਪਕਾਂ ਦੀ ਇਹ ਡਿਊਟੀ ਬਿਲਕੁਲ ਨਾ ਲਾਉਣ ਅਤੇ ਇਸਤਰੀ ਅਧਿਆਪਕਾਂ ਦੀ ਡਿਊਟੀ ਨਾ ਲਾਉਣ ਦੀ ਮੰਗ ਕੀਤੀ। ਵਫ਼ਦ ਵੱਲੋਂ ਸਿੱਖਿਆ ਮੰਤਰੀ ਪੰਜਾਬ ਦੇ ਮਾਰਚ 2023 ਦੇ ਪੱਤਰ ਦਾ ਹਵਾਲਾ ਵੀ ਦਿੱਤਾ ਗਿਆ।
ਜਿਸ ਵਿੱਚ ਉਹਨਾਂ ਨੇ ਅਧਿਕਾਰੀਆਂ ਨੂੰ ਅਧਿਆਪਕਾਂ ਤੋਂ ਬੱਚਿਆਂ ਨੂੰ ਪੜ੍ਹਾਉਣ ਤੋਂ ਇਲਾਵਾ ਕੋਈ ਵੀ ਗ਼ੈਰ-ਵਿੱਦਿਅਕ ਕੰਮ ਨਾ ਲੈਣ ਦੀ ਹਿਦਾਇਤ ਕੀਤੀ ਸੀ। ਐੱਸ.ਡੀ.ਐੱਮ ਵੱਲੋਂ ਇਸ ਸਬੰਧੀ ਯੋਗ ਕਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ। ਵਫ਼ਦ ਵਿੱਚ ਉਕਤ ਆਗੂਆਂ ਤੋਂ ਇਲਾਵਾ ਸੀਨੀਅਰ ਆਗੂ ਬਲਬੀਰ ਲੌਂਗੋਵਾਲ,ਚੰਦਰ ਸ਼ੇਖਰ, ਬਲਜੀਤ ਸ਼ੇਰੋਂ, ਅਸ਼ੋਕ ਦੀਨ, ਤਰਸੇਮ ਸਿੰਘ, ਸਤਵਿੰਦਰ ਸਿੰਘ ਅਤੇ ਹਰਜੀਤ ਕੌਰ ਸ਼ਾਮਿਲ ਸਨ।

