Punjab News- ਕਿਰਤ ਦੀ ਲਹਿਰ ਨੂੰ ਮਜ਼ਬੂਤ ਕਰਕੇ ਹੀ ਮਜ਼ਦੂਰ ਵਰਗ ਖਿਲਾਫ ਹੋ ਰਹੇ ਹਮਲਿਆਂ ਨੂੰ ਰੋਕਿਆ ਜਾ ਸਕਦੈ- ਕਾਮਰੇਡ ਜਗਰੂਪ
Punjab News- ਟਰਾਂਸਪੋਰਟ ਕਾਮਿਆਂ ਦੇ ਦੂਰ ਅੰਦੇਸ਼ ਸੂਬਾਈ ਆਗੂ ਸਵ. ਸਾਥੀ ਬਲਵਿੰਦਰ ਸਿੰਘ ਸੰਧੂ ਦੇ ਸੰਘਰਸ਼ਮਈ ਜੀਵਨ ਤੋਂ ਪ੍ਰੇਰਨਾ ਲੈਣ ਦੀ ਲੋੜ- ਕਾਮਰੇਡ ਨਿਰਮਲ ਸਿੰਘ ਧਾਲੀਵਾਲ
Punjab News- ਰੋਡਵੇਜ਼ ਮੁਲਾਜ਼ਮਾਂ, ਪੈਨਸ਼ਨਰਾਂ, ਮਜ਼ਦੂਰਾਂ ਅਤੇ ਕਈ ਹੋਰ ਜਥੇਬੰਦੀਆਂ ਨੇ ਮੋਗਾ ਵਿਖੇ ਮਨਾਇਆ 22ਵਾਂ ਬਰਸੀ ਸਮਾਗਮ
Punjab News- ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ ਯੂਨੀਅਨ ਏਟਕ ਦੇ ਸਾਬਕਾ ਪ੍ਰਮੁੱਖ ਆਗੂ ਸਵ . ਸਾਥੀ ਬਲਵਿੰਦਰ ਸਿੰਘ ਸੰਧੂ ਦਾ 22ਵਾਂ ਬਰਸੀ ਸਮਾਗਮ ਅੱਜ ਸਥਾਨਕ ਸ਼ਹੀਦ ਕਾ.ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਭਵਨ ਵਿਖੇ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।
ਸਭ ਤੋਂ ਪਹਿਲਾਂ ਪੰਜਾਬ ਏਟਕ ਦੇ ਸੂਬਾਈ ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਰੋਜ਼ਗਾਰ ਪ੍ਰਾਪਤੀ ਮੁਹਿੰਮ ਦੇ ਸੂਬਾ ਸਲਾਹਕਾਰ ਕਾਮਰੇਡ ਜਗਰੂਪ ਸਿੰਘ , ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਗੁਰਜੰਟ ਸਿੰਘ ਕੋਕਰੀ, ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਸੂਬਾਈ ਮੁੱਖ ਜਥੇਬੰਦਕ ਸਕੱਤਰ ਅਵਤਾਰ ਸਿੰਘ ਤਾਰੀ, ਬਲਰਾਜ ਸਿੰਘ ਭੰਗੂ ਤੇ ਸੂਬਾ ਜਨਰਲ ਸਕੱਤਰ ਪ੍ਰੇਮ ਚਾਵਲਾ, ਡਾਕਟਰ ਇੰਦਰਵੀਰ ਗਿੱਲ ਸੂਬਾ ਮੀਤ ਪ੍ਰਧਾਨ ਐਪਸੋ, ਨਰੇਗਾ ਮਜ਼ਦੂਰਾਂ ਦੇ ਸੂਬਾਈ ਆਗੂ ਜਗਸੀਰ ਸਿੰਘ ਖੋਸਾ, ਪੈਨਸ਼ਨਰ ਆਗੂ ਬਚਿੱਤਰ ਸਿੰਘ ਧੋਥੜ, ਪੋਹਲਾ ਸਿੰਘ ਬਰਾੜ, ਪਾਵਰ ਕਾਮ ਪੈਨਸ਼ਨਰ ਆਗੂ ਗੁਰਮੇਲ ਸਿੰਘ ਨਾਹਰ , ਕਾਮਰੇਡ ਦਰਸ਼ਨ ਲਾਲ , ਇੰਜੀਨੀਅਰ ਸਵਰਨ ਸਿੰਘ ਖੋਸਾ,ਕਾ.ਗੁਰਮੀਤ ਸਿੰਘ ਧਾਲੀਵਾਲ,ਹਰਪਾਲ ਸਿੰਘ ਐਡਵੋਕੇਟ ਅਤੇ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਸੂਬਾਈ ਆਗੂ ਸੁਰਿੰਦਰ ਸਿੰਘ ਬਰਾੜ ਨੇ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੀ ਫੋਟੋ ਸਾਹਮਣੇ ਨਾਹਰਿਆਂ ਦੀ ਗੂੰਜ ਵਿੱਚ ਫੁੱਲ ਅਰਪਣ ਕੀਤੇ ਗਏ।
ਇਸ ਮੌਕੇ ਤੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਸਾਥੀ ਬਲਵਿੰਦਰ ਸਿੰਘ ਸੰਧੂ ਦੇ ਸੰਘਰਸ਼ਮਈ ਜੀਵਨ ਬਾਰੇ ਵਿਸਥਾਰ ਸਹਿਤ ਰੋਸ਼ਨੀ ਪਾਈ। ਉਹਨਾਂ ਕਿਹਾ ਕਿ ਅੱਜ ਦੀਆਂ ਹੁਕਮਰਾਨ ਸਰਕਾਰਾਂ ਕਾਰਪੋਰੇਟ ਸੈਕਟਰ ਦੇ ਦਬਾਅ ਹੇਠ ਲਗਾਤਾਰ ਲੋਕ, ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਨੀਤੀਆਂ ਲਾਗੂ ਕਰ ਰਹੀਆਂ ਹਨ।
ਉਹਨਾਂ ਅੱਗੇ ਕਿਹਾ ਕਿ ਕਿਰਤ ਦੀ ਧਿਰ ਨੂੰ ਮਜਬੂਤ ਕਰਕੇ ਹੀ ਇਹਨਾਂ ਨੀਤੀਆਂ ਦਾ ਜਵਾਬ ਤਿੱਖੇ ਸੰਘਰਸ਼ਾਂ ਰਾਹੀਂ ਹੀ ਦਿੱਤਾ ਜਾ ਸਕਦਾ ਹੈ। ਉਹਨਾਂ ਸੱਦਾ ਦਿੱਤਾ ਕਿ ਕੇਂਦਰੀ ਹੁਕਮਰਾਨ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ 9 ਜੁਲਾਈ ਦੀ ਦੇਸ਼ ਵਿਆਪੀ ਹੜਤਾਲ ਨੂੰ ਸਫਲ ਬਣਾਉਣ ਅਤੇ ਹੋਣ ਵਾਲੀਆਂ ਵੱਖ ਵੱਖ ਪੱਧਰ ਦੀਆਂ ਰੈਲੀਆਂ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।
ਆਪਣੇ ਸੰਬੋਧਨ ਵਿੱਚ ਰੋਜ਼ਗਾਰ ਪ੍ਰਾਪਤੀ ਮੁਹਿੰਮ ਦੇ ਸੂਬਾ ਸਲਾਹਕਾਰ ਕਾਮਰੇਡ ਜਗਰੂਪ ਸਿੰਘ ਨੇ ਕਿਹਾ ਕਿ ਕਾਮਰੇਡ ਬਲਵਿੰਦਰ ਸਿੰਘ ਸੰਧੂ ਇੱਕ ਦੂਰ ਅੰਦੇਸ਼ ਅਤੇ ਆਪਣੀ ਗੱਲ ਨੂੰ ਦਲੇਰੀ ਨਾਲ ਕਹਿਣ ਦੀ ਜ਼ੁਅਰਤ ਰੱਖਦੇ ਸਨ। ਉਹਨਾਂ ਮੌਜੂਦਾ ਦੌਰ ਦੌਰਾਨ ਟਰੇਡ ਯੂਨੀਅਨ ਲਹਿਰ ਨੂੰ ਸਾਡੀ ਕਿਰਤ ਸ਼ਕਤੀ ਦਾ ਵੱਧ ਮੁੱਲ ਕਿਵੇਂ ਲੈਣਾ ਹੈ, ਇਸ ਬਾਰੇ ਸਾਨੂੰ ਸਾਰਿਆਂ ਨੂੰ ਸੋਚਣਾ ਅਤੇ ਅਗਲੇ ਕਦਮ ਉਠਾਉਣੇ ਚਾਹੀਦੇ ਹਨ। ਉਹਨਾਂ ਅੱਗੇ ਕਿਹਾ ਕਿ ਆਰਟੀਫਿਸ਼ਅਲ ਇੰਟੈਲੀਜੈਂਸੀ ( ਏ ਆਈ ) ਨੇ ਸਾਡੀਆਂ ਬੌਧਿਕਤਾ ਤੇ ਕਬਜ਼ਾ ਕਰ ਲਿਆ ਹੈ।
ਵੱਖ ਵੱਖ ਬੁਲਾਰਿਆਂ ਨੇ ਸਾਥੀ ਬਲਵਿੰਦਰ ਸਿੰਘ ਸੰਧੂ ਦੇ ਜੀਵਨ ਬਾਰੇ ਵਿਸਥਾਰ ਸਹਿਤ ਰੋਸ਼ਨੀ ਪਾਈ ਅਤੇ ਕੇਂਦਰੀ ਹੁਕਮਰਾਨ ਮੋਦੀ ਸਰਕਾਰ ਅਤੇ ਪੰਜਾਬ ਵਿੱਚ ਹੁਕਮਰਾਨ ਭਗਵੰਤ ਮਾਨ ਸਰਕਾਰ ਦੀਆਂ ਲੋਕ , ਮੁਲਾਜ਼ਮ ਅਤੇ ਪੈਨਸ਼ਨਰ ਨੀਤੀਆਂ ਦੇ ਖਿਲਾਫ ਆਪਣੇ ਆਪ ਨੂੰ ਹੋਰ ਲਾਮਬੰਦ ਕਰਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਖ-ਵੱਖ ਏਰੀਅਰ ਬਿੱਲਾਂ , ਜੀ ਪੀ ਫੰਡ ਬਿੱਲਾਂ ਅਤੇ ਲੀਵ ਇਨ ਕੈਸ਼ਮੈਂਟ ਦੇ ਬਿੱਲਾਂ ਦੀਆਂ ਅਦਾਇਗੀਆਂ ਨਾ ਕਰਨ ਦੀ ਖਿਲਾਫ ਆਪਣੇ ਰੋਸ ਦਾ ਪ੍ਰਗਟਾਵਾ ਕਰਨ ਲਈ ਪੰਜਾਬ ਪੈਨਸ਼ਨਰਜ਼ ਯੂਨੀਅਨ ਵੱਲੋਂ 3 ਜੁਲਾਈ ਦਿਨ ਵੀਰਵਾਰ ਨੂੰ ਪੰਜਾਬ ਵਿੱਚ ਸਾਰੇ ਖਜ਼ਾਨਾ ਦਫ਼ਤਰਾਂ ਸਾਹਮਣੇ ਵਿੱਤ ਮੰਤਰੀ ਪੰਜਾਬ ਦੀਆਂ ਅਰਥੀਆਮ ਫੂਕੀਆਂ ਜਾਣਗੀਆਂ।
ਇਸ ਐਕਸ਼ਨ ਵਿੱਚ ਵੱਡੀ ਗਿਣਤੀ ਵਿੱਚ ਪੈਨਸ਼ਨਰਜ਼ ਸਾਥੀ ਸ਼ਾਮਿਲ ਹੋ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਨਗੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਨਸੀਬ ਸਿੰਘ ਜੜੋਤ , ਮਹਿੰਦਰ ਸਿੰਘ, ਹਰਬੰਸ ਸਿੰਘ ਰੋਪੜ , ਪ੍ਰਿਤਪਾਲ ਸਿੰਘ ਪੰਡੋਰੀ , ਸਤਪਾਲ ਸਿੰਘ ਸਹਿਗਲ, ਅਜਮੇਰ ਸਿੰਘ ਦੱਦਾਹੂਰ, ਇਕਬਾਲ ਸਿੰਘ ਢੁੱਡੀ, ਸੋਮ ਨਾਥ ਅਰੋੜਾ, ਜਗਦੀਸ਼ ਸਿੰਘ ਜਗਰਾਉਂ, ਅਜੇ ਸਨੌਤਰਾ, ਸਵਰਨ ਸਿੰਘ ਤਰਨ ਤਾਰਨ, ਮਨਜੀਤ ਸਿੰਘ ਮਨਸੂਰਾਂ, ਦਰਸ਼ਨ ਸਿੰਘ ਥਰੀਕੇ, ਸੰਤੋਖ ਸਿੰਘ, ਗੁਰਮੁਖ ਸਿੰਘ , ਦਵਿੰਦਰ ਪਾਲ ਸਿੰਘ ਜਲੰਧਰ , ਗੁਰਦੀਪ ਸਿੰਘ ਮੁੱਲਾਪੁਰ,ਕਾ. ਰਾਜਵੀਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਮੋਗਾ, ਸਤਨਾਮ ਸਿੰਘ ਸਿਵੀਆਂ ,ਓਮ ਪ੍ਰਕਾਸ਼ ਫਿਰੋਜਪੁਰ, ਬੱਬੂ ਫਿਰੋਜ਼ਪੁਰ, ਨਛੱਤਰ ਸਿੰਘ ਭਾਣਾ, ਕੁਲਦੀਪ ਸਿੰਘ ਸਹਿਦੇਵ , ਬੂਟਾ ਸਿੰਘ ਭੱਟੀ ਆਦਿ ਹਾਜ਼ਰ ਸਨ।

