ਭਾਜਪਾ ਨੂੰ ਵੱਡਾ ਝਟਕਾ! ਸੀਨੀਅਰ ਲੀਡਰ ਸਮੇਤ ਕਈ ਆਗੂ AAP ‘ਚ ਸ਼ਾਮਲ
ਕਈ ਹੋਰ ਕਾਂਗਰਸੀ ਅਤੇ ਭਾਜਪਾ ਆਗੂ ਪਾਰਟੀ ਵਿਚ ਸ਼ਾਮਲ, ਸੂਬਾ ਪ੍ਰਧਾਨ ਅਮਨ ਅਰੋੜਾ ਨੇ ਸਾਰੇ ਆਗੂਆਂ ਦਾ ਕੀਤਾ ਸਵਾਗਤ
ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹੋਵੇਗੀ ਵੱਡੀ ਜਿੱਤ – ਅਮਨ ਅਰੋੜਾ
ਪੰਜਾਬ ਨੈੱਟਵਰਕ, ਲੁਧਿਆਣਾ
ਆਮ ਆਦਮੀ ਪਾਰਟੀ (ਆਪ) ਨੂੰ ਲੁਧਿਆਣਾ ਵਿੱਚ ਇੱਕ ਹੋਰ ਮਜਬੂਤੀ ਮਿਲੀ ਹੈ। ਆਤਮ ਨਗਰ ਦੇ ਸਾਬਕਾ ਕਾਂਗਰਸ ਹਲਕਾ ਇੰਚਾਰਜ ਅਤੇ ਭਾਜਪਾ ਦੇ ਮੌਜੂਦਾ ਆਗੂ ਕਮਲਜੀਤ ਸਿੰਘ ਕੜਵਲ ਵੀਰਵਾਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਕਮਲਜੀਤ ਸਿੰਘ ਦੇ ਨਾਲ ਕਈ ਹੋਰ ਕਾਂਗਰਸੀ ਅਤੇ ਭਾਜਪਾ ਆਗੂ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਸਾਬਕਾ ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਗੋਪੀ, ਕਾਂਗਰਸੀ ਆਗੂ ਸੁਖਵਿੰਦਰ ਸਿੰਘ ਕੋਛੜ, ਬਲਜਿੰਦਰ ਸਿੰਘ ਕਾਲੋ, ਲੋਕ ਇਨਸਾਫ਼ ਪਾਰਟੀ ਦੇ ਆਗੂ ਵਿਕਰਾਂਤ ਸ਼ਰਮਾ, ਸਾਬਕਾ ਭਾਜਪਾ ਕੌਂਸਲਰ ਰਣਜੀਤ ਸਿੰਘ ਉੱਭੀ, ਬਲਜਿੰਦਰ ਸਿੰਘ ਕਾਹਲੋ, ਮੌਜੂਦਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਗਜੀਤ ਸਿੰਘ ਭਾਮ ਅਤੇ ਭਾਜਪਾ ਆਗੂ ਦਵਿੰਦਰ ਸਿੰਘ ਵਾਲੀਆ, ਸੁਖਵੰਤ ਸਿੰਘ ਉੱਭੀ, ਰਵੀ ਸ਼ਰਮਾ ਨੀਟਾ, ਰਣਵੀਰ ਸਿੰਘ ਉੱਭੀ ਪ੍ਰੀਤ ਗੁਡਾਣੀ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।
ਸਾਰੇ ਆਗੂਆਂ ਨੂੰ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਚੰਡੀਗੜ੍ਹ ਪਾਰਟੀ ਦਫ਼ਤਰ ਵਿਖੇ ਰਸਮੀ ਤੌਰ ‘ਤੇ ਪਾਰਟੀ ‘ਚ ਸ਼ਾਮਲ ਕੀਤਾ ਅਤੇ ਉਨ੍ਹਾਂ ਦਾ ‘ਆਪ’ ਪਰਿਵਾਰ ‘ਚ ਸਵਾਗਤ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਵਿਧਾਇਕ ਦੇਵ ਮਾਨ, ਆਪ ਆਗੂ ਡਾ.ਸਨੀ ਆਹਲੂਵਾਲੀਆ ਅਤੇ ਪਾਰਟੀ ਦੇ ਸੀਨੀਅਰ ਬੁਲਾਰੇ ਨੀਲ ਗਰਗ ਹਾਜ਼ਰ ਸਨ।
ਅਮਨ ਅਰੋੜਾ ਨੇ ਸਮੂਹ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਹਰ ਪਾਸੇ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਵੱਖ-ਵੱਖ ਪਾਰਟੀਆਂ ਦੇ ਆਗੂਆਂ ਦਾ ਆਮ ਆਦਮੀ ਪਾਰਟੀ ਵਿੱਚ ਲਗਾਤਾਰ ਸ਼ਾਮਲ ਹੋਣਾ ਦਰਸਾਉਂਦਾ ਹੈ ਕਿ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੇ ਮੈਂਬਰਾਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।