Punjab News: ਕੀ ਪੰਜਾਬ ‘ਚ ਬਣੇਗਾ ਇੱਕ ਹੋਰ ਜ਼ਿਲ੍ਹਾ?

All Latest NewsNews FlashPunjab News

 

Punjab News : ਸ੍ਰੀ ਅਨੰਦਪੁਰ ਸਾਹਿਬ ਨੂੰ ਪੰਜਾਬ ਦਾ 24ਵਾਂ ਜ਼ਿਲ੍ਹਾ ਬਣਾਉਣ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਬਾਰ ਐਸੋਸੀਏਸ਼ਨ ਦੇ ਸਮੂਹ ਵਕੀਲਾਂ ਵੱਲੋਂ ਸ਼ਹਿਰ ਵਿੱਚ ਇੱਕ ਵਿਸ਼ਾਲ ਮਾਰਚ ਕੱਢਿਆ ਗਿਆ।

ਮਾਰਚ ਤਹਿਸੀਲ ਕੰਪਲੈਕਸ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋਇਆ ਅਤੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਤੇ ਗੁਰਦੁਆਰਾ ਸ਼੍ਰੀ ਸੀਸਗੰਜ ਸਾਹਿਬ ਵਿਖੇ ਅਰਦਾਸ ਕਰਕੇ ਸੰਪੰਨ ਕੀਤਾ ਗਿਆ।

ਮਾਰਚ ਦੌਰਾਨ ਵਕੀਲਾਂ ਨੇ ਹੱਥਾਂ ਵਿੱਚ ਬੈਨਰ ਫੜ ਕੇ ਅਤੇ ਨਾਅਰੇ ਲਗਾ ਕੇ ਪੰਜਾਬ ਸਰਕਾਰ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਤੁਰੰਤ ਜ਼ਿਲ੍ਹਾ ਘੋਸ਼ਿਤ ਕਰਨ ਦੀ ਮੰਗ ਕੀਤੀ।

ਉਨ੍ਹਾਂ ਦਾ ਕਹਿਣਾ ਸੀ ਕਿ ਇਤਿਹਾਸਕ, ਧਾਰਮਿਕ ਅਤੇ ਭੂਗੋਲਿਕ ਪੱਖੋਂ ਸ੍ਰੀ ਅਨੰਦਪੁਰ ਸਾਹਿਬ ਇਸ ਯੋਗਤਾ ਤੇ ਪੂਰਾ ਉਤਰਦਾ ਹੈ ਕਿ ਇਸਨੂੰ ਵੱਖਰਾ ਜ਼ਿਲ੍ਹਾ ਬਣਾਇਆ ਜਾਵੇ।

ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਇਹ ਮੌਕਾ ਸਰਕਾਰ ਲਈ ਸੁਨਹਿਰਾ ਹੈ ਕਿ ਉਹ ਇਤਿਹਾਸਕ ਨਗਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਪੰਜਾਬ ਦਾ 24ਵਾਂ ਜ਼ਿਲ੍ਹਾ ਘੋਸ਼ਿਤ ਕਰਕੇ ਸੰਗਤਾਂ ਦੀਆਂ ਚਿਰਾਂ ਤੋਂ ਚੱਲ ਰਹੀਆਂ ਉਮੀਦਾਂ ਨੂੰ ਪੂਰਾ ਕਰੇ।

ਉਨ੍ਹਾਂ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ 24 ਨਵੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ੍ਰੀ ਅਨੰਦਪੁਰ ਸਾਹਿਬ ਵਿੱਚ ਕਰਨ ਜਾ ਰਹੀ ਹੈ ਅਤੇ ਰਾਜ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਸਮਾਰੋਹ ਲਈ ਵਿਆਪਕ ਪ੍ਰੋਗਰਾਮ ਰੱਖੇ ਗਏ ਹਨ, ਉੱਥੇ ਹੀ ਇਹ ਸਭ ਤੋਂ ਉਚਿਤ ਸਮਾਂ ਹੈ ਕਿ ਇਸ ਧਾਰਮਿਕ ਤੇ ਇਤਿਹਾਸਕ ਸ਼ਹਿਰ ਨੂੰ ਜ਼ਿਲ੍ਹਾ ਦਰਜਾ ਦਿੱਤਾ ਜਾਵੇ।

ਵਕੀਲਾਂ ਨੇ ਇਸ ਗੱਲ ਉਤੇ ਵੀ ਜ਼ੋਰ ਦਿੱਤਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਭੂਗੋਲਿਕ ਸਥਿਤੀ, ਪਹਾੜੀ ਇਲਾਕਿਆਂ ਨਾਲ ਨਜ਼ਦੀਕੀ ਅਤੇ ਪ੍ਰਸ਼ਾਸਨਕ ਪੱਖੋਂ ਵਿਲੱਖਣ ਪਹਿਚਾਣ ਇਸਨੂੰ ਵੱਖਰੇ ਜ਼ਿਲ੍ਹੇ ਦੀ ਸ਼੍ਰੇਣੀ ਵਿੱਚ ਲਿਆਉਂਦੀ ਹੈ।

ਇਸ ਖੇਤਰ ਦੇ ਲੋਕਾਂ ਨੂੰ ਰੂਪਨਗਰ ਜ਼ਿਲ੍ਹੇ ਦੇ ਮੁੱਖ ਦਫ਼ਤਰ ਤੱਕ ਜਾਣ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿਲ੍ਹਾ ਦਰਜਾ ਮਿਲਣ ਨਾਲ ਪ੍ਰਸ਼ਾਸਨਕ ਕਾਰਜ, ਸਿਹਤ, ਸਿੱਖਿਆ ਤੇ ਵਿਕਾਸੀ ਪ੍ਰੋਗਰਾਮਾਂ ਦੀ ਗਤੀ ਤੇਜ਼ ਹੋਵੇਗੀ।

ਮਾਰਚ ਵਿੱਚ ਵਕੀਲਾਂ ਦੇ ਨਾਲ ਕਈ ਸਮਾਜਿਕ ਸੰਗਠਨਾਂ ਅਤੇ ਨੌਜਵਾਨਾਂ ਨੇ ਵੀ ਹਿੱਸਾ ਲਿਆ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਇੱਕ ਪ੍ਰਸ਼ਾਸਨਕ ਮੰਗ ਨਹੀਂ, ਸਗੋਂ ਸ੍ਰੀ ਅਨੰਦਪੁਰ ਸਾਹਿਬ ਦੀ ਇਤਿਹਾਸਕ ਮਹਾਨਤਾ ਨੂੰ ਸਨਮਾਨ ਦੇਣ ਵਾਲਾ ਕਦਮ ਹੋਵੇਗਾ। ਖ਼ਬਰ ਸ੍ਰੋਤ- ptc

 

Media PBN Staff

Media PBN Staff