ਵੱਡੀ ਖ਼ਬਰ: ਪੰਜਾਬ ‘ਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ, ਮੁਲਾਜ਼ਮ ਕਰਨਗੇ ਮੁਕੰਮਲ ਹੜਤਾਲ
Punjab Bus Strike: ਪੰਜਾਬ ਭਰ ‘ਚ ਡਿਪੂਆਂ ‘ਤੇ 17 ਨਵੰਬਰ ਨੂੰ ਕੀਤੀ ਜਾਵੇਗੀ ਹੜਤਾਲ- ਯੂਨੀਅਨ
Punjab Bus Strike: ਪੰਜਾਬ ‘ਚ ਸਰਕਾਰੀ ਬੱਸਾਂ ‘ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ। ਪੰਜਾਬ ਰੋਡਵੇਜ਼ ਪਨਬਸ /ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਵੱਲੋਂ 17 ਨਵੰਬਰ ਤੋਂ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ। ਯੂਨੀਅਨ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 17 ਨਵੰਬਰ ਨੂੰ ਪੰਜਾਬ ਭਰ ‘ਚ ਡਿਪੂਆਂ ‘ਤੇ ਹੜਤਾਲ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਬੁੱਧਵਾਰ, ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ‘ਤੇ ਸੰਯੁਕਤ ਸਕੱਤਰ ਨਵਰਾਜ ਸਿੰਘ ਬਰਾੜ ਦੇ ਨਾਲ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਸਮੇਤ ਯੂਨੀਅਨ ਦੀ ਮੀਟਿੰਗ ਹੋਈ, ਪਰ ਮੀਟਿੰਗ ਵਿੱਚ ਜਥੇਬੰਦੀ ਦੀਆਂ ਮੰਗਾਂ ‘ਤੇ ਵਿਚਾਰ-ਚਰਚਾ ਹੀ ਹੋ ਸਕੀ, ਨਤੀਜਾ ਕੋਈ ਨਹੀਂ ਨਿਕਲਿਆ।
ਅਧਿਕਾਰੀਆਂ ਵੱਲੋਂ ਹਰ ਵਾਰ ਦੀ ਤਰ੍ਹਾਂ ਮੰਗਾਂ ਦਾ ਹੱਲ ਕਰਨ ਦਾ ਲਾਰਾ ਲਾਉਂਦੇ ਹੋਏ ਜਲਦੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਪਰ ਕਿਸੇ ਵੀ ਮੰਗ ਨੂੰ ਅੱਜ ਪੂਰਾ ਨਹੀਂ ਕੀਤਾ ਗਿਆ।
ਇਸ ਤੋਂ ਇਲਾਵਾ ਜਥੇਬੰਦੀ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਅਤੇ ਅੱਜ ਤੱਕ ਪੀਆਰਟੀਸੀ ਦੀਆਂ ਤਨਖਾਹਾਂ ਜਾਰੀ ਨਾ ਕਰਨ, ਉਲਟਾ ਵਾਰ-ਵਾਰ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਲਿਆਂਦਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਮੂਹ ਡਿੱਪੂ ਕਮੇਟੀਆਂ ਧਿਆਨ ਦੇਣ ਸਰਕਾਰ ਅਤੇ ਮਨੇਜਮੈਂਟ ਵੋਲਵੋ ਅਤੇ HVAC, ਸਧਾਰਨ ਬੱਸਾਂ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਵਾਰ-ਵਾਰ ਲੈ ਕੇ ਆ ਰਹੀ ਹੈ ਅਤੇ ਸਰਕਾਰ ਤੇ ਮੈਨੇਜਮੈਂਟ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਦੇ ਲਈ ਅਤੇ ਵਿਭਾਗਾਂ ਦੀ ਲੁੱਟ ਕਰਵਾਉਣ ਦੇ ਲਈ ਤਿਆਰ ਬਰ-ਤਿਆਰ ਹੋ ਕੇ ਬੈਠੀ ਹੈ, ਜਿਸ ਨੂੰ ਲੈ ਕੇ 17 ਨਵੰਬਰ ਨੂੰ ਟੈਂਡਰ ਖੋਲ੍ਹੇ ਜਾ ਸਕਦੇ ਹਨ।
ਆਗੂਆਂ ਨੇ ਕਿਹਾ ਕਿ ਇਸ ਦੇ ਵਿਰੋਧ ਵਿੱਚ 17 ਨਵੰਬਰ 2025 ਨੂੰ 12 ਵਜੇ ਤੋਂ ਸਮੂਹ ਡਿਪੂਆਂ ਵਿੱਚ ਹੜਤਾਲ ਕੀਤੀ ਜਾਵੇਗੀ ਅਤੇ ਸ਼ਾਮ 2.00 ਵਜੇ ਚੈਅਰਮੈਨ ਪੀਆਰਟੀਸੀ ਦੀ ਰਿਹਾਇਸ਼ ‘ਤੇ ਰੋਸ ਪ੍ਰਦਸ਼ਨ ਕੀਤਾ ਜਾਵੇਗਾ।
ਅਗਲੇ ਦਿਨ ਵੱਡੀ ਗਿਣਤੀ ‘ਚ ਇਕੱਠੇ ਹੋ ਕੇ 18 ਨਵੰਬਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ‘ਤੇ ਪੱਕਾ ਰੋਸ ਧਰਨਾ ਦਿੱਤਾ ਜਾਵੇਗਾ। ਆਗੂਆਂ ਨੇ ਸਮੂਹ ਡਿਪੂਆਂ ਤੇ ਕਮੇਟੀਆਂ ਨੂੰ ਡੰਡੇ-ਝੰਡੇ ਤੇ ਫਲੈਕਸਾਂ ਸਮੇਤ ਪੱਕੇ ਧਰਨੇ ਦੀ ਪੂਰੀ ਤਿਆਰੀ ਕਰਕੇ ਚੰਡੀਗੜ੍ਹ ਵਿਖੇ ਪਹੁੰਚਣ ਦਾ ਸੱਦਾ ਦਿੱਤਾ ਹੈ।

