ਮਾਮਲਾ ਲੈਕਚਰਾਰ ਤੋਂ ਪ੍ਰਿੰਸੀਪਲ ਤਰੱਕੀਆਂ ਦਾ; ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੀ ਕੋਸ਼ਿਸ ਨੂੰ ਪਿਆ ਬੂਰ
ਉੱਚ ਅਧਿਕਾਰੀਆਂ ਵਲੋਂ 50 ਪ੍ਰਤੀਸ਼ਤ ਅੰਕਾਂ ਦੀ ਸ਼ਰਤ ਹਟਾਉਣ ਦਾ ਪੱਤਰ ਕੀਤਾ ਜਾਰੀ
ਜਲੰਧਰ
ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਹੈਡਮਾਸਟਰ ਤੇ ਲੈਕਚਰਾਰ ਤੋਂ ਬਤੌਰ ਪ੍ਰਿੰਸੀਪਲ 75% ਪ੍ਰਮੋਸ਼ਨ ਕੋਟੇ ਦੇ ਅਧਾਰ ਤਰੱਕੀਆਂ ਦੀ ਅਰਜ਼ੀਆਂ ਮੰਗੀਆਂ ਗਈਆਂ ਸਨ।ਪਰੰਤੂ ਤਰੱਕੀ ਕਰਨ ਲਈ ਪੋਸਟ ਗ੍ਰੇਜੁਏਸ਼ਨ ਡਿਗਰੀ ਵਿੱਚੋਂ 50% ਅੰਕ ਪ੍ਰਾਪਤ ਕਰਨ ਦੀ ਸ਼ਰਤ ਲਗਾਈ ਗਈ ਸੀ ਜੋ ਕਿ ਬਿਲਕੁਲ ਨਜਾਇਜ਼ ਸੀ।
ਇਸ ਸਬੰਧੀ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦਾ ਵਫ਼ਦ ਸਲਾਹਕਾਰ ਬਲਕਾਰ ਸਿੰਘ ਵਲਟੋਹਾ, ਸੁਰਿੰਦਰ ਕੁਮਾਰ ਪੁਆਰੀ ਸੂਬਾ ਪ੍ਰਧਾਨ,ਜਿੰਦਰ ਪਾਇਲਟ ਕਾਰਜਕਾਰੀ ਜਨਰਲ ਸਕੱਤਰ,ਟਹਿਲ ਸਿੰਘ ਸਰਾਭਾ ਪ੍ਰੈਸ ਸਕੱਤਰ,ਜਗਮੋਹਨ ਸਿੰਘ ਚੌਂਤਾ, ਰਾਕੇਸ਼ ਧਵਨ ਅਤੇ ਬਲਜਿੰਦਰ ਸਿੰਘ ਵਡਾਲੀ ਜੀ ਨੇ ਦੱਸਿਆ ਕਿ ਸੂਬਾ ਕਮੇਟੀ ਦੀ ਅਗਵਾਈ ਹੇਠ ਸਿੱਖਿਆ ਸਕੱਤਰ ਮਤੀ ਅਨੰਦਿਤਾ ਮਿੱਤਰਾ ਅਤੇ ਡਾਇਰੈਕਟਰ ਸੈਕੰਡਰੀ ਸਿੱਖਿਆ ਗੁਰਿੰਦਰ ਸਿੰਘ ਸੋਢੀ ਨੂੰ ਯੂਨੀਅਨ ਵੱਲੋਂ ਇੱਕ ਲਿਖਤੀ ਪੱਤਰ ਲੈ ਕੇ ਮਿਲਿਆ ਗਿਆ ਅਤੇ ਇਸ ਗ਼ਲਤ ਨਿਯਮ ਨਾਲ ਲਗੀ ਹੋਈ ਸ਼ਰਤ ਨੂੰ ਹਟਾਉਣ ਲਈ ਮੰਗ ਰੱਖੀ ਗਈ।ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਲਗਾਤਾਰ ਇਸ ਬੇਨਿਯਮੀ ਵਿਰੁੱਧ ਕਾਰਵਾਈ ਕੀਤੀ ਗਈ।ਜਿਸ ਵਿੱਚ ਲਗਾਤਾਰ ਡਾਇਰੈਕਟਰ ਸੈਕੰਡਰੀ ਸਿੱਖਿਆ,ਸਿੱਖਿਆ ਸਕੱਤਰ ਪੰਜਾਬ,ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਜੀ ਨੂੰ ਪੱਤਰ ਵੀ ਲਿਖੇ ਗਏ ਅਤੇ ਮੀਟਿੰਗਾਂ ਵੀ ਕੀਤੀਆਂ ਗਈਆਂ।
ਯੂਨੀਅਨ ਦੀ ਯੋਗ ਅਗਵਾਈ ਸਦਕਾ ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਪੱਤਰ ਜਾਰੀ ਕਰਕੇ ਸਪੱਸ਼ਟ ਕੀਤਾ ਗਿਆ ਕਿ ਪ੍ਰਿੰਸੀਪਲ ਦੀ ਪ੍ਰੋਮੋਸ਼ਨ ਦੀ ਅਸਾਮੀ ਲਈ ਪੋਸਟ ਗ੍ਰੇਜੁਏਸ਼ਨ ਦੀ ਵਿੱਦਿਅਕ ਯੋਗਤਾ ਲੋੜੀਂਦੀ ਹੈ,ਪ੍ਰੰਤੂ ਪੋਸਟ ਗ੍ਰੈਜੁਏਸ਼ਨ ਵਿੱਚ ਜਨਰਲ ਕੈਟਾਗਰੀ ਲਈ ਘੱਟੋ-ਘੱਟ 50% ਅੰਕਾਂ ਦੀ ਸ਼ਰਤ ਅਤੇ ਐਸ.ਸੀ., ਐਸ.ਟੀ.,ਬੀ.ਸੀ., ਓ.ਬੀ.ਸੀ. ਅਤੇ ਦਿਵਿਆਂਗ ਕੈਟਾਗਰੀ ਲਈ 45% ਅੰਕਾਂ ਦੀ ਸ਼ਰਤ ਲਾਗੂ ਨਹੀਂ ਹੁੰਦੀ ਹੈ।
ਇਸ ਨਾਲ ਲੰਬੇ ਸਮੇਂ ਤੋਂ ਤਰੱਕੀ ਦੀ ਉਡੀਕ ਵਿੱਚ ਬੈਠੇ ਲੈਕਚਰਾਰ ‘ਤੇ ਹੈੱਡ ਮਾਸਟਰ ਨੂੰ ਤਰੱਕੀ ਮਿਲ ਸਕੇਗੀ ਅਤੇ ਤਰੱਕੀ ਰਾਹੀਂ ਭਰਨ ਵਾਲੀਆਂ 75 ਪ੍ਰਤੀਸ਼ਤ ਸਾਰੀਆਂ ਖਾਲੀ ਅਸਾਮੀਆਂ ਤੁਰੰਤ ਪਹਿਲਾਂ ਦੀ ਤਰ੍ਹਾਂ ਭਰੀਆਂ ਜਾਣਗੀਆਂ ਅਤੇ ਵੱਡੀ ਗਿਣਤੀ ਵਿੱਚ ਖਾਲੀ ਸਕੂਲਾਂ ਨੂੰ ਪ੍ਰਿੰਸੀਪਲ ਮਿਲ਼ ਜਾਣਗੇ। ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂਆਂ ਨੇ ਮੰਗ ਕੀਤੀ ਕਿ ਲੈਕਚਰਾਰ ਤੋਂ ਪ੍ਰਿੰਸੀਪਲ ਦੀਆਂ ਤਰੱਕੀਆਂ ਵਿੱਚ ਹੁਣ ਕੋਈ ਰੁਕਾਵਟ ਨਹੀਂ ਹੈ ਇਸ ਇਹ ਤਰੱਕੀਆਂ ਬਿਨਾਂ ਦੇਰੀ ਤੁਰੰਤ ਪ੍ਰਭਾਵ ਅਨੁਸਾਰ ਕੀਤੀਆਂ ਜਾਣ।

