ਪੰਜਾਬ ‘ਚ ਅਧਿਆਪਕਾਂ ਦੀਆਂ ਭਰਤੀਆਂ ਅੱਧ ਵਿਚਾਲੇ ਲਟਕੀਆਂ
ਸਰਕਾਰ 5994 ਅਸਾਮੀਆਂ ਦੀ ਬਕਾਇਆ ਰਹਿੰਦੀ ਭਰਤੀ ਤੁਰੰਤ ਪੂਰੀ ਕਰੇ-ਜੀ.ਐਸ.ਟੀ.ਯੂ.
ਜਲਾਲਾਬਾਦ (ਰਣਬੀਰ ਕੌਰ ਢਾਬਾਂ)
36 ਮਹੀਨੇ ਪਹਿਲਾਂ ਸ਼ੁਰੂ ਕੀਤੀ ਗਈ ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਦਾ ਅੱਧ ਵਿਚਾਲੇ ਲਟਕਣਾ ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਦੀ ਨਲਾਇਕੀ ਹੈ।
ਇਹ ਜਾਣਕਾਰੀ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਸੀਨੀਅਰ ਮੀਤ ਪ੍ਰਧਾਨ ਪ੍ਰਵੀਨ ਕੁਮਾਰ, ਸੂਬਾ ਕਾਰਜਕਾਰੀ ਜਨਰਲ ਸਕੱਤਰ ਜਿੰਦਰ ਪਾਇਲਟ, ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਖਾਨਪੁਰ, ਐਡੀਸ਼ਨਲ ਜਨਰਲ ਸਕੱਤਰ ਬਾਜ ਸਿੰਘ ਭੁੱਲਰ, ਵਿੱਤ ਸਕੱਤਰ ਨਵੀਨ ਸਚਦੇਵਾ, ਮੀਡੀਆ ਸਕੱਤਰ ਗੁਰਪ੍ਰੀਤ ਮਾੜੀ ਮੇਘਾ, ਪ੍ਰੈਸ ਸਕੱਤਰ ਟਹਿਲ ਸਿੰਘ ਸਰਾਭਾ, ਮਨਦੀਪ ਥਿੰਦ ਨੇ ਦਿੰਦਿਆਂ ਦੱਸਿਆ ਕਿ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਅਸਾਮੀਆਂ ਭਰਨ ਲਈ ਮੀਮੋ: ਨੰ. DPIEE EST207/54/2022-DPIEE/439124/2022, ਮਿਤੀ 7/10/2022 ਅਨੁਸਾਰ ਈ.ਟੀ.ਟੀ. ਕਾਡਰ ਦੀਆਂ 5994 ਅਸਾਮੀਆਂ ਭਰਨ ਸਬੰਧੀ ਯੋਗ ਉਮੀਦਵਾਰਾਂ ਪਾਸੋਂ ਮਿਤੀ 10 ਨਵੰਬਰ 2022 ਤੱਕ ਮੰਗ ਕੀਤੀ ਗਈ ਸੀ।
ਜਿਨ੍ਹਾਂ ਵਿੱਚੋਂ ਅਪ੍ਰੈਲ 2023 ਵਿੱਚ 2667 ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਸਨ। ਇਹਨਾਂ ਵਿਚੋਂ 2633 ਉਮੀਦਵਾਰ ਅਲਾਟ ਹੋਏ ਸਟੇਸ਼ਨਾਂ ‘ਤੇ ਨਿਯੁਕਤ ਹੋ ਗਏ ਹਨ ਅਤੇ 167 ਉਮੀਦਵਾਰ ਆਪਣੇ ਅਲਾਟ ਹੋਏ ਸਟੇਸ਼ਨਾਂ ‘ਤੇ ਨਿਯੁਕਤ (ਹਾਜ਼ਰ) ਨਹੀਂ ਹੋਏ।
ਇਸ ਲਈ 5994 ਸੀਟਾਂ ਵਿੱਚੋਂ 3494 ਸੀਟਾਂ ਹੁਣ ਤੱਕ ਖਾਲੀ ਪਈਆਂ ਹਨ ਅਤੇ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਸਰਕਾਰ ਨੇ ਇਹਨਾਂ ਨਿਯੁਕਤੀਆਂ ਨੂੰ ਲਮਕ ਅਵਸਥਾ ਵਿੱਚ ਰੱਖ ਛੱਡਿਆ ਹੈ। ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਆਗੂਆਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ 5994 ਈ.ਟੀ.ਟੀ. ਅਧਿਆਪਕਾਂ ਦੀ ਕੁੱਲ ਭਰਤੀ ਵਿੱਚੋਂ ਬਚਦੀਆਂ 3494 ਸੀਟਾਂ ਨੂੰ ਭਰਨ ਲਈ ਸਕਰੂਟਨੀ ਕਰਵਾ ਚੁੱਕੇ ਉਮੀਦਵਾਰਾਂ ਨੂੰ ਨਿਯੁਕਤੀ ਕਰਨ ਲਈ ਤੁਰੰਤ ਸੂਚੀ ਜਾਰੀ ਕਰੇ। ਹੋਰ ਦੇਰੀ ਕਰਨ ਦੀ ਸੂਰਤ ਵਿੱਚ ਯੂਨੀਅਨ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।
ਇਸ ਸਮੇਂ ਈ.ਟੀ.ਟੀ. ਟੈਂਟ ਪਾਸ 5994 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਦੇ ਆਗੂ ਜਸਵਿੰਦਰ ਕੰਬੋਜ, ਕੁਲਵਿੰਦਰ ਸਾਮਾ, ਅਰਸ਼ ਬੁੱਲੂਆਣਾ, ਸਰਬਜੀਤ ਪਿੰਡੀ, ਅਨਿਲ ਅਬੋਹਰ, ਹਰਪ੍ਰੀਤ (ਹੈਪੀ), ਨਰਿੰਦਰ ਫਾਜਿਲਕਾ, ਰਿਸ਼ੀ ਲੁਧਿਆਣਾ ਆਦਿ ਹਾਜ਼ਰ ਸਨ।

