Punjab News; ਪਿੰਡ ਢਾਬਾਂ ਦੀ ਨਵੀਂ ਬਣੀ ਸਰਪੰਚਣੀ ਪੂਨਾ ਰਾਣੀ ਅਤੇ ਉਸਦੀ ਟੀਮ ਨੇ ਕੀਤਾ ਵੱਡਾ ਐਲਾਨ!
ਪਿੰਡ ‘ਚ ਲਾਇਬ੍ਰੇਰੀ ਅਤੇ ਖੇਡ ਸਟੇਡੀਅਮ ਬਣਾਉਣ ਲਈ ਹੋਵੇਗੀ ਪਹਿਲਕਦਮੀ, ਸਮੁੱਚੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੀ ਨੁਹਾਰ ਬਦਲਣ ਦਾ ਹੋਕਾ!
ਰਣਬੀਰ ਕੌਰ ਢਾਬਾਂ, ਜਲਾਲਾਬਾਦ
ਹਾਲ ਹੀ ਵਿੱਚ ਹੋਈਆਂ ਪੰਚਾਇਤੀ ਚੋਣਾਂ ਵਿੱਚ ਚੋਣ ਜਿੱਤਣ ਵਿੱਚ ਇਸ ਵਾਰ ਜਵਾਨੀ ਨੇ ਵੱਡੀ ਬਾਜੀ ਮਾਰੀ ਹੈ। ਵੱਡੀ ਗਿਣਤੀ ਵਿੱਚ ਨੌਜਵਾਨ ਲੜਕੇ/ ਲੜਕੀਆਂ ਸਰਪੰਚ ਅਤੇ ਪੰਚ ਬਣਨ ਵਿੱਚ ਕਾਮਯਾਬ ਹੋਏ ਹਨ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਜਲਾਲਾਬਾਦ ਅਧੀਨ ਆਉਂਦੇ ਪਿੰਡ ਖੁਸ਼ਹਾਲ ਜੋਈਆ ( ਢਾਬਾਂ )ਵਿਖੇ ਵੀ ਪਿੰਡ ਦੀ ਚੁਣੀ ਗਈ ਨਵੀਂ ਗ੍ਰਾਮ ਪੰਚਾਇਤ ਵਿੱਚ ਨੌਜਵਾਨ ਸਰਪੰਚ ਅਤੇ ਪੰਚ ਬਣਨ ‘ਚ ਕਾਮਯਾਬ ਹੋਏ ਹਨ।
ਪਿੰਡ ਢਾਬ ਖੁਸ਼ਹਾਲ ਜੋਈਆ ਦੀ ਪੰਚਾਇਤ ਲਈ ਪਿੰਡ ਵਾਸੀਆਂ ਵੱਲੋਂ ਪੂਨਾ ਰਾਣੀ ਨੂੰ ਸਰਪੰਚ, ਕ੍ਰਮਵਾਰ ਕਿੱਕਰ ਸਿੰਘ,ਸ਼ੰਕਰ ਦਾਸ,ਅਮਰਜੀਤ ਸਿੰਘ,ਰਾਜ ਰਾਣੀ, ਮਹਿੰਦਰ ਕੌਰ,ਸੀਮਾ ਰਾਣੀ,ਅਮਨ ਕੁਮਾਰ ਸੱਤ ਪੰਚ ਚੁਣੇ ਗਏ। ਨਵੀਂ ਸਰਪੰਚ ਚੁਣੇ ਜਾਣ ਤੋਂ ਬਾਅਦ ਸ਼੍ਰੀਮਤੀ ਪੂਨਾ ਰਾਣੀ ਨੇ ਦੱਸਿਆ ਕਿ ਇਹ ਜਿੱਤ ਉਹਨਾਂ ਦੀ ਇਕੱਲਿਆਂ ਦੀ ਜਿੱਤ ਨਹੀਂ, ਸਗੋਂ ਸਮੁੱਚੇ ਪਿੰਡ ਦੀ ਜਿੱਤ ਹੈ ਅਤੇ ਸਾਰਿਆਂ ਦੇ ਸਹਿਯੋਗ ਨਾਲ ਉਹ ਸਰਪੰਚ ਬਣਨ ਵਿਚ ਕਾਮਯਾਬ ਹੋਈ ਹੈ।
ਉਸਨੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਅਤੇ ਉਹਨਾਂ ਦੀ ਟੀਮ ਦਾ ਪਿੰਡ ਦੇ ਵਿਕਾਸ ਲਈ ਪਹਿਲਾ ਕੰਮ ਪਿੰਡ ਵਿੱਚ ਲਾਇਬਰੇਰੀ ਅਤੇ ਸਟੇਡੀਅਮ ਬਣਾਉਣਾ ਹੋਵੇਗਾ। ਇਸ ਮੌਕੇ ਗ੍ਰਾਮ ਪੰਚਾਇਤ ਦੀ ਚੋਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਪਿੰਡ ਦੇ ਨੌਜਵਾਨਾਂ ਨੇ ਦੱਸਿਆ ਕਿ ਉਹਨਾਂ ਨੇ ਇਸ ਵਾਰ ਗਰਾਮ ਪੰਚਾਇਤ ਦੀ ਚੋਣ ਇਸ ਸੋਚ ਨਾਲ ਲੜੀ ਹੈ ਕਿ ਉਹ ਭਵਿੱਖ ਵਿੱਚ ਨਵੀਆਂ ਪੈੜਾਂ ਪਾਉਣਗੇ।
ਪਿੰਡ ਵਿੱਚ ਸਭ ਤੋਂ ਪਹਿਲੀ ਸ਼ੁਰੂਆਤ ਗਿਆਨ ਵੰਡਣ ਦੀ ਭਾਵ ਲਾਇਬਰੇਰੀ ਖੋਲ੍ਹ ਕੇ ਕੀਤੀ ਜਾਵੇਗੀ ਅਤੇ ਦੂਸਰਾ ਕੰਮ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡ ਸਟੇਡੀਅਮ ਦੀ ਉਸਾਰੀ ਦਾ ਹੋਵੇਗਾ। ਸ਼ਾਂਤੀਪੂਰਵਕ ਢੰਗ ਨਾਲ ਚੋਣਾਂ ਨੇਪਰੇ ਚੜ੍ਹਨ ਲਈ ਖੁਸ਼ੀ ਜ਼ਾਹਿਰ ਕਰਦਿਆਂ ਨੌਜਵਾਨਾਂ ਨੇ ਕਿਹਾ ਕਿ ਦੋਨੋਂ ਧਿਰਾਂ ਨੇ ਆਪਸੀ ਸਹਿਯੋਗ ਬਣਾ ਕੇ ਇਸ ਨਵੀਂ ਗ੍ਰਾਮ ਪੰਚਾਇਤ ਨੂੰ ਚੁਣਿਆ ਹੈ। ਨਵੀਂ ਪੰਚਾਇਤ ਨੇ ਅਹਿਦ ਲੈਂਦਿਆਂ ਕਿਹਾ ਹੈ ਕਿ ਨਰੇਗਾ ਕਾਮਿਆਂ ਨੂੰ ਬਿਨਾਂ ਪੱਖਪਾਤ ਕੰਮ ਦਵਾਇਆ ਜਾਵੇਗਾ। ਹਰ ਚਾਹੁਣ ਵਾਲੇ ਅਤੇ ਲੋੜਵੰਦ ਪਰਿਵਾਰ ਦੇ ਜੌਬ ਕਾਰਡ ਬਣਾਏ ਜਾਣਗੇ।
ਪਿੰਡ ਢਾਬ ਖੁਸ਼ਹਾਲ ਜੋਈਆ ਦੀ ਨਵੀਂ ਚੁਣੀ ਗਈ ਸਰਪੰਚ ਪੂਨਾ ਰਾਣੀ ਅਤੇ ਉਸ ਦੀ ਟੀਮ ਵੱਲੋਂ ਕੀਤੇ ਐਲਾਨ ਕਿੰਨੇ ਸਹੀ ਸਾਬਤ ਹੋਣਗੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰੰਤੂ ਲੋਕਾਂ ਨੂੰ ਇਹ ਆਸ ਜਰੂਰ ਬੱਝੀ ਹੈ ਕਿ ਇਹ ਨਵੀਂ ਟੀਮ ਇਕ ਨਿਵੇਕਲੇ ਅੰਦਾਜ਼ ਵਿਚ ਨਵੇਂ ਕਾਰਜ ਕਰੇਗੀ।