ਵੱਡੀ ਖ਼ਬਰ: ਸਰਕਾਰੀ ਸਕੂਲ ਦੇ ਪ੍ਰਿੰਸੀਪਲ ਸਮੇਤ 4 ਟੀਚਰ ਸਸਪੈਂਡ
ਨੈਸ਼ਨਲ ਡੈਸਕ
ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਇੱਕ ਸਰਕਾਰੀ ਹਾਇਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਅਤੇ ਤਿੰਨ ਹੋਰ ਕਰਮਚਾਰੀਆਂ ਨੂੰ ਜਿਨਸੀ ਸ਼ੋਸ਼ਣ, ਬਦਸਲੂਕੀ ਅਤੇ ਗਲਤ ਵਿਵਹਾਰ ਦੇ ਦੋਸ਼ਾਂ ਦੇ ਤਹਿਤ ਸ਼ਨੀਵਾਰ ਨੂੰ ਮੁਅੱਤਲ ਕਰ ਦਿੱਤਾ ਗਿਆ।
ਅਧਿਕਾਰੀਆਂ ਨੇ ਦੱਸਿਆ ਕਿਘੰਬੀਰ ਮੁਗਲਾਂ ਦੇ ਵਸਨੀਕਾਂ ਅਤੇ ਸਥਾਨਕ ਨੁਮਾਇੰਦਿਆਂ ਨੇ ਰਾਜੌਰੀ ਦੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਰੂਪ ਵਿਚ ਇਹ ਦੋਸ਼ ਲਗਾਏ ਸਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਉਤੇ ਸੀਸੀਟੀਵੀ ਫੁਟੇਜ ਦੇ ਸਾਹਮਣੇ ਆਉਣ ਨਾਲ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਦੀ ਸੁਰੱਖਿਆ ਅਤੇ ਮਾਣ-ਸਨਮਾਨ ਬਾਰੇ ਜਨਤਕ ਚਿੰਤਾ ਹੋਰ ਵਧ ਗਈ ਸੀ।
ਅਧਿਕਾਰੀ ਨੇ ਕਿਹਾ ਕਿ ਮੰਗ ਪੱਤਰ ਅਤੇ ਸੀਸੀਟੀਵੀ ਕਲਿੱਪ ਦਾ ਨੋਟਿਸ ਲੈਂਦੇ ਹੋਏ ਡਿਪਟੀ ਕਮਿਸ਼ਨਰ ਅਭਿਸ਼ੇਕ ਸ਼ਰਮਾ ਨੇ ਸਰਕਾਰੀ ਹਾਇਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ, ਇੱਕ ਅਧਿਆਪਕ ਅਤੇ ਦੋ ਦਰਜਾ ਚਾਰ ਕਰਮਚਾਰੀਆਂ ਨੂੰ ਤੁਰਤ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਮੁਲਜ਼ਮ ਪ੍ਰਿੰਸੀਪਲ ਅਤੇ ਹੋਰ ਦੋਸ਼ੀ ਕਰਮਚਾਰੀਆਂ ਵਿਰੁੱਧ 9 ਨਵੰਬਰ ਨੂੰ ਮੰਜਾਕੋਟ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਅਧਿਕਾਰੀ ਨੇ ਕਿਹਾ ਕਿ ਸਾਰੇ ਮੁਅੱਤਲ ਅਧਿਕਾਰੀਆਂ ਨੂੰ ਜਾਂਚ ਤੱਕ ਮੁੱਖ ਸਿੱਖਿਆ ਅਧਿਕਾਰੀ (ਸੀਈਓ), ਰਾਜੌਰੀ ਦੇ ਦਫ਼ਤਰ ਨਾਲ ਜੋੜ ਦਿੱਤਾ ਗਿਆ ਹੈ।
ਮੁੱਖ ਸਿੱਖਿਆ ਅਧਿਕਾਰੀ, ਰਾਜੌਰੀ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ 15 ਦਿਨਾਂ ਦੇ ਅੰਦਰ-ਅੰਦਰ ਡਿਪਟੀ ਕਮਿਸ਼ਨਰ ਨੂੰ ਇੱਕ ਵਿਸਥਾਰਤ ਸ਼ੁਰੂਆਤੀ ਜਾਂਚ ਅਤੇ ਅਗਲੇਰੀ ਜ਼ਰੂਰੀ ਕਾਰਵਾਈ ਲਈ ਸਿਫ਼ਾਰਸ਼ਾਂ ਦੇ ਨਾਲ ਇੱਕ ਤੱਥ ਰਿਪੋਰਟ ਪੇਸ਼ ਕਰਨ।

