ਵੱਡੀ ਖ਼ਬਰ: ਪੰਜਾਬ ‘ਚ ਅੱਜ ਨਹੀਂ ਚਲਣਗੀਆਂ ਸਰਕਾਰੀ ਬੱਸਾਂ, ਚੱਕਾ ਜਾਮ!
Punjab News-
ਪੰਜਾਬ ‘ਚ ਸਰਕਾਰੀ ਬੱਸਾਂ ‘ਚ ਸਫਰ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ। ਪੰਜਾਬ ਰੋਡਵੇਜ਼ ਪੀਆਰਟੀਸੀ ਅਤੇ ਪਨਬਸ ਠੇਕਾ ਕਾਮਿਆਂ ਵੱਲੋਂ ਅੱਜ ਚੱਕਾ ਜਾਮ ਕੀਤੇ ਜਾਣ ਦਾ ਪ੍ਰੋਗਰਾਮ ਹੈ। ਪੰਜਾਬ ਰੋਡਵੇਜ਼ ਪਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਵੱਲੋਂ ਟਰਾਂਸਪੋਰਟ ਵਿਭਾਗ ਦੇ ਨਿੱਜੀਕਰਨ ਦੇ ਵਿਰੋਧ ‘ਚ ਪੰਜਾਬ ਭਰ ‘ਚ ਬੱਸਾਂ ਦਾ ਚੱਕਾ ਜਾਮ (Punjab Bus Strike) ਕਰਨ ਦਾ ਸੱਦਾ ਦਿੱਤਾ ਗਿਆ ਹੈ। ਪ੍ਰੋਗਰਾਮ ਅਨੁਸਾਰ, ਹੜਤਾਲ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ।
ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਅਤੇ ਮੈਨੇਜਮੈਂਟ ਵੱਲੋਂ ਪ੍ਰਾਈਵੇਟ ਬੱਸਾਂ ਭਾਵ ਕਿਲੋਮੀਟਰ ਸਕੀਮ ਬੱਸਾਂ ਪਾਉਣ ਲਈ ਟੈਂਡਰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦਾ ਜਥੇਬੰਦੀ ਵੱਲੋਂ ਸਖਤ ਵਿਰੋਧ ਹੈ, ਕਿਉਂਕਿ ਸਰਕਾਰ ਅਤੇ ਮੈਨੇਜਮੈਂਟ ਨੂੰ ਲਿਖਤੀ ਰੂਪ ਵਿੱਚ ਅਤੇ ਜ਼ੁਬਾਨੀ ਤੌਰ ‘ਤੇ ਇਨ੍ਹਾਂ ਬੱਸਾਂ ਕਾਰਨ ਪੈਣ ਵਾਲੇ ਘਾਟੇ ਅਤੇ ਇਨ੍ਹਾਂ ਕਿਲੋਮੀਟਰ ਸਕੀਮ ਬੱਸਾਂ ਦੀ ਥਾਂ ‘ਤੇ ਸਰਕਾਰੀ ਬੱਸਾਂ ਪਾਉਣ ਲਈ ਹਰ ਤਰ੍ਹਾਂ ਦੇ ਤਰਕ ਦਿੱਤੇ ਜਾ ਚੁੱਕੇ ਹਨ। ਪ੍ਰੰਤੂ ਮੈਨੇਜਮੈਂਟ ਵੱਲੋਂ ਪ੍ਰਾਈਵੇਟ ਬੱਸਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਟਰਾਂਸਪੋਰਟ ਵਿਭਾਗ ਦਾ ਨਿੱਜੀਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾਂ ਰਹੀ ਹੈ।
ਇਸ ਲਈ ਕਿਲੋਮੀਟਰ ਸਕੀਮ ਬੱਸਾਂ ਬੰਦ ਕਰਵਾਉਣ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਵਾਉਣ ਠੇਕੇਦਾਰ ਵਿਚੋਲੀਏ ਬਾਹਰ ਕੱਢਣ, ਸਰਵਿਸ ਰੂਲਾ ਲਾਗੂ ਕਰਵਾਉਣ ਲਈ ਅਤੇ ਸਾਰੀਆਂ ਮੰਗਾਂ ਦਾ ਸਰਕਾਰ ਪਾਸੋਂ ਹੱਲ ਕਰਵਾਉਣ ਲਈ ਅੱਜ ਠੀਕ 12-00 ਵਜੇ ਤੋਂ ਪਨਬੱਸ ਅਤੇ ਪੀਆਰਟੀਸੀ ਬੱਸਾਂ ਦਾ ਮੁਕੰਬਲ ਚੱਕਾ ਜਾਮ ਕਰਕੇ ਹੜਤਾਲ ਸ਼ੁਰੂ ਕੀਤੀ ਜਾਵੇਗੀ।
ਯੂਨੀਅਨ ਆਗੂਆਂ ਨੇ ਦੱਸਿਆ ਕਿ ਲੰਘੇ ਬੁੱਧਵਾਰ, ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ‘ਤੇ ਸੰਯੁਕਤ ਸਕੱਤਰ ਨਵਰਾਜ ਸਿੰਘ ਬਰਾੜ ਦੇ ਨਾਲ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਸਮੇਤ ਯੂਨੀਅਨ ਦੀ ਮੀਟਿੰਗ ਹੋਈ, ਪਰ ਮੀਟਿੰਗ ਵਿੱਚ ਜਥੇਬੰਦੀ ਦੀਆਂ ਮੰਗਾਂ ‘ਤੇ ਵਿਚਾਰ-ਚਰਚਾ ਹੀ ਹੋ ਸਕੀ, ਨਤੀਜਾ ਕੋਈ ਨਹੀਂ ਨਿਕਲਿਆ ਸੀ। ਅਧਿਕਾਰੀਆਂ ਵੱਲੋਂ ਹਰ ਵਾਰ ਦੀ ਤਰ੍ਹਾਂ ਮੰਗਾਂ ਦਾ ਹੱਲ ਕਰਨ ਦਾ ਲਾਰਾ ਲਾਉਂਦੇ ਹੋਏ ਜਲਦੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਪਰ ਕਿਸੇ ਵੀ ਮੰਗ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ।
ਆਗੂਆਂ ਨੇ ਕਿਹਾ ਕਿ ਇਸ ਤੋਂ ਬਾਅਦ 2 ਵਜੇ ਚੈਅਰਮੈਨ ਅਤੇ ਐਮ.ਡੀ. ਪੀਆਰਟੀਸੀ ਦੀ ਰਿਹਾਇਸ਼ ਅਤੇ ਹੈਡ ਆਫਿਸ ਅੱਗੇ ਧਰਨਾ ਦਿੱਤਾ ਜਾਵੇਗਾ ਅਤੇ 18-11-2025 ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਤੇ ਪੱਕਾ ਧਰਨਾ ਦਿੱਤਾ ਜਾਵੇਗਾ।
ਉਨ੍ਹਾਂ ਸਾਰੇ ਸਾਥੀਆਂ ਨੂੰ ਅਪੀਲ ਕੀਤੀ ਕਿ ਚੰਡੀਗੜ੍ਹ ਵਿਖੇ ਧਰਨੇ ਦੀ ਤਿਆਰੀ ਪੱਕੇ ਧਰਨੇ ਦੇ ਰੂਪ ਵਿੱਚ ਕੀਤੀ ਜਾਵੇ ਅਤੇ ਵਾਪਸ ਆਪਣੀਆ ਮੰਗਾਂ ਮਨਵਾਉਣ ਤੋਂ ਬਾਅਦ ਵਿੱਚ ਹੀ ਮੁੜਿਆ ਜਾਵੇਗਾ। ਇਸ ਲਈ ਕੱਲ ਨੂੰ ਸਾਰੀਆ ਡਿਪੂਆਂ ਦੀਆਂ ਕਮੇਟੀਆਂ ਆਪਣੇ ਡਿਪੂ ਵਿੱਚ ਹਾਜ਼ਰ ਰਹਿਣਗੀਆਂ ਅਤੇ ਦਿੱਤੇ ਪ੍ਰੋਗਰਾਮਾਂ ਨੂੰ ਸਫ਼ਲ ਬਣਾਉਣ ਲਈ ਹਰ ਸੰਭਵ ਕਦਮ ਚੁੱਕਣਗੀਆਂ।

