Punjab Breaking- ਅਕਾਲੀ ਦਲ ਦਾ ਸੀਨੀਅਰ ਲੀਡਰ ਗ੍ਰਿਫ਼ਤਾਰ
Punjab Breaking –
ਤਰਨਤਾਰਨ ਜ਼ਿਮਨੀ ਚੋਣ ਖਤਮ ਹੁੰਦਿਆਂ ਹੀ ਅਕਾਲੀ ਲੀਡਰਾਂ ਦੀ ਫੜੋ ਫੜਾਈ ਸ਼ੁਰੂ ਹੋ ਗਈ ਹੈ। ਅਕਾਲੀ ਦਲ ਦੇ IT ਸੈੱਲ ਦੇ ਪ੍ਰਧਾਨ ਅਤੇ ਸੀਨੀਅਰ ਲੀਡਰ ਨਛੱਤਰ ਸਿੰਘ ਗਿੱਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਇੱਕ ਹੋਰ ਸੀਨੀਅਰ ਆਗੂ ਗੁਰਸੇਵਕ ਸਿੰਘ ਸ਼ੇਖ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਖਤਮ ਮਿਲੀ ਹੈ। ਅਕਾਲੀ ਦਲ ਦੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਬੀਬੀ ਕੰਚਨਪ੍ਰੀਤ ਕੌਰ ਨੇ ਦਾਅਵਾ ਕਰਦਿਆਂ ਕਿਹਾ ਕਿ, ਅਕਾਲੀ ਲੀਡਰ ਗੁਰਸੇਵਕ ਸਿੰਘ ਸ਼ੇਕ ਨੂੰ ਪੁਲਿਸ ਨੇ ਬਦਲਾਖੋਰੀ ਤਹਿਤ ਫ਼ੜ ਲਿਆ ਹੈ ਅਤੇ ਹੁਣ ਤਕ ਤਾਂ ਇਹ ਵੀ ਪਤਾ ਨਹੀਂ ਲੱਗਾ ਕਿ, ਉਨ੍ਹਾਂ ਉਪਰ ਦੋਸ਼ ਕੀ ਲੱਗਿਆ ਹੈ।
ਅਕਾਲੀ ਆਗੂਆਂ ਨੇ ਪੋਸਟਾਂ ਸਾਂਝੀਆਂ ਕਰਦਿਆਂ ਦਾਅਵਾ ਕੀਤਾ ਕਿ ਪੁਲਿਸ ਨੇ ਗੁਰਸੇਵਕ ਸਿੰਘ ਸ਼ੇਖ ਸਮੇਤ ਦਰਜਨਾਂ ਅਕਾਲੀ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗੁਰਸੇਵਕ ਸਿੰਘ ਸ਼ੇਖ, ਅਕਾਲੀ ਸਰਕਾਰ ਸਮੇਂ ਚੇਅਰਮੈਨ ਰਹਿ ਚੁੱਕੇ ਹਨ। ਅਕਾਲੀ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ ਅਨੁਸਾਰ, ਗੁਰਸੇਵਕ ਸਿੰਘ ਨੂੰ ਝਬਾਲ ਪੁਲਿਸ ਦੁਪਹਿਰ ਸਮੇਂ ਲੈ ਕੇ ਗਈ ਸੀ।
ਜ਼ਿਕਰਯੋਗ ਹੈ ਕਿ ਅਜੇ ਬੀਤੇ ਦਿਨ ਹੀ ਪੁਲਿਸ ਵੱਲੋਂ ਅਕਾਲੀ ਦਲ ਦੇ ਆਈ.ਟੀ. ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਗਿੱਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਐਤਵਾਰ ਨੂੰ ਇਹ ਕਾਰਵਾਈ ਕੀਤੀ ਗਈ ਹੈ, ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ।
ਮੁੱਢਲੀ ਜਾਣਕਾਰੀ ਅਨੁਸਾਰ, ਸਾਬਕਾ ਚੇਅਰਮੈਨ ਸ਼ੇਖ ਦੇ ਖਿਲਾਫ ਥਾਣਾ ਝਬਾਲ ਦੀ ਪੁਲਿਸ ਨੇ ਪਿੰਡ ਪੱਧਰੀ ਕਲਾਂ ’ਚ ਹਥਿਆਰਾਂ ਨਾਲ ਲੈੱਸ ਹੋ ਕੇ ਵੋਟਰਾਂ ਨੂੰ ਡਰਾ ਧਮਕਾ ਕੇ ਵੋਟਾਂ ਦੀ ਖਰੀਦੋ ਫਰੋਖਤ ਕਰਨ ਦੇ ਸਬੰਧ ‘ਚ ਕੇਸ ਕਰਨ ਸਬੰਧੀ ਦੱਸਿਆ ਜਾ ਰਿਹਾ ਹੈ।
ਅਕਾਲੀ ਆਗੂ ਗੁਰਸੇਵਕ ਸਿੰਘ ਸ਼ੇਖ ਦੀ ਗ੍ਰਿਫ਼ਤਾਰੀ ਦੀ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਤਰਨਤਾਰਨ ਚੋਣ ਨਤੀਜਿਆਂ ਤੋਂ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਬੁਖਲਾਹਟ ‘ਚ ਹੈ, ਜਿਸ ਕਾਰਨ ਅਕਾਲੀ ਆਗੂਆਂ ਤੇ ਵਰਕਰਾਂ ‘ਤੇ ਝੂਠੇ ਪਰਚੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਯਾਦ ਰੱਖੇ, ਸ਼੍ਰੋਮਣੀ ਅਕਾਲੀ ਦਲ ਦੇ ਯੋਧੇ ਸਰਕਾਰੀ ਜ਼ਬਰ ਅੱਗੇ ਨਾ ਝੁਕੇ ਸੀ, ਨਾ ਝੁਕਣਗੇ।

