CM ਭਗਵੰਤ ਮਾਨ ਵੱਲੋਂ ‘ਸਾਂਝੇ ਫਰੰਟ’ ਨੂੰ ਦਿੱਤੀ ਗਈ 22 ਅਗਸਤ ਦੀ ਮੀਟਿੰਗ ਸੱਤਵੀਂ ਵਾਰ ਵੀ ਮੁਲਤਵੀ
22-23-24 ਅਗਸਤ ਨੂੰ ਪੰਜਾਬ ਭਰ ਵਿੱਚ “ਗਪੌੜ੍ਹ ਮੁੱਖ ਮੰਤਰੀ” ਦੇ ਪੁਤਲੇ ਫੂਕਣ ਦਾ ਸੱਦਾ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਲੈਕੇ ਹੁਣ ਤੱਕ ਪੰਜਾਬ ਦੇ ਮੁਲਾਜ਼ਮਾਂ, ਪੈਨਸ਼ਨਰਾਂ, ਕੱਚੇ ਵਰਕਰਾਂ, ਮਾਣ ਭੱਤਾ ਵਰਕਰਾਂ ਅਤੇ ਆਊਟਸੋਰਸ ਮੁਲਾਜ਼ਮਾਂ ਦੀਆਂ ਪੈਂਡਿੰਗ ਪਈਆਂ ਮੰਗਾਂ ਪ੍ਰਤੀ ਪੰਜਾਬ ਸਰਕਾਰ ਵੱਲੋਂ ਅਪਣਾਏ ਜਾ ਰਹੇ ਅਵੇਸਲੇ ਪਣ ਨੇ ਸਭ ਹੱਦਾਂ ਮੁਕਾ ਦਿੱਤੀਆਂ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਂਝੇ ਫਰੰਟ ਨਾਲ ਮੀਟਿੰਗ ਕਰਨ ਤੋਂ ਹਰ ਵਾਰ ਮੁੱਕਰ ਜਾਂਦੇ ਹਨ ਅਤੇ ਉਨ੍ਹਾਂ ਵੱਲੋਂ 22 ਅਗਸਤ ਨੂੰ ਦਿੱਤੀ ਗਈ ਮੀਟਿੰਗ ਵੀ 12 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਸਾਂਝੇ ਫਰੰਟ ਵੱਲੋਂ ਇਸ ਦਾ ਮੂੰਹਤੋੜ ਜਵਾਬ ਦੇਣ ਲਈ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 22-23-24 ਅਗਸਤ ਨੂੰ ਸਮੁੱਚੇ ਪੰਜਾਬ ਅੰਦਰ ਤਹਿਸੀਲ ਅਤੇ ਜ਼ਿਲ੍ਹਾ ਪੱਧਰ ‘ਤੇ ਮੁੱਖ ਮੰਤਰੀ ਦੇ ਪੁਤਲੇ ਅਤੇ ਝੂਠ ਦੀਆਂ ਪੰਡਾਂ ਫੂਕਣ ਦਾ ਸੱਦਾ ਦਿੱਤਾ ਜਾਂਦਾ ਹੈ।