All Latest NewsGeneralNews FlashPunjab News

Punjab News: ਅਧਿਆਪਕ ਜਥੇਬੰਦੀਆਂ ਵੱਲੋਂ ਡੀ.ਈ.ਓ. ਐਲੀਮੈਂਟਰੀ ਵਿਰੁੱਧ ਰੋਸ ਧਰਨਾ

 

ਪੰਜਾਬ ਨੈੱਟਵਰਕ, ਸੰਗਰੂਰ-

ਡੈਮੋਕ੍ਰੈਟਿਕ ਟੀਚਰਜ਼ ਫਰੰਟ ਸੰਗਰੂਰ ਅਤੇ 6505 ਅਧਿਆਪਕ ਯੂਨੀਅਨ ਸੰਗਰੂਰ ਵੱਲੋਂ ਡੀ.ਈ.ਓ. ਐਲੀਮੈਂਟਰੀ ਸੰਗਰੂਰ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਡੀ.ਟੀ.ਐੱਫ. ਦੇ ਦਾਤਾ ਸਿੰਘ ਨਮੋਲ,ਜਗਦੇਵ ਕੁਮਾਰ ,ਨਾਇਬ ਸਿੰਘ ਰਟੋਲਾਂ,ਸੁਖਜਿੰਦਰ ਸੰਗਰੂਰ,ਰਣਬੀਰ ਜਖੇਪਲ,ਜਸਬੀਰ ਨਮੋਲ ਅਤੇ 6505 ਅਧਿਆਪਕ ਜਥੇਬੰਦੀ ਦੇ ਸੰਸਾਰ ਸਿੰਘ, ਅਧਿਆਪਕ ਆਗੂ ਪ੍ਰੇਮ ਨਿਮਾਣਾ ਨੇ ਸੰਬੋਧਨ ਕੀਤਾ।

ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਡੀ.ਈ.ਓ. ਵੱਲੋਂ ਜਥੇਬੰਦੀਆਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਮੀਟਿੰਗ ਤੈਅ ਕਰਕੇ ਮਿਲਿਆ ਨਹੀਂ ਜਾ ਰਿਹਾ ਤੇ ਨਾ ਹੀ ਆਗੂਆਂ ਦੇ ਫੋਨ ਚੱਕੇ ਜਾ ਰਹੇ ਹਨ। ਜਥੇਬੰਦੀਆਂ ਦੁਆਰਾ ਨੋਟ ਕਰਾਏ ਅਧਿਆਪਕਾਂ ਦੇ ਮੰਗਾਂ ਮਸਲੇ ਹੱਲ ਨਹੀਂ ਕੀਤੇ ਜਾ ਰਹੇ।

ਡੀ.ਈ.ਓ. ਦੀ ਗੈਰ-ਮੌਜੂਦਗੀ ਵਿੱਚ ਡਿਪਟੀ ਡੀ.ਈ.ਓ. ਸਾਹਿਬ ਵੱਲੋਂ ਆਪਣਾ ਕੰਮ ਸਿਰਫ ਅਧਿਆਪਕਾਂ ਦੇ ਮੰਗਾਂ ਮਸਲੇ ਨੋਟ ਕਰਨ ਤੱਕ ਸੀਮਤ ਕਰ ਰੱਖਿਆ ਹੈ ਜਦਕਿ ਨਿਯਮਾਂ ਡੀ.ਈ.ਓ. ਦੀ ਗੈਰ-ਮੌਜੂਦਗੀ ਵਿੱਚ ਉਹ ਪੂਰੀ ਤਰ੍ਹਾਂ ਪ੍ਰਬੰਧਕੀ ਕੰਮ ਨੂੰ ਚਲਾਉਣ ਦੇ ਜ਼ਿੰਮੇਵਾਰ ਹਨ, ਪ੍ਰੰਤੂ ਉਹਨਾਂ ਦੁਆਰਾ ਵੀ ਜਥੇਬੰਦੀਆਂ ਨੂੰ ਲਾਰੇ-ਲੱਪੇ ਹੀ ਲਾਏ ਜਾ ਰਹੇ ਹਨ। ਅਧਿਕਾਰੀਆਂ ਦੇ ਅਜਿਹੇ ਰਵੱਈਏ ਕਾਰਨ ਹੀ ਅੱਜ ਉਹਨਾਂ ਨੂੰ ਇਹ ਰੋਸ ਧਰਨਾ ਲਾਉਣ ਲਈ ਮਜ਼ਬੂਰ ਹੋਣਾ ਪਿਆ ਹੈ।

ਆਗੂਆਂ ਨੇ ਕਿਹਾ ਹੈ ਕਿ ਜਥੇਬੰਦੀਆਂ ਲੰਮੇ ਸਮੇਂ ਤੋਂ ਈਟੀਟੀ ਤੋਂ ਹੈੱਡ ਟੀਚਰਾਂ ਦੀਆਂ ਤਰੱਕੀਆਂ ਦਾ ਪਾਲਿਸੀ ਅਨੁਸਾਰ ਬਣਦਾ ਬੈਕਲਾਗ ਭਰਨ,ਇਹ ਤਰੱਕੀਆਂ ਤੁਰੰਤ ਕਰਨ,ਬਲਾਕ ਚੀਮਾ ਦੇ ਅਧਿਆਪਕਾਂ ਨੂੰ 2021-22 ਅਤੇ 2022-23 ਦੀਆਂ ਏ.ਸੀ.ਆਰ. ਨਿਯਮਾਂ ਅਨੁਸਾਰ ਅਧਿਕਾਰੀਆਂ ਦੇ ਹਸਤਾਖਰ ਕਰਵਾ ਕੇ ਤੁਰੰਤ ਦੇਣ,ਡਾਇਰੈਕਟਰ ਸਕੂਲ ਸਿੱਖਿਆ ਦੇ ਹੁਕਮਾਂ ਅਨੁਸਾਰ ਬਲਾਕ ਚੀਮਾ ਦੇ ਬੀ.ਪੀ.ਈ.ਓ. ਵਿਰੁੱਧ ਸਾਰੀਆਂ ਸ਼ਿਕਾਇਤਾਂ ਦੀ ਪੜਤਾਲ ਨਿਰਪੱਖ ਜਾਂਚ ਅਧਿਕਾਰੀ ਲਗਾ ਕੇ ਜਲਦ ਤੋਂ ਜਲਦ ਕਰਵਾ ਕੇ ਉਸ ਵਿਰੁੱਧ ਜਾਵੇ ਬਣਦੀ ਵਿਭਾਗੀ ਕਾਰਵਾਈ ਕਰਨ ਅਤੇ ਬਲਾਕ ਸੰਗਰੂਰ 2 ਦੇ ਬੀ.ਪੀ.ਈ.ਓ. ਦੁਆਰਾ ਮਈ ਮਹੀਨੇ ਵਿੱਚ ਚੋਣ ਡਿਊਟੀ ਕਰਨ ਵਾਲੇ ਅਧਿਆਪਕਾਂ ਦਾ ਕੱਟਿਆ ਮੋਬਾਇਲ ਭੱਤਾ ਤੁਰੰਤ ਜਾਰੀ ਕਰਨ ਦੀਆਂ ਹਦਾਇਤਾਂ ਕਰਨ ਦੀਆਂ ਮੰਗਾਂ ਡੀ.ਈ.ਓ. ਸਾਹਿਬ ਦੇ ਧਿਆਨ ਵਿੱਚ ਲਿਆ ਰਹੀਆਂ ਹਨ।

ਪ੍ਰੰਤੂ ਡੀ.ਈ.ਓ. ਦੁਆਰਾ ਅਧਿਆਪਕਾਂ ਦੇ ਮੰਗਾਂ-ਮਸਲਿਆਂ ਪ੍ਰਤੀ ਗ਼ੈਰ-ਸੰਵੇਦਨਸ਼ੀਲ ਰਵੱਈਆ ਅਪਣਾਇਆ ਜਾ ਰਿਹਾ ਹੈ ਅਤੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਆਗੂਆਂ ਨੇ ਕਿਹਾ ਕਿ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਡੀ.ਈ.ਓ. ਦਫ਼ਤਰ ਅਧਿਆਪਕਾਂ ਦੇ ਕੰਮਾਂ ਨੂੰ ਜਾਣ-ਬੁੱਝ ਕੇ ਲਟਕਾਉਣ ਅਤੇ ਅਨੇਕਾਂ ਬੇਨਿਯਮੀਆਂ ਦੇ ਦੋਸ਼ੀ ਬੀ.ਪੀ.ਈ.ਓ. ਚੀਮਾ ਨੂੰ ਬਚਾਉਣ ਵਿੱਚ ਲੱਗਿਆ ਹੋਇਆ ਹੈ।

ਆਗੂਆਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਮੁੱਖ-ਮੰਤਰੀ ਅਤੇ ਕੈਬਨਿਟ ਮੰਤਰੀਆਂ ਦੇ ਜ਼ਿਲ੍ਹੇ ਵਿੱਚ ਅਧਿਕਾਰੀਆਂ ਦਾ ਅਜਿਹਾ ਹਾਲ ਹੈ ਜਿਸ ਕਾਰਨ ਅਧਿਆਪਕਾਂ ਨੂੰ ਧਰਨੇ ਮੁਜਾਹਰੇ ਕਰਨੇ ਪੈ ਰਹੇ ਹਨ। ਧਰਨੇ ਵਿੱਚ ਉਕਤ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਭਾਗ ਲਿਆ। ਦਫ਼ਤਰ ਵੱਲੋਂ ਕੋਈ ਵੀ ਅਧਿਕਾਰੀ ਧਰਨਾਕਾਰੀ ਅਧਿਆਪਕਾਂ ਦੀ ਗੱਲ ਸੁਣਨ ਨਹੀਂ ਆਇਆ ਜਿਸ ਕਾਰਨ ਜਥੇਬੰਦੀਆਂ ਨੇ ਆਉਂਦੇ ਦਿਨੀਂ ਡੀ.ਈ.ਓ. ਦੀਆਂ ਅਰਥੀਆਂ ਫੂਕਣ ਦਾ ਐਲਾਨ ਕੀਤਾ।

 

Leave a Reply

Your email address will not be published. Required fields are marked *