ਮੰਮੀ ਮੈਂ ਖੇਡਣ ਚੱਲਿਆ! ਪੜ੍ਹੋ ਡੀਪੀਈ ਤੇਜਿੰਦਰ ਸਿੰਘ ਦਾ ਵਿਸ਼ੇਸ਼ ਲੇਖ
ਮੰਮੀ ਮੈਂ ਖੇਡਣ ਚੱਲਿਆ
Punjab News, 25 ਨਵੰਬਰ 2025 (Media PBN) –
ਜਦੋਂ ਹੀ ਇਨਸਾਨ ਸੁਰਤ ਸੰਭਾਲਦਾ ਹੈ, ਇਹ ਸ਼ਬਦ ਉਹਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ। ਫੇਰ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਹੈ, ਸਮੇਂ ਦੀਆਂ ਲੋੜਾਂ ਲਈ ਘਰੋਂ ਨਿਕਲਣਾ ਪੈਂਦਾ ਹੈ। ਬਚਪਨ ਵਿੱਚ ਇਹ ਸ਼ਬਦ ਸਭ ਦਾ ਪਸੰਦੀਦਾ ਸ਼ਬਦ ਹੁੰਦਾ ਸੀ ਜੋ ਅਕਸਰ ਬੱਚਾ ਆਪਣੀ ਮਾਂ ਨੂੰ ਕਹਿ ਕੇ ਘਰੋਂ ਨਿਕਲ ਜਾਂਦਾ ਸੀ ਤੇ ਫੇਰ ਕੀ, ਮਾਂ ਆਪਣੇ ਬੱਚੇ ਨੂੰ ਕੁੱਟ ਕੇ ਘਰ ਲੈ ਕੇ ਆਉਂਦੀ ਕਿ ਟੁੱਟ ਪੈਣਿਆ ਬੱਸ ਕਰ, ਬਹੁਤ ਹੋ ਗਿਆ, ਸਵੇਰ ਦਾ ਖੇਡਣ ਨਿਕਲਿਆ ਘਰੇ ਚੱਲ ਹੁਣ, ਤੇ ਬੱਚੇ ਦਾ ਮਨ ਸਾਰਾ ਦਿਨ ਖੇਡ ਕੇ ਵੀ ਸੰਤੁਸ਼ਟ ਨਹੀਂ ਸੀ ਹੁੰਦਾ।
ਪੁਰਾਤਨ ਖੇਡਾਂ ਬਚਪਨ ਦਾ ਹਿੱਸਾ ਹੁੰਦੀਆਂ ਸਨ ਜਿਨ੍ਹਾਂ ਨੂੰ ਖੇਡੇ ਬਿਨਾਂ ਬਚਪਨ ਪੂਰਾ ਨਹੀਂ ਸੀ ਹੁੰਦਾ।
ਕੋਟਲਾ ਛਪਾਕੀ ਜੁੰਮੇ ਰਾਤ ਆਈ ਏ, ਜਿਹੜਾ ਅੱਗੇ ਪਿੱਛੇ ਦੇਖੂ ਉਹਦੀ ਸ਼ਾਮਤ ਆਈ ਏ
ਸਰੀਰ ਦੀ ਕਸਰਤ ਤਾਂ ਖੇਡ-ਖੇਡ ਕੇ ਐਨਾ ਥੱਕ ਜਾਂਦੇ ਕਿ ਰਾਤ ਨੂੰ ਏਦਾਂ ਮੰਜੇ ‘ਤੇ ਡਿੱਗਦੇ ਜਿਵੇਂ ਬਹੁਤ ਦਿਨਾਂ ਦੇ ਸੁੱਤੇ ਹੀ ਨਾ ਹੋਈਏ। ਨੀਂਦ ਕਦੋਂ ਆ ਜਾਂਦੀ ਪਤਾ ਹੀ ਨਹੀਂ ਸੀ ਲੱਗਦਾ। ਸਮਾਂ ਐਨੀ ਤੇਜ਼ੀ ਨਾਲ ਬਦਲਿਆ ਕਿ ਕਿੱਲੇ ਦਾ ਬਾਂਦਰ ਤੇ ਖਿੱਦੋ ਖੂੰਡੀ ਕਿਤੇ ਅਲੋਪ ਹੀ ਹੋ ਗਏ। ਇਉਂ ਜਿਵੇਂ ਗਧੇ ਦੇ ਸਿਰ ਤੋਂ ਸਿੰਗ। ਟੈਕਨੋਲੋਜੀ ਰੂਪੀ ਹੜ੍ਹ ਇਸ ਤਰ੍ਹਾਂ ਘਰਾਂ ਵਿੱਚ ਵੜਿਆ ਕਿ ਪੁਰਾਤਨ ਖੇਡਾਂ ਨੂੰ ਆਪਣੇ ਨਾਲ ਹੀ ਵਹਾ ਕੇ ਕਿਧਰੇ ਲੈ ਗਿਆ। ਆਹ ਪੱਬ ਜੀ ਤੇ ਹੋਰ ਪਤਾ ਨਹੀਂ ਕੀ ਕੀ ਸ਼ੁਰੂ ਹੋ ਗਿਆ। ਇੱਕ ਘਰ ‘ਚ ਤਾਂ ਬੇਬੇ ਰਾਤ ਨੂੰ ਉੱਠ ਕੇ ਰੌਲਾ ਪਾਉਣ ਲੱਗੀ ਜਦੋਂ ਉਹਦੇ ਕੋਲ ਪਿਆ ਉਹਦਾ 10 ਸਾਲ ਦਾ ਪੋਤਾ ਕਹਿੰਦਾ, ‘ਪਿੱਛੇ ਬੰਦੇ ਆਗੇ, ਬੰਦੇ ਆਗੇ’। ਜਦੋਂ ਪੁੱਛਿਆ ਤੇ ਪਤਾ ਲੱਗਾ ਕਿ ਪੋਤਾ ਤਾਂ ਮੋਬਾਈਲ ‘ਤੇ ਗੇਮ ਖੇਡ ਰਿਹਾ ਸੀ। ਬੇਬੇ ਦਾ ਤ੍ਰਾਹ ਕੱਢ ਦਿੱਤਾ ਸੀ ਉਹਦੇ ਪੋਤੇ ਨੇ।
ਸਮਾਂ ਸੱਚੀ ‘ਚ ਬਦਲ ਗਿਆ ਹੈ, ਉਹ ਵੀ ਬੜੀ ਤੇਜ਼ੀ ਨਾਲ। ਬੱਚੇ ਪਹਿਲਾਂ ਵੱਡਿਆਂ ਦੇ ਪੈਰੀਂ ਹੱਥ ਲਗਾਉਂਦੇ ਸੀ ਤੇ ਹੁਣ ਦੇ ਬੱਚੇ ਸਤਿ ਸ੍ਰੀ ਅਕਾਲ ਵੀ ਨਹੀਂ ਬੁਲਾਉਂਦੇ। ਲੱਗਦਾ ਜਿਆਦਾ ਹੁਸ਼ਿਆਰ ਹੋ ਗਏ। ਹੋਣ ਵੀ ਕਿਉਂ ਨਾ ਬਈ, 95% ਨੰਬਰਾਂ ਨਾਲ ਫ਼ਰਸਟ ਆਉਂਦੇ ਆ ਸਕੂਲ ਵਿਚੋਂ। ਏਨਾ ਕੁ ਮਾਣ ਤਾਂ ਹੋਣਾ ਚਾਹੀਦਾ ਏ ਇਹਨਾਂ ਨੂੰ। ਪਰ ਪੁੱਛੋ ਤਾਂ ਇਹਨਾਂ 95% ਵਾਲਿਆਂ ਨਾਲੋਂ ਉਹ 65% ਵਾਲੇ, ਗੁੱਲੀ ਡੰਡਾ ਖੇਡਣ ਵਾਲੇ, ਗਰਾਊਂਡਾਂ ਨੂੰ ਪਿਆਰ ਕਰਨ ਵਾਲੇ ਤੇ ਸਾਰਾ ਸਾਰਾ ਦਿਨ ਘਰੋਂ ਬਾਹਰ ਰਹਿਣ ਵਾਲੇ ਘੱਟੋ ਘੱਟ ਇੱਜ਼ਤ ਤਾਂ ਕਈ ਗੁਣਾ ਦਿੰਦੇ ਸੀ ਤੇ ਸੰਸਕਾਰੀ ਵੀ ਸੀ।
ਚਲੋ ਸੰਸਕਾਰ ਤਾਂ ਆਪਾਂ ਨੇ ਹੀ ਦੇਣੇ ਆ ਪਰ ਫਿਰ ਵੀ, ਸਮਾਂ ਬਦਲ ਗਿਆ ਏ ਚਾਹੇ ਮੰਨੋ ਚਾਹੇ ਨਾ ਮੰਨੋ, ਤੇ ਇਹੀ ਬੱਚੇ ਸਾਡੇ ਦੇਸ਼ ਦਾ ਭਵਿੱਖ ਨੇ ਤੇ ਭਵਿੱਖ ਆਪਣਾ ਅਤੀਤ ਭੁੱਲ ਕੇ ਆਪਣੇ ਭਵਿੱਖ ਵੱਲ ਐਨੀ ਤੇਜ਼ੀ ਨਾਲ ਵੱਧ ਰਿਹਾ ਹੈ ਜਿਵੇਂ ਜੰਗਲ ਵਿੱਚ ਸਿੰਮਲ ਦਾ ਰੁੱਖ। ਜੇ ਮੈਂ ਅੱਜ ਦੇ ਬਚਪਨ ਦੀ ਤੁਲਨਾ ਸਿੰਮਲ ਦੇ ਰੁੱਖ ਨਾਲ ਕਰਾਂ ਤਾਂ ਇਹਦੇ ਵਿੱਚ ਕੋਈ ਗਲਤੀ ਨਹੀਂ ਹੋਵੇਗੀ ਕਿਉਂਕਿ ਅੱਜ ਕੱਲ੍ਹ ਬੱਚੇ ਬੜੀ ਤੇਜ਼ੀ ਨਾਲ ਵਧ ਫੁੱਲ ਰਹੇ ਆ, ਤੇਜ਼ ਵੀ ਆ ਪਰ ਏਨੀ ਤੇਜ਼ੀ ਨਾਲ ਉੱਪਰ ਜਾਣ ਦਾ ਕੀ ਫਾਇਦਾ ਜੇਕਰ ਤੁਸੀਂ ਆਪਣੀਆਂ ਜੜ੍ਹਾਂ ਤੋਂ ਹੀ ਦੂਰ ਹੋ ਜਾਓ, ਗੱਲ ਢੂੰਘੀ ਏ ਥੋੜ੍ਹੀ ਜਿਹੀ ਸਮਝਣ ਦੀ ਕੋਸ਼ਿਸ਼ ਕਰਿਓ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਬਾਣੀ ਵਿੱਚ ਵੀ ਏਸ ਰੁੱਖ ਦੀ ਗੱਲ ਕੀਤੀ ਗਈ ਹੈ।
ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ ॥
ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ ॥
ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ ॥
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥
ਆਓ ਕੋਸ਼ਿਸ਼ ਕਰੀਏ ਸਾਡੇ ਆਉਣ ਵਾਲੇ ਭਵਿੱਖ ਨੂੰ ਏਨਾ ਕੁ ਤਾਂ ਸੰਸਕਾਰੀ ਬਣਾਈਏ ਕਿ ਘੱਟੋ ਘੱਟ ਉਹ ਆਪਣੀਆਂ ਜੜ੍ਹਾਂ ਨੂੰ ਤਾਂ ਨਾ ਭੁੱਲਣ। ਆਓ ਓਹਨਾਂ ਨੂੰ ਇਹ ਦੱਸੀਏ ਕਿ ਵੱਡਾ ਬੰਦਾ ਬਣਨ ਤੋਂ ਪਹਿਲਾਂ ਇੱਕ ਚੰਗਾ ਇਨਸਾਨ ਬਣਨਾ ਜਰੂਰੀ ਹੁੰਦਾ ਹੈ, ਤਾਂ ਹੀ ਤਰੱਕੀ ਫੱਬਦੀ ਹੈ। ਨਹੀਂ ਤਾਂ ਇਹੋ ਜਿਹਾ ਵੱਡਾ ਹੋਣਾ ਠੀਕ ਓਸ ਸਿੰਮਲ ਦੇ ਰੁੱਖ ਵਰਗਾ ਹੁੰਦਾ ਹੈ ਜਿਸ ਦੇ ਨਾ ਪੱਤੇ ਛਾਂ ਦਿੰਦੇ ਹਨ ਤੇ ਨਾ ਹੀ ਉਹਦੇ ਫਲ ਕਿਸੇ ਕੰਮ ਦੇ ਹੁੰਦੇ ਹਨ।
ਤੇਜਿੰਦਰ ਸਿੰਘ
ਡੀ ਪੀ ਈ, ਸ ਸ ਸ ਸਕੂਲ ਕਾਉਣੀ
ਪਿੰਡ-ਮੱਲਣ
7087511109
(Tags-Punjab News, Punjabi Article, Childhood Memories, Traditional Games, Modern Technology Impact, Parenting, Social Values, Cultural Change, Punjabi Society, Education Perspective, Tejinder Singh, DPE Kauni, Media PBN, Lifestyle Commentary, Cultural Roots, Generational Gap)

