ਸਿੱਖਿਆ ਵਿਭਾਗ ਵੱਲੋਂ ਸਕੂਲ ਮੁਖੀਆਂ ਨੂੰ ਸਖ਼ਤ ਹੁਕਮ ਜਾਰੀ, ਨਿਯਮਾਂ ਅਨੁਸਾਰ ਕਰੋ ਗਰਾਂਟਾਂ ਖ਼ਰਚ ਨਹੀਂ ਤਾਂ…!

All Latest NewsGeneral NewsNews FlashPunjab NewsTop BreakingTOP STORIES

 

ਵਿਭਾਗ ਨੇ ਸਕੂਲ ਮੁਖੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਇਹਨਾਂ ਗਰਾਂਟਾਂ ਦੀ ਵਰਤੋਂ ਨਿਯਮਾਂ ਅਨੁਸਾਰ ਕੀਤੀ ਜਾਵੇ ਨਹੀਂ ਤਾਂ ਵਿਭਾਗੀ ਕਾਰਵਾਈ ਕੀਤੀ ਜਾਵੇਗੀ

ਚੰਡੀਗੜ੍ਹ, 24 ਨਵੰਬਰ 2025 (Media PBN) –

ਸਿੱਖਿਆ ਵਿਭਾਗ ਪੰਜਾਬ ਦੇ ਵੱਲੋਂ ਵੱਡੇ ਪੱਧਰ ‘ਤੇ ਸਕੂਲਾਂ ਨੂੰ ਗਰਾਂਟਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਵਿਭਾਗ ਨੇ ਸਕੂਲ ਮੁਖੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਹਨ ਕਿ ਇਹਨਾਂ ਗਰਾਂਟਾਂ ਦੀ ਵਰਤੋਂ ਨਿਯਮਾਂ ਅਨੁਸਾਰ ਕੀਤੀ ਜਾਵੇ ਨਹੀਂ ਤਾਂ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

ਜਾਣਕਾਰੀ ਦੇ ਅਨੁਸਾਰ ਸਿੱਖਿਆ ਵਿਭਾਗ ਨੇ ਸਮੱਗਰਾ ਸਿੱਖਿਆ ਅਭਿਆਨ ਅਧੀਨ ਸਪੋਰਟਸ ਅਤੇ ਫਿਜੀਕਲ ਐਜੂਕੇਸ਼ਨ ਸਾਲ 2025-26 ਲਈ ਪ੍ਰਾਪਤ ਗਰਾਂਟਾਂ ਦੀ ਵਰਤੋਂ ਕਰਨ ਸਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

ਇਹਨਾਂ ਨਿਰਦੇਸ਼ਾਂ ਵਿੱਚ ਲਿਖਿਆ ਗਿਆ ਹੈ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ 5000 ਰੁਪਏ ਪ੍ਰਤੀ ਸਕੂਲ, ਸਰਕਾਰੀ ਮਿਡਲ ਸਕੂਲਾਂ ਨੂੰ 10000 ਰੁਪਏ ਪ੍ਰਤੀ ਸਕੂਲ ਅਤੇ ਹਾਈ ਸਕੂਲਾਂ ਨੂੰ 25000 ਰੁਪਏ ਪ੍ਰਤੀ ਸਕੂਲ ਦੀ ਦਰ ਨਾਲ ਰਾਸ਼ੀ ਮਨਜ਼ੂਰ ਕੀਤੀ ਗਈ ਹੈ ਜੋ ਕਿ ਸੰਬੰਧਿਤ ਜ਼ਿਲ੍ਹਾ ਸਿੱਖਿਆ ਅਫਸਰਾਂ ਦੇ ਦਫਤਰੀ ਅਕਾਊਂਟ ਵਿੱਚ ਮੁੱਖ ਦਫਤਰ ਸਰਬ ਸਿੱਖਿਆ ਅਭਿਆਨ ਪੰਜਾਬ ਦੇ ਵੱਲੋਂ ਟ੍ਰਾਂਸਫਰ ਕਰ ਦਿੱਤੀ ਗਈ ਹੈ।

ਉਕਤ ਰਾਸ਼ੀ ਨੂੰ ਖਰਚ ਕਰਨ ਲਈ ਇਨ੍ਹਾਂ ਫੰਡਾਂ ਨਾਲ ਹਰੇਕ ਸਕੂਲ ਵੱਲੋਂ ਖੇਡ ਮੈਦਾਨ ਤਿਆਰ ਕਰਨ ਅਤੇ ਖੇਡ ਨਾਲ ਸਬੰਧਤ ਸਮਾਨ ਖਰੀਦ ਕਰਨ ਸਮੇਂ ਹੇਠ ਲਿਖੇ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ:-

1) ਸਮੱਗਰਾ ਸਿੱਖਿਆ ਅਧੀਨ ਜਾਰੀ ਕੀਤੀ ਗ੍ਰਾਂਟ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਸਮੱਗਰਾ ਸਿੱਖਿਆ ਦੇ ਵਿੱਤੀ ਨਿਯਮਾਂ ਅਨੁਸਾਰ ਖਰਚ ਕੀਤੀ ਜਾਵੇਗੀ।

2) ਖੇਡ ਮੈਦਾਨ ਵਿਕਸਿਤ ਕਰਨ ਅਤੇ ਲੋੜੀਂਦਾ ਸਮਾਨ ਖਰੀਦਣ ਲਈ ਸਬੰਧਤ ਸਕੂਲ ਮੁੱਖੀ ਦਫਤਰੀ ਰਿਕਾਰਡ ਵਿੱਚ ਇਸ ਸਬੰਧੀ ਮਤਾ ਪਾ ਕੇ ਸਕੂਲ ਲਈ ਖੇਡ ਮੈਦਾਨ ਤਿਆਰ ਕਰਨਗੇ/ਲੋੜੀਂਦਾ ਸਮਾਨ ਖਰੀਦਣਗੇ।

3) ਸਮਾਨ ਖਰੀਦ ਕਰਨ ਉਪਰੰਤ ਖਰੀਦ ਕੀਤੇ ਗਏ ਸਮਾਨ ਦਾ ਇੰਦਰਾਜ ਸਕੂਲ ਦੇ ਸਟਾਕ ਰਜਿਸਟਰ ਵਿੱਚ ਕੀਤਾ ਜਾਵੇ, ਉਸ ਉਪਰੰਤ ਕ੍ਰਮਵਾਰ ਵਰਤੋਂ ਵੀ ਦਰਸਾਈ ਜਾਵੇ। ਖਰੀਦ ਕਰਨ ਉਪਰੰਤ ਖਰੀਦੇ ਗਏ ਸਮਾਨ ਦਾ ਵਰਤੋਂ ਸਰਟੀਫਿਕੇਟ ਭੇਜਿਆ ਜਾਵੇ ਅਤੇ ਸਕੂਲ ਮੁਖੀ ਵੱਲੋਂ ਇਹ ਗਰਾਂਟ ਮਿਤੀ 05.12.2025 ਤੱਕ ਖਰਚ ਕਰਨੀ ਯਕੀਨੀ ਬਣਾਈ ਜਾਵੇ।

4) ਖੇਡ ਮੈਦਾਨ ਵਿਕਸਿਤ ਕਰਨ ਵੇਲੇ ਬੱਚਿਆਂ ਦੀ ਉਮਰ, ਲਿੰਗ (ਲੜਕੇ/ਲੜਕੀ) ਦੀ ਵਰਤੋਂ ਵਿੱਚ ਆਉਣ ਵਾਲੇ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।

5) ਖੇਡ ਮੈਦਾਨ ਵਿਕਸਿਤ ਕਰਨ, ਲੋੜੀਂਦੀ ਖਰੀਦ ਬੱਚਿਆਂ ਦੀ ਗਿਣਤੀ ਅਨੁਸਾਰ ਹੀ ਕੀਤੀ ਜਾਵੇ।

ਜੇਕਰ ਕੋਈ ਸਕੂਲ ਮੁੱਖੀ ਨਿਯਮਾਂ ਅਨੁਸਾਰ ਸਮਾਨ ਦੀ ਖਰੀਦ ਨਹੀਂ ਕਰੇਗਾ, ਤਾਂ ਉਸ ‘ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਵਿਭਾਗ ਦੀਆਂ ਟੀਮਾਂ ਉਕਤ ਖਰੀਦ ਦੀ ਮਾਨੀਟਰਿੰਗ ਕਰਨਗੀਆਂ।

 

Media PBN Staff

Media PBN Staff