ਪੰਜਾਬ ਸਰਕਾਰ ਵੱਲੋਂ ਜਾਰੀ ਪੁਰਾਣੀ ਪੈਨਸ਼ਨ ਬਹਾਲੀ ਦੇ ਅਧੂਰੇ ਨੋਟੀਫਿਕੇਸ਼ਨ ਦੀਆਂ ਮੁਲਾਜ਼ਮਾਂ ਨੇ ਸਾੜੀਆਂ ਕਾਪੀਆਂ
ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈਕੇ ਦਿੱਲੀ ‘ਚ ਹੋਵੇਗੀ ਇਤਿਹਾਸਕ ਰੈਲੀ: ਮਿੱਤਲ
ਰਾਏਕੋਟ (ਗੋਗੀ ਕਮਾਲਪੁਰੀਆ)
ਪੁਰਾਣੀ ਪੈਨਸ਼ਨ ਬਹਾਲੀ ਸਘੰਰਸ਼ ਕਮੇਟੀ ਅਤੇ ਸੀ.ਪੀ.ਐੱਫ ਕਰਮਚਾਰੀ ਯੂਨੀਅਨ ਦੇ ਸੱਦੇ ਤੇ ਅੱਜ ਪੁਰਾਣੀ ਪੈਨਸ਼ਨ ਦੇ 18 ਨਵੰਬਰ 2022 ਦੇ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਅਧਿਆਪਕ ਆਗੂ ਰਾਕੇਸ਼ ਮਿੱਤਲ ਦੀ ਅਗਵਾਈ ਹੇਠ ਸਾੜੀਆਂ ਗਈਆਂ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ 18 ਨਵੰਬਰ 2022 ਨੂੰ ਹਿਮਾਚਲ ਅਤੇ ਗੁਜਰਾਤ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪਰ ਅੱਜ ਤਿੰਨ ਸਾਲ ਬੀਤ ਜਾਣ ਬਾਅਦ ਵੀ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋਈ।
ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਹੀ ਰਾਜ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਸਰਕਾਰ ਆਪਣਾ ਹੀ ਜਾਰੀ ਕੀਤਾ ਨੋਟੀਫਿਕੇਸ਼ਨ ਲਾਗੂ ਕਰਨਾ ਭੁੱਲ ਗਈ ਹੈ ਤੇ ਕਰਮਚਾਰੀਆਂ ਨੂੰ ਪੈਨਸ਼ਨ ਵਿਹੂਣੇ ਹੀ ਸੇਵਾਮੁਕਤ ਕਰ ਘਰਾਂ ਨੂੰ ਤੋਰ ਰਹੀ ਹੈ।
ਜਿਸ ਦੇ ਰੋਸ ਵਜੋਂ ਅੱਜ ਪੰਜਾਬ ਦੇ ਦੋ ਲੱਖ ਕਰਮਚਾਰੀ ਕਾਲੇ ਬਿੱਲੇ ਲਗਾ ਕੇ ਸਰਕਾਰ ਵੱਲੋਂ ਜਾਰੀ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਨੂੰ ਸਾੜ ਰਹੇ ਹਨ। ਉਨ੍ਹਾਂ ਇਸ ਤੋਂ ਇਲਾਵਾ 25 ਨਵੰਬਰ ਦੀ ਐੱਨ. ਐੱਮ. ਓ. ਪੀ. ਐੱਸ. ਦੇ ਬੈਨਰ ਹੇਠ ਹੋਣ ਜਾ ਰਹੀ ਦਿੱਲੀ ਵਿਖੇ ਮਹਾਂ ਰੈਲੀ ਵਾਸਤੇ ਲਾਮਬੰਦੀ ਕੀਤਾ ਗਿਆ। ਇਸ ਮੌਕੇ ਅਧਿਆਪਕ ਸਿਮਰਤ ਕੌਰ, ਇੰਦੂ ਸ਼ਰਮਾ, ਰਜਨੀ ਬਾਲਾ ਤੇ ਨਾਮਪ੍ਰੀਤ ਸਿੰਘ ਆਦਿ ਹਾਜ਼ਰ ਸਨ।

