Punjabi News: 10ਵੀਂ ਜਮਾਤ ਦੀ ਵਿਦਿਆਰਥਣ ਨੇ ਸਕੂਲ ਦੀ ਬਾਲਕੋਨੀ ਤੋਂ ਮਾਰੀ ਛਾਲ, ਹੋਈ ਮੌਤ
Punjabi News: 10ਵੀਂ ਜਮਾਤ ਦੀ ਇੱਕ ਵਿਦਿਆਰਥਣ ਨੇ ਸਕੂਲ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ ਹੈ।
ਗੰਭੀਰ ਜ਼ਖਮੀ ਵਿਦਿਆਰਥਣ ਨੂੰ ਹਸਪਤਾਲ ਲਿਜਾਇਆ ਗਿਆ। ਪਰ ਇਲਾਜ ਦੌਰਾਨ ਵਿਦਿਆਰਥਣ ਦੀ ਮੌਤ ਹੋ ਗਈ। ਇਹ ਦਰਦਨਾਕ ਘਟਨਾ ਸਕੂਲ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਵੀ ਕੈਦ ਹੋ ਗਈ ਹੈ। ਪੁਲਿਸ ਨੇ ਫੁਟੇਜ ਜਾਂਚ ਲਈ ਭੇਜ ਦਿੱਤੀ ਹੈ।
ਇਹ ਘਟਨਾ ਗੁਜਰਾਤ ਦੇ ਅਹਿਮਦਾਬਾਦ ਦੇ ਨਵਰੰਗਪੁਰਾ ਇਲਾਕੇ ‘ਚ ਸਥਿਤ ਸੋਮ ਲਲਿਤ ਸਕੂਲ ਦੀ ਹੈ। ਇਸ ਦੁਖਦਾਈ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
ਸਕੂਲ ਦੀ ਸੀਸੀਟੀਵੀ ਫੁਟੇਜ ‘ਚ ਦਿਖਾਇਆ ਗਿਆ ਹੈ ਕਿ ਵਿਦਿਆਰਥਣ ਦੁਪਹਿਰ 12:30 ਵਜੇ ਦੇ ਕਰੀਬ ਲਾਬੀ ‘ਚ ਚਾਬੀ ਦਾ ਛੱਲਾ ਘੁੰਮਾਉਂਦੇ ਹੋਏ ਚੱਲ ਰਹੀ ਸੀ। ਫਿਰ ਅਚਾਨਕ ਉਸ ਨੇ ਰੇਲਿੰਗ ਪਾਰ ਕੇ ਛਾਲ ਮਾਰ ਦਿੱਤੀ। ਉਸ ਦੇ ਦੋਸਤਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਅਸਫਲ ਰਹੇ।

ਇਹ ਘਟਨਾ ਉਦੋਂ ਵਾਪਰੀ ਜਦੋਂ ਸਕੂਲ ‘ਚ ਦੁਪਹਿਰ ਦੇ ਖਾਣੇ ਦੀ ਬ੍ਰੇਕ ਚੱਲ ਰਹੀ ਸੀ। ਵਿਦਿਆਰਥਣ ਦੇ ਛਾਲ ਮਾਰਨ ਤੋਂ ਬਾਅਦ ਸਕੂਲ ‘ਚ ਰੌਲਾ ਪੈ ਗਿਆ। ਕਲਾਸ ਦੇ ਵਿਦਿਆਰਥੀ ਰੇਲਿੰਗ ਵੱਲ ਭੱਜੇ। ਅਧਿਆਪਕ ਵੀ ਬਾਹਰ ਆ ਗਏ। ਪਰ ਕੋਈ ਵੀ ਕੁਝ ਸਮਝ ਨਹੀਂ ਸਕਿਆ।
ਛਾਲ ਮਾਰਨ ਤੋਂ ਬਾਅਦ ਵਿਦਿਆਰਥਣ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ‘ਚ ਸਿਰ ‘ਚ ਡੂੰਘੀ ਸੱਟ ਅਤੇ ਹੱਥਾਂ ਅਤੇ ਲੱਤਾਂ ਦੀਆਂ ਹੱਡੀਆਂ ‘ਚ ਫ੍ਰੈਕਚਰ ਸ਼ਾਮਲ ਹੈ।
ਉਸ ਨੂੰ ਤੁਰੰਤ ਨੇੜਲੇ ਨਿਧੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਆਈਸੀਯੂ ‘ਚ ਦਾਖਲ ਕਰਵਾਇਆ ਗਿਆ। ਬਾਅਦ ‘ਚ, ਪਰਿਵਾਰ ਨੇ ਉਸ ਨੂੰ ਥਲਤੇਜ ਦੇ ਕਿਸੇ ਹੋਰ ਹਸਪਤਾਲ ‘ਚ ਸ਼ਿਫਟ ਕੀਤਾ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਪੁਲਿਸ ਨੇ ਕਿਹਾ ਕਿ- ਵਿਦਿਆਰਥਣ ਦੀ ਖੁਦਕੁਸ਼ੀ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਅਸੀਂ ਘਟਨਾ ਬਾਰੇ ਹੋਰ ਜਾਣਕਾਰੀ ਇਕੱਠੀ ਕਰ ਰਹੇ ਹਾਂ।
ਫਿਲਹਾਲ, ਸਾਨੂੰ ਕਿਸੇ ਗੜਬੜੀ ਦਾ ਸ਼ੱਕ ਨਹੀਂ ਹੈ, ਫਿਰ ਵੀ ਅਸੀਂ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੇ ਹਾਂ। ਉਸ ਨੇ ਇਹ ਕਦਮ ਕਿਉਂ ਚੁੱਕਿਆ ਇਸ ਬਾਰੇ ਟਿੱਪਣੀ ਕਰਨਾ ਜਲਦਬਾਜ਼ੀ ਹੋਵੇਗੀ। tv9

