ਨਰਮੇ ‘ਤੇ ਗੁਲਾਬੀ ਸੁੰਡੀ ਦੇ ਹਮਲੇ ਦਾ ਮਾਮਲਾ! ਮੰਤਰੀ ਖੁੱਡੀਆਂ ਵੱਲੋਂ ਖੇਤੀਬਾੜੀ ਵਿਭਾਗ ਨੂੰ ਸਖ਼ਤ ਹਦਾਇਤਾਂ ਜਾਰੀ
ਮੰਤਰੀ ਖੁੱਡੀਆਂ ਵੱਲੋਂ ਨਰਮੇ ਦੇ ਖੇਤਾਂ ਦਾ ਦੌਰਾ, ਖੇਤੀਬਾੜੀ ਵਿਭਾਗ ਨੂੰ ਨਰਮੇ ਦੀ ਫਸਲ ਨੂੰ ਕੀਟਾਂ ਦੇ ਹਮਲੇ ਤੋਂ ਬਚਾਉਣ ਲਈ ਕਿਸਾਨਾਂ ਦੇ ਖੇਤਾਂ ਵਿਚ ਪਹੁੰਚਣ ਦੀ ਹਦਾਇਤ
ਪੰਜਾਬ ਨੈੱਟਵਰਕ, ਸ੍ਰੀ ਮੁਕਤਸਰ ਸਾਹਿਬ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਰਾਜ ਵਿਚ ਨਰਮੇ ਦੀ ਫਸਲ ਨੂੰ ਕੀਟਾਂ ਦੇ ਹਮਲੇ ਤੋਂ ਬਚਾਉਣ ਲਈ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਣ ਦੀ ਹਦਾਇਤ ਕੀਤੀ ਗਈ ਹੈ। ਇਹ ਜਾਣਕਾਰੀ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਜ਼ਿਲ੍ਹੇ ਦੇ ਭਾਗਸਰ, ਲੱਖੇਵਾਲੀ, ਸੰਮੇਵਾਲੀ ਆਦਿ ਪਿੰਡਾਂ ਵਿਚ ਨਰਮੇ ਦੇ ਖੇਤਾਂ ਦੇ ਜਾਇਜ਼ੇ ਲਈ ਕੀਤੇ ਦੌਰੇ ਦੌਰਾਨ ਆਖੀ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਪਾਬੰਦ ਕੀਤਾ ਗਿਆ ਹੈ ਕਿ ਉਹ ਪਿੰਡ ਪਿੰਡ ਕਿਸਾਨ ਕੈਂਪ ਲਗਾ ਕੇ ਕਿਸਾਨਾਂ ਨੂੰ ਨਰਮੇ ਦੀ ਫਸਲ ਸਬੰਧੀ ਸਾਰੀ ਤਕਨੀਕੀ ਜਾਣਕਾਰੀ ਦੇਣ। ਉਨ੍ਹਾਂ ਨੇ ਕਿਹਾ ਕਿ ਹੁਣ ਖੇਤੀ ਪੂਰੀ ਤਰਾਂ ਵਿਗਿਆਨਕ ਲੀਹਾਂ ਤੇ ਹੋ ਗਈ ਹੈ ਅਤੇ ਵੱਖ ਵੱਖ ਦਵਾਈਆਂ ਦਾ ਅਸਰ ਕੀਟਾਂ ਦੀਆਂ ਵੱਖ ਵੱਖ ਸਟੇਜਾਂ ਤੇ ਵੱਖ ਵੱਖ ਹੈ।
ਇਸ ਲਈ ਕਿਸਾਨ ਵੀਰ ਵੀ ਵਿਭਾਗ ਅਤੇ ਖੇਤੀਬਾੜੀ ਯੁਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਨਰਮੇ ਦੇ ਕੀਟਾਂ ਦੀ ਰੋਕਥਾਮ ਕਰਨ ਤਾਂ ਨਿਸਚੈ ਹੀ ਸਫਲਤਾ ਮਿਲਦੀ ਹੈ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਗੇ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਨੂੰ ਕੀੜੇਮਾਰ ਜਹਿਰਾਂ, ਉੱਲੀ ਨਾਸਕ ਦਵਾਈਆਂ ਅਤੇ ਖਾਦਾਂ ਦੀ ਗੁਣਵਤਾ ਨੂੰ ਯਕੀਨੀ ਬਣਾਉਣ ਲਈ ਵੀ ਸਖ਼ਤ ਤਾੜਨਾ ਕੀਤੀ ਗਈ ਹੈ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਨਰਮੇ ਦੀ ਫਸਲ ਦੀ ਬਹਾਲੀ ਲਈ ਵਿਭਾਗ ਨੇ ਬਿਜਾਈ ਤੋਂ ਪਹਿਲਾਂ ਨਰਮੇ ਦੀਆਂ ਪਿੱਛਲੇ ਸਾਲ ਦੀਆਂ ਛਟੀਆਂ ਦੇ ਨਿਪਟਾਰੇ, ਨਦੀਨ ਮਾਰੋ ਮੁਹਿੰਮ ਅਤੇ ਨਰਮੇ ਦੀਆਂ ਜਿਨਿੰਗ ਫੈਕਟਰੀਆਂ ਵਿਚ ਗੁਲਾਬੀ ਸੁੰਡੀ ਦੇ ਲਾਰਵੇ ਨੂੰ ਮਾਰਨ ਲਈ ਫੂਮੀਗੇਸ਼ਨ ਵਰਗੇ ਕਾਰਜ ਕੀਤੇ ਗਏ ਸੀ ਉਥੇ ਹੀ ਗੁਜਰਾਤ ਤੋਂ ਅਣਅਧਿਕਾਰਤ ਕਿਸਮਾਂ ਦੇ ਬੀਜ ਦੀ ਆਮਦ ਵੀ ਰੋਕੀ ਗਈ ਸੀ।
ਉਨ੍ਹਾਂ ਨੇ ਕਿਹਾ ਕਿ ਹਾਲੇ ਤੱਕ ਫਸਲ ਠੀਕ ਸਥਿਤੀ ਵਿਚ ਹੈ ਅਤੇ ਸ੍ਰੀ ਮੁਕਤਸਰ ਸਾਹਿਬ ਵਿਚ ਨਰਮੇ ਤੇ ਨੁਕਸਾਨ ਦੀ ਹੱਦ ਤੋਂ ਵੱਧ ਵਾਲਾ ਕੋਈ ਵੀ ਹਾਟ ਸਪਾਟ ਹਾਲੇ ਤੱਕ ਨਹੀਂ ਹੈ। ਖੇਤੀ ਮੰਤਰੀ ਨੇ ਇਸ ਮੌਕੇ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਤੱਕ ਵਿਸੇਸ਼ ਤੌਰ ਤੇ ਵਿਭਾਗ ਦੇ ਸਟਾਫ ਨੂੰ ਪਾਬੰਦ ਕੀਤਾ ਗਿਆ ਹੈ ਕਿ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਸਬੰਧੀ ਪੂਰੀ ਚੌਕਸੀ ਰੱਖੀ ਜਾਵੇ।
ਉਨ੍ਹਾਂ ਨੇ ਦੱਸਿਆ ਕਿ ਇਸ ਲਈ ਹਰੇਕ ਜ਼ਿਲ੍ਹੇ ਵਿਚ ਸਰਵੇਲੈਂਸ ਟੀਮਾਂ ਬਣਾਈਆਂ ਗਈਆਂ ਹਨ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਇਸ ਲਈ 1 ਜ਼ਿਲ੍ਹਾ ਪੱਧਰੀ ਟੀਮ, ਬਲਾਕ ਪੱਧਰ ਤੇ 4 ਅਤੇ ਸਰਕਲ ਪੱਧਰ ਤੇ 22 ਟੀਮਾਂ ਨਾਲ ਕੁੱਲ 27 ਟੀਮਾਂ ਬਣਾਈਆਂ ਗਈਆਂ ਹਨ ਅਤੇ ਹਫਤੇ ਵਿਚ ਦੋ ਦਿਨ ਇਹ ਟੀਮਾਂ ਖੇਤਾਂ ਵਿਚ ਪਹੁੰਚ ਕਰਕੇ ਖੁਦ ਵੀ ਸਰਵੇਖਣ ਕਰਦੀਆਂ ਹਨ ਅਤੇ ਕਿਸਾਨਾਂ ਨੂੰ ਵੀ ਸਰਵੇਖਣ ਦਾ ਸਹੀ ਤਰੀਕਾ ਸਮਝਾਉਂਦੀਆਂ ਹਨ। ਇਸ ਤੋਂ ਬਿਨ੍ਹਾਂ ਜ਼ਿਲ੍ਹੇ ਵਿਚ ਇਸ ਸਾਲ 466 ਕਿਸਾਨ ਸਿਖਲਾਈ ਕੈਂਪ ਵੀ ਲਗਾਏ ਗਏ ਹਨ। ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਰਮੇ ਸਬੰਧੀ ਤਕਨੀਕੀ ਸਲਾਹ ਲਈ ਵਿਭਾਗ ਦੇ ਸਟਾਫ ਦੇ ਸੰਪਰਕ ਵਿਚ ਰਹਿਣ।