Punjab News- ਕਿਰਤ ਕਾਨੂੰਨਾਂ ‘ਚ ਵੱਡੀਆਂ ਸੋਧਾਂ ਦੇ ਨਵੇਂ ਕਾਨੂੰਨ ਲਾਗੂ! ਪੰਜਾਬ ਦੇ ਮੁਲਾਜ਼ਮਾਂ ਨੇ ਫੂਕਿਆ ਸਰਕਾਰ ਦਾ ਪੁਤਲਾ
Punjab News- ਬਿਜਲੀ ਨਿਗਮ ਦੀਆਂ ਬੇਸ਼ਕੀਮਤੀ ਜਾਇਦਾਦਾਂ ਵੇਚਣ ਦੇ ਵਿਰੋਧ ਅਤੇ ਨਿੱਜੀਕਰਨ ਦੇ ਖਿਲਾਫ ਪੰਜਾਬ ਭਰ ‘ਚ ਹੋਏ ਪ੍ਰਦਰਸ਼ਨ
ਲੁਧਿਆਣਾ 26 ਨਵੰਬਰ 2025 (Media PBN)
Punjab News- ਕੇਂਦਰ ਦੀ ਮੋਦੀ ਸਰਕਾਰ ਵੱਲੋਂ 44 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਹਾਲ ਹੀ ‘ਚ ਲਾਗੂ ਕੀਤੇ 4 ਲੇਬਰ ਕੋਡਾਂ ਨੂੰ ਵਾਪਸ ਲੈਣ ਦੋ ਮੰਗ ਕਰਦਿਆਂ ਅਤੇ ਜਲਦ ਲਾਗੂ ਕੀਤੇ ਜਾਣੇ ਬਿਜਲੀ ਬਿੱਲ 2025 ਦਾ ਵਿਰੋਧ ਕਰਦਿਆਂ ਅੱਜ ਪੰਜਾਬ ਭਰ ਦੇ ਬਿਜਲੀ ਮੁਲਾਜਮਾਂ ਨੇ ਬਿਜਲੀ ਏਕਤਾ ਮੰਚ, ਜੋਆਇੰਟ ਫੋਰਮ, ਏ ਓ ਜੇ ਈ, ਗਰਿੱਡ ਸਬ ਸਟੇਸ਼ਨ ਇੰਪਲਾਈਜ ਯੂਨੀਅਨ ਅਤੇ ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ ਯੂਨੀਅਨ ਦੇ ਸਾਂਝੇ ਸਾਡੇ ਉੱਤੇ ਗੇਟ ਰੈਲੀਆਂ ਕਰਨ ਉਪਰੰਤ ਕੇਂਦਰ ਸਰਕਾਰ ਦੀ ਅਰਥੀ ਫੂਕੀ।
ਸੁੰਦਰ ਨਗਰ ਡਵੀਜ਼ਨ ਵਿੱਚ ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਡਵੀਜ਼ਨ ਸਕੱਤਰ ਦੀਪਕ ਕੁਮਾਰ, ਟੀ ਐਸ ਯੂ ਦੇ ਡਵੀਜ਼ਨ ਪ੍ਰਧਾਨ ਧਰਮਪਾਲ, ਇੰਪਲਾਈਜ ਫੈਡਰੇਸ਼ਨ ਪਹਿਲਵਾਨ ਦੇ ਜੋਨ ਆਗੂ ਸਰਤਾਜ ਸਿੰਘ ਅਤੇ ਐਮ ਐਸ ਯੂ ਦੇ ਡਵੀਜ਼ਨ ਆਗੂ ਕੁਲਵੀਰ ਸਿੰਘ ਵੱਲੋਂ ਆਯੋਜਿਤ ਅਰਥੀ ਫੂਕ ਮੁਜ਼ਾਹਰੇ ਵਿੱਚ ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਜਿਲ੍ਹਾ ਆਗੂ ਗੁਰਪ੍ਰੀਤ ਸਿੰਘ ਮਹਿਦੂਦਾਂ ਅਤੇ ਟੀ ਐਸ ਯੂ ਦੇ ਸਰਕਲ ਪੂਰਬੀ ਦੇ ਪ੍ਰਧਾਨ ਗੌਰਵ ਕੁਮਾਰ ਪੁੱਜੇ। ਅਰਥੀ ਫੂਕ ਮੁਜ਼ਾਹਰੇ ਦੌਰਾਨ ਗੁਰਪ੍ਰੀਤ ਸਿੰਘ ਮਹਿਦੂਦਾਂ ਅਤੇ ਗੌਰਵ ਕੁਮਾਰ ਨੇ ਦੱਸਿਆ ਕਿ ਅੱਜ ਪੰਜਾਬ ਭਰ ਦੇ ਬਿਜਲੀ ਕਾਮਿਆਂ ਵੱਲੋਂ ਉਪਰੋਕਤ ਦੋਵਾਂ ਮੁੱਦਿਆਂ ਕਾਰਨ ਗੇਟ ਰੈਲੀਆਂ ਕਰਕੇ ਕੇਂਦਰ ਸਰਕਾਰ ਦੀ ਅਰਥੀ ਫੂਕੀ ਗਈ ਹੈ ਅਤੇ ਲਾਗੂ ਕੀਤੇ ਲੇਬਰ ਕੋਡਾਂ ਨੂੰ ਰੱਦ ਕਰਨ ਦੇ ਨਾਲ ਨਾਲ ਬਿਜਲੀ ਬਿੱਲ 2025 ਦਾ ਵੀ ਵਿਰੋਧ ਕੀਤਾ ਗਿਆ ਹੈ।
ਆਗੂਆਂ ਨੇ ਕਿਹਾ ਕਿ 1 ਮਈ 1886 ਦੇ ਸ਼ਿਕਾਗੋ ਦੇ ਸ਼ਹੀਦਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਜ਼ੋ ਅੱਠ ਘੰਟੇ ਕੰਮ ਕਰਨ ਅਤੇ ਆਰਾਮ ਲਈ ਸੱਤਵੇਂ ਦਿਨ ਛੁੱਟੀ ਕਰਨ ਦਾ ਅਧਿਕਾਰ ਪ੍ਰਾਪਤ ਕੀਤਾ ਸੀ ਉਸ ਦੇ ਅਧਾਰਿਤ ਸੰਵਿਧਾਨ ਨਿਰਮਾਤਾ ਅਤੇ ਦੇਸ਼ ਦੇ ਪਹਿਲੇ ਕਾਨੂੰਨ ਤੇ ਕਿਰਤ ਮੰਤਰੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੇ 44 ਕਿਰਤ ਕਾਨੂੰਨ ਬਣਾ ਕੇ ਮਜਦੂਰਾਂ ਤੇ ਮੁਲਾਜਮਾਂ ਨੂੰ ਸੁਰੱਖਿਅਤ ਕੀਤਾ ਸੀ, ਉਸ ਉੱਤੇ ਸਿੱਧਾ ਹਮਲਾ ਹਨ ਇਹ 4 ਕਿਰਤ ਕੋਡ। ਜਿਸ ਦਾ ਅੱਜ ਦੇਸ਼ ਦੇ ਮਜ਼ਦੂਰਾਂ, ਮੁਲਾਜਮਾਂ ਅਤੇ ਕਿਰਤੀਆਂ ਦੁਆਰਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਏਨ੍ਹਾ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ਉੱਤੇ ਲਿਆਂਦੇ ਏਨ੍ਹਾ ਮਾਰੂ ਕੋਡਾਂ ਨੂੰ ਰੱਦ ਕਰਨ ਦੀ ਮੰਗ ਨੂੰ ਕੇਂਦਰ ਦੀ ਮੋਦੀ ਸਰਕਾਰ ਮੰਨ ਨਹੀਂ ਰਹੀ। ਦੋਵਾਂ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਇਹ ਕਿਰਤ ਕੋਡ ਰੱਦ ਨਹੀਂ ਹੁੰਦੇ ਤੇ ਬਿਜਲੀ ਬਿੱਲ 2025 ਵਾਪਸ ਨਹੀਂ ਹੁੰਦਾ ਅਸੀਂ ਅਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਾਂਗੇ।
ਗੁਰਪ੍ਰੀਤ ਸਿੰਘ ਮਹਿਦੂਦਾਂ ਅਤੇ ਏ ਓ ਜੇ ਈ ਦੇ ਰਾਜੀਵ ਸ਼ਰਮਾ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਉੱਤੇ ਵਰਦਿਆਂ ਕਿਹਾ ਕਿ ਉਹ ਵੀ ਕੇਂਦਰ ਸਰਕਾਰ ਨਾਲ ਇੱਕ ਸੁਰ ਹੈ। ਸੂਬਾ ਸਰਕਾਰ ਕਰਜੇ ਲੈਕੇ ਪੰਜਾਬ ਨੂੰ ਪਹਿਲਾਂ ਹੀ ਕੰਗਾਲ ਕਰ ਦਿੱਤਾ ਗਿਆ ਹੈ ਅਤੇ ਹੁਣ ਰਹਿੰਦਾ ਇੱਕ ਸਾਲ ਟਪਾਉਣ ਲਈ ਉਹ ਬਿਜਲੀ ਨਿਗਮ ਦੀਆਂ ਬੇਸ਼ਕੀਮਤੀ ਜਾਇਦਾਦਾਂ ਵੇਚਣਾ ਚਾਹੁੰਦੀ ਹੈ ਜਿਸ ਦਾ ਅੱਜ ਦੀਆਂ ਰੋਸ ਰੈਲੀਆਂ ਵਿੱਚ ਵੀ ਵਿਰੋਧ ਕੀਤਾ ਗਿਆ ਹੈ। ਮਹਿਦੂਦਾਂ ਨੇ ਦੱਸਿਆ ਕਿ 29 ਨਵੰਬਰ ਨੂੰ ਪੰਜਾਬ ਭਰ ਦੀਆਂ ਬਿਜਲੀ ਮੁਲਾਜਮ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਇਸ਼ੜੂ ਭਵਨ ਵਿਖੇ ਹੋ ਰਹੀ ਹੈ ਜਿਥੋਂ ਦਿੱਤਾ ਗਿਆ ਅਗਲਾ ਸਖ਼ਤ ਪ੍ਰੋਗਰਾਮ ਪੂਰੀ ਸਖ਼ਤੀ ਨਾਲ ਪੰਜਾਬ ਭਰ ਵਿੱਚ ਲਾਗੂ ਕੀਤਾ ਜਾਵੇਗਾ।
ਅਰਥੀ ਫੂਕ ਮੁਜ਼ਾਹਰੇ ਵਿੱਚ ਕੱਚੇ ਕਾਮਿਆਂ ਦੀ ਜਥੇਬੰਦੀ ਦੇ ਡਵੀਜ਼ਨ ਪ੍ਰਧਾਨ ਅਵਤਾਰ ਸਿੰਘ ਰਾਮਗੜ੍ਹ ਵੀ ਸਾਥੀਆਂ ਸਮੇਤ ਪੁੱਜੇ। ਇਸ ਮੌਕੇ ਅਮਰਜੀਤ ਸਿੰਘ, ਕਮਲਦੀਪ ਸਿੰਘ ਰਣੀਆ, ਰਾਮਦਾਸ, ਜਸਵਿੰਦਰ ਸਿੰਘ ਪ੍ਰਕਾਸ਼ ਚੰਦ, ਰਾਮ ਅਵਧ, ਵਿਨੋਦ ਕੁਮਾਰ, ਨਿਰਮਲ ਸਿੰਘ, ਸ਼ਿਵ ਕੁਮਾਰ, ਅਕਾਸ਼ ਸਿਨਹਾ, ਜਸਵੀਰ ਸਿੰਘ, ਹਰਜਿੰਦਰ ਸਿੰਘ, ਗੁਰਦੀਪ ਸਿੰਘ, ਮਨਪ੍ਰੀਤ ਕੌਰ, ਰਜਨੀ, ਜਸਪ੍ਰੀਤ ਕੌਰ, ਰਿਤਿਕਾ, ਰੂਚੀ, ਅਰਸ਼ੀ, ਨਿਰਭੈ ਸਿੰਘ, ਗੁਰਪ੍ਰਤਾਪ ਸਿੰਘ, ਹਰਜੀਤ ਸਿੰਘ, ਮਨਜੀਤ ਸਿੰਘ, ਗੌਰਵ, ਤਿਲਕ ਰਾਜ, ਸੋਨੂੰ ਰਾਮ, ਗੁਰਪ੍ਰੀਤ ਸਿੰਘ, ਪ੍ਰਵੀਨ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਹੋਰ ਹਾਜ਼ਰ ਸਨ।
Punjab News-ਇਫਟੂ ਨੇ ਲੇਬਰ ਕੋਡ ਦੀਆਂ ਕਾਪੀਆਂ ਸਾੜੀਆਂ
ਨਵਾਂਸ਼ਹਿਰ 25 ਨਵੰਬਰ 2025 (ਪ੍ਰਮੋਦ ਭਾਰਤੀ)- ਭੱਠਾ ਵਰਕਰ ਯੂਨੀਅਨ (ਇਫਟੂ) ਨੇ ਪਿੰਡ ਪੱਲੀਆਂ ਕਲਾਂ ਦੇ ਭੱਠੇ ਉੱਤੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਲੇਬਰ ਕੋਡ ਦੀਆਂ ਕਾਪੀਆਂ ਸਾੜੀਆਂ। ਇਸ ਮੌਕੇ ਸੰਬੋਧਨ ਕਰਦਿਆਂ ਇਫਟੂ ਦੇ ਸੂਬਾ ਸਕੱਤਰ ਅਵਤਾਰ ਸਿੰਘ ਤਾਰੀ, ਭੱਠਾ ਵਰਕਰ ਯੂਨੀਅਨ ਦੇ ਜਿਲਾ ਪ੍ਰਧਾਨ ਗੁਰਦਿਆਲ ਰੱਕੜ ਨੇ ਕਿਹਾ ਕਿ ਚਾਰ ਕਿਰਤ ਕੋਡ ਲਾਗੂ ਕਰਕੇ ਮੋਦੀ ਸਰਕਾਰ ਨੇ ਸਮੁੱਚੇ ਮਜ਼ਦੂਰ ਵਰਗ ਉੱਤੇ ਵੱਡਾ ਹੱਲਾ ਬੋਲਿਆ ਹੈ, ਜਿਸ ਦਾ ਮਜ਼ਦੂਰ ਜਮਾਤ ਹਰ ਹਾਲਤ ਵਿੱਚ ਕਰੜਾ ਜਵਾਬ ਦੇਵੇਗੀ
ਉਹਨਾਂ ਕਿਹਾ ਕਿ ਕਈ ਰਾਜ ਸਰਕਾਰਾਂ ਨੇ ਕੋਡਾਂ ਦੇ ਵਿਰੋਧ ਕਾਰਨ ਅਜੇ ਤੱਕ ਨਿਯਮ ਤਿਆਰ ਨਹੀਂ ਕੀਤੇ। ਪਰ ਮੋਦੀ ਸਰਕਾਰ ਨੂੰ ਮਜ਼ਦੂਰ ਵਰਗ ਦੇ ਕਿਸੇ ਵੀ ਅਧਿਕਾਰ ਦੀ ਦਲੀਲ ਦੀ ਕੋਈ ਪਰਵਾਹ ਨਹੀਂ ਹੈ।
ਕੌੜੀ ਸੱਚਾਈ ਇਹ ਹੈ ਕਿ ਭਾਰਤ ਦੀ ਮਜ਼ਦੂਰੀ ਸ਼ਕਤੀ ਦੀ ਬਹੁਤ ਵੱਡੀ ਹਿੱਸੇਦਾਰੀ ਗ਼ੈਰ-ਸੰਗਠਤ ਖੇਤਰ ਵਿੱਚ ਹੈ ਅਤੇ ਮੁਲਕ ਵਿਚ ਜ਼ਿਆਦਾਤਰ ਨੌਕਰੀਆਂ ਅਸਥਾਈ ਹਨ। ਕੋਡਾਂ ਦੇ ਇਸ ਐਲਾਨ ਨਾਲ ਸਰਕਾਰਾਂ ਅਤੇ ਪੂੰਜੀਪਤੀਆਂ ਵਿੱਚ ਉਹ ਹੌਸਲਾ ਪੈਦਾ ਹੋਵੇਗਾ ਕਿ ਉਹ ਹੁਣ ਤੱਕ ਮਜ਼ਦੂਰਾਂ ਨੇ ਜਿਨ੍ਹਾਂ ਅਧਿਕਾਰਾਂ ਲਈ ਜੱਦੋ-ਜਹਿਦ ਕੀਤੀ ਹੈ, ਉਹਨਾਂ ਨੂੰ ਵੀ ਤੋੜ ਸਕਣ।
ਯੂਨੀਅਨ ਬਣਾਉਣ ਅਤੇ ਸੰਘਰਸ਼ ਕਰਨ ਦੇ ਕਠਿਨ ਮੁਹਿੰਮ ਨਾਲ ਹਾਸਲ ਕੀਤੇ ਅਧਿਕਾਰਾਂ ‘ਤੇ ਸਿੱਧੇ ਹਮਲੇ ਕੀਤੇ ਜਾ ਰਹੇ ਹਨ ਅਤੇ ਇਹ ਕਾਰਪੋਰੇਟ ਹਮਲਿਆਂ ਨੂੰ ਹੋਰ ਬੇਲਗਾਮ ਕਰਨਗੇ। ਕਾਰਪੋਰੇਟ ਤਾਂ ਲੰਮੇ ਸਮੇਂ ਤੋਂ ਕਾਹਲੇ ਹਨ ਕਿ ‘ਹਾਇਰ-ਐਂਡ-ਫਾਇਰ’ ਦਾ ਪੂਰਾ ਹੱਕ ਮਿਲੇ, ਜ਼ਿਆਦਾ ਕੰਮ ਦੇ ਘੰਟੇ ਲਗਾਏ ਜਾ ਸਕਣ, ਅਤੇ ਲੋਕਤੰਤਰਿਕ ਅਧਿਕਾਰਾਂ ਨੂੰ ਕੁਚਲਿਆ ਜਾਵੇ।
ਇਸ ਮੌਕੇ ਮਹਿੰਦਰ, ਬਿਕਰਮ, ਕਾਂਸ਼ੀ ਰਾਮ ਅਤੇ ਜਸਬੀਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮਹਿੰਦਰ, ਸੰਜਾ, ਮੁਖੀ, ਸਰੇਸ਼ੋ, ਓਮਕਾਰੀ, ਅਮਿਟ ਅਤੇ ਪਿੰਕੂ ਭੱਠਾ ਮਜ਼ਦੂਰ ਵੀ ਹਾਜ਼ਰ ਸਨ।

