ਮੌਸਮ ਵਿਭਾਗ ਵੱਲੋਂ ਸੀਤ ਲਹਿਰ ਬਾਰੇ ਚਿਤਾਵਨੀ ਜਾਰੀ!
ਹਾਲਾਂਕਿ, ਮੌਸਮ ਵਿਭਾਗ ਨੇ ਕਿਹਾ- ਫਿਲਹਾਲ ਮੀਂਹ ਪੈਣ ਦੀ ਸੂਬੇ ਦੇ ਅੰਦਰ ਕੋਈ ਸੰਭਾਵਨਾ ਨਹੀਂ
ਚੰਡੀਗੜ੍ਹ, 29 ਨਵੰਬਰ, 2025 (Media PBN) :
ਪੰਜਾਬ (Punjab) ਅਤੇ ਚੰਡੀਗੜ੍ਹ (Chandigarh) ਵਿੱਚ ਹੁਣ ਠੰਢ ਨੇ ਆਪਣਾ ਅਸਲੀ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਤਾਪਮਾਨ ਡਿੱਗਣ ਦੇ ਨਾਲ ਹੀ ਸੜਕਾਂ ‘ਤੇ ਧੁੰਦ ਅਤੇ ਕੋਹਰਾ ਪੈਣਾ ਸ਼ੁਰੂ ਹੋ ਗਿਆ ਹੈ।
ਮੌਸਮ ਵਿਭਾਗ (Meteorological Department) ਦੇ ਤਾਜ਼ਾ ਅਪਡੇਟ ਅਨੁਸਾਰ, ਭਾਵੇਂ ਪਿਛਲੇ 24 ਘੰਟਿਆਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ 0.2 ਡਿਗਰੀ ਸੈਲਸੀਅਸ ਦਾ ਮਾਮੂਲੀ ਵਾਧਾ ਹੋਇਆ ਹੈ, ਪਰ ਰਾਤਾਂ ਅਜੇ ਵੀ ਠੰਢੀਆਂ ਬਣੀਆਂ ਹੋਈਆਂ ਹਨ।
ਉਧਰ ਮੌਸਮ ਵਿਭਾਗ ਨੇ ਪੰਜਾਬ ਅੰਦਰ ਸੀਤ ਲਹਿਰ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ, ਅਗਲੇ ਹਫਤੇ ਤੋਂ ਪੰਜਾਬ ਅੰਦਰ ਸੀਤ ਲਹਿਰ ਦਾ ਕਹਿਰ ਹੋਰ ਵੇਖਣ ਨੂੰ ਮਿਲੇਗਾ ਤੇ ਠੰਡੀਆਂ ਹਵਾਵਾਂ ਚੱਲਣਗੀਆਂ, ਹਾਲਾਂਕਿ ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਫਿਲਹਾਲ ਮੀਂਹ ਪੈਣ ਦੀ ਸੂਬੇ ਦੇ ਅੰਦਰ ਕੋਈ ਸੰਭਾਵਨਾ ਨਹੀਂ ਹੈ। ਇੱਥੇ ਦੱਸਦੇ ਚਲੀਏ ਕਿ ਦਿਨ ਵੇਲੇ ਧੁੱਪ ਅਤੇ ਸ਼ਾਮ ਸਵੇਰੇ ਨੂੰ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ, ਜਿਸ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ।
ਫਰੀਦਕੋਟ (Faridkot) ਸੂਬੇ ਦਾ ਸਭ ਤੋਂ ਠੰਢਾ ਸ਼ਹਿਰ ਰਿਹਾ, ਜਿੱਥੇ ਰਾਤ ਦਾ ਤਾਪਮਾਨ 4.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਅਗਲੇ 7 ਦਿਨ ਮੌਸਮ ਰਹੇਗਾ ਖੁਸ਼ਕ
ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਸੱਤ ਦਿਨਾਂ ਤੱਕ ਮੌਸਮ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ ਅਤੇ ਇਹ ਖੁਸ਼ਕ (Dry) ਬਣਿਆ ਰਹੇਗਾ। ਹਾਲਾਂਕਿ, ਕਣਕ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋਣ ਦੇ ਨਾਲ ਹੀ ਵਾਤਾਵਰਣ ਵਿੱਚ ਨਮੀ ਅਤੇ ਧੁੰਦ ਵਧ ਗਈ ਹੈ। ਆਉਣ ਵਾਲੀਆਂ ਰਾਤਾਂ ਹੋਰ ਠੰਢੀਆਂ ਹੋਣ ਵਾਲੀਆਂ ਹਨ, ਕਿਉਂਕਿ ਅਗਲੇ ਕੁਝ ਦਿਨਾਂ ਵਿੱਚ ਤਾਪਮਾਨ ਵਿੱਚ ਇੱਕ ਡਿਗਰੀ ਦੀ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ।
ਵਿਭਾਗ ਮੁਤਾਬਕ, ਇਸ ਸਮੇਂ ਆਮ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦੇ ਨੇੜੇ ਹੈ, ਜੋ 3 ਦਸੰਬਰ ਤੱਕ ਡਿੱਗ ਕੇ 7 ਡਿਗਰੀ ਤੱਕ ਪਹੁੰਚ ਜਾਵੇਗਾ। ਸਿਰਫ਼ ਰਾਤ ਹੀ ਨਹੀਂ, ਦਿਨ ਦੇ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਜਾਵੇਗੀ।
ਉਮੀਦ ਹੈ ਕਿ ਦਿਨ ਦਾ ਤਾਪਮਾਨ, ਜੋ ਅਜੇ 27 ਡਿਗਰੀ ਦੇ ਕਰੀਬ ਹੈ, 3 ਦਸੰਬਰ ਤੱਕ ਘਟ ਕੇ 24 ਡਿਗਰੀ ਸੈਲਸੀਅਸ ਰਹਿ ਜਾਵੇਗਾ। ਹਾਲਾਂਕਿ, ਦਿਨ ਵਿੱਚ ਧੁੱਪ ਨਿਕਲਣ ਕਾਰਨ ਠੰਢ ਦਾ ਅਹਿਸਾਸ ਥੋੜ੍ਹਾ ਘੱਟ ਹੋਵੇਗਾ, ਪਰ ਸਵੇਰੇ-ਸ਼ਾਮ ਦੀ ਸਰਦੀ ਲੋਕਾਂ ਨੂੰ ਸਤਾਵੇਗੀ।

