Teacher Protest: CM ਮਾਨ ਦੀ ਰਿਹਾਇਸ਼ ਵੱਲ ਵੱਧਦੇ ਮੈਰੀਟੋਰੀਅਸ ਅਧਿਆਪਕਾਂ ਦੀ ਪੁਲਿਸ ਨਾਲ ਤਿੱਖੀ ਬਹਿਸ! ਟੀਚਰਾਂ ਨੇ ਕੀਤੀ ਆਵਾਜਾਈ ਠੱਪ
Teacher Protest: ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਨੂੰ ਮੁੱਖ ਮੰਤਰੀ ਦੀ ਕੋਠੀ ਵੱਲ ਵਧਣ ਤੋਂ ਪ੍ਰਸ਼ਾਸਨ ਨੇ ਭਾਰੀ ਫੋਰਸ ਲਾ ਕੇ ਅੱਗੇ ਵਧਣ ਤੋਂ ਰੋਕ ਦਿੱਤਾ, ਅਧਿਆਪਕਾਂ ਨੇ ਸੜਕ ‘ਤੇ ਬਹਿ ਕੇ ਆਵਾਜਾਈ ਠੱਪ ਕੀਤੀ
ਪ੍ਰਸ਼ਾਸਨ ਤੇ ਸਰਕਾਰ ਸਾਡਾ ਮਨੋਬਲ ਨਹੀਂ ਸੁੱਟ ਸਕਦੇ: ਸੂਬਾ ਪ੍ਰਧਾਨ ਡਾ. ਟੀਨਾ
ਭਰਾਤਰੀ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸਾਥੀਆਂ ਨੇ ਭਰਵੀਂ ਗਿਣਤੀ ਵਿੱਚ ਸ਼ਮੂਲੀਅਤ ਕੀਤੀ
ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਮਿਲਣ ਤੋਂ ਬਾਅਦ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਸ਼ਾਂਤ ਹੋਏ
ਸੰਗਰੂਰ, 30 ਨਵੰਬਰ 2025 (Media PBN)
Teacher Protest- ਆਪਣੀਆਂ ਹੱਕੀ ਮੰਗਾਂ ਦੇ ਲਈ ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਸੰਗਰੂਰ ਵਿਖੇ ਪ੍ਰਦਰਸ਼ਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਨੇੜੇ, ਮੈਰੀਟੋਰੀਅਸ ਟੀਚਰਜ਼ ਨੂੰ ਪੁਲਿਸ ਪ੍ਰਸ਼ਾਸਨ ਨੇ ਭਾਰੀ ਫੋਰਸ ਲਾ ਕੇ ਜਦੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਮੈਰੀਟੋਰੀਅਸ ਅਧਿਆਪਕਾਂ ਨੇ ਮੁੱਖ ਮਾਰਗ ‘ਤੇ ਧਰਨਾ ਲਾ ਕੇ ਆਪਣਾ ਰੋਸ ਜ਼ਾਹਿਰ ਕੀਤਾ। ਵੇਰਕਾ ਬਾਰ ਕੋਲ ਸਵੇਰ ਤੋਂ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਚੇਤੇ ਰਹੇ ਕਿ ਮੈਰੀਟੋਰੀਅਸ ਸਕੂਲਾਂ ਦੇ ਟੀਚਰਜ਼ ਸਿੱਖਿਆ ਵਿਭਾਗ ਵਿੱਚ ਰੈਗੂਲਰ ਹੋਣ ਲਈ ਅਤੇ ਪਿਛਲੇ ਲੰਮੇ ਸਮੇਂ ਦੇ ਰੁਕੇ ਬਕਾਏ ਤੇ ਤਨਖ਼ਾਹ ਵਾਧਿਆਂ ਲਈ ਨਿਰੰਤਰ ਸੰਘਰਸ਼ ਦੇ ਰਾਹ ਪਏ ਹੋਏ ਹਨ।
ਮੈਰੀਟੋਰੀਅਸ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਟੀਨਾ ਨੇ ਕਿਹਾ ਕਿ ਪੈੱਨਲ ਮੀਟਿੰਗਾਂ ਵਿੱਚ ਮੈਰੀਟੋਰੀਅਸ ਟੀਚਰਜ਼ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਹਿਮਤੀ ਪ੍ਰਗਟਾਈ ਗਈ ਹੈ, ਇਸ ਫ਼ੈਸਲੇ ਨੂੰ ਲਾਗੂ ਕਰਨ ਵਿੱਚ ਲਗਾਤਾਰ ਦੇਰੀ ਹੋ ਰਹੀ ਹੈ, ਨਾ ਸਮੇਂ ‘ਤੇ ਕੋਈ ਮੀਟਿੰਗ, ਨਾ ਮੀਟਿੰਗਾਂ ਵਿੱਚ ਕੋਈ ਹੱਲ ਨਿੱਕਲ ਰਿਹਾ, ਜੇਕਰ ਸਰਕਾਰ ਨੇ ਇਸ ਤਰ੍ਹਾਂ ਹੀ ਵਤੀਰਾ ਧਾਰਨ ਕਰੀ ਰੱਖਿਆ ਤਾਂ ਜਥੇਬੰਦੀ ਨੂੰ ਹੁਣ ਤਿੱਖੇ ਐਕਸ਼ਨਾਂ ਲਈ ਮਜ਼ਬੂਰ ਹੋਣਾ ਪਵੇਗਾ। ਸੂਬਾ ਸਕੱਤਰ ਡਾ. ਅਜੇ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਸਕੂਲਾਂ ਦੇ ਖੁ਼ਦ ਪ੍ਰੈਜੀਡੈਂਟ ਹਨ, ਸਿੱਧੇ ਤੌਰ ‘ਤੇ ਇਹ ਸਕੂਲ ਉਹਨਾਂ ਦੇ ਅਧੀਨ ਹਨ, ਪਰ ਮੁੱਖ ਮੰਤਰੀ ਨੇ ਇੱਕ ਵੀ ਮੀਟਿੰਗ ਮੈਰੀਟੋਰੀਅਸ ਟੀਚਰਜ਼ ਨਾਲ ਨਹੀਂ ਕੀਤੀ।
ਮੈਰੀਟੋਰੀਅਸ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਵਿਪਨੀਤ ਕੌਰ ਨੇ ਕਿਹਾ ਕਿ ਸਿੱਖਿਆ ਦੇ ਨਾਮ ‘ਤੇ ਸੱਤਾ ਵਿੱਚ ਆਮ ਆਦਮੀ ਪਾਰਟੀ ਦੇ ਦਾਅਵੇ ਖੋਖਲੇ ਹੋ ਰਹੇ ਨੇ, ਸਰਕਾਰ ਮੈਰੀਟੋਰੀਅਸ ਟੀਚਰਜ਼ ਦੇ ਪਿਛਲੇ ਸਮੇਂ ਦੇ ਰੁਕੇ ਬਕਾਏ ਤੇ ਤਨਖ਼ਾਹ ਵਾਧੇ ਵੀ ਪੂਰੀ ਤਰ੍ਹਾਂ ਜਾਰੀ ਨਹੀਂ ਹੋਏ, ਸਰਕਾਰ ਵੱਲੋਂ ਮੰਗਾਂ ਨੂੰ ਨਜ਼ਰਅੰਦਾਜ਼ ਕਰਕੇ ਡੰਗ ਟਪਾਇਆ ਜਾ ਰਿਹਾ ਹੈ, ਅਧਿਆਪਕਾਂ ਦੇ ਚੰਗੇ ਨਤੀਜਿਆਂ ਦੀ ਕਦਰ ਨਹੀਂ ਪਾਈ ਜਾ ਰਹੀ। ਪਿਛਲੇ 10 ਸਾਲਾਂ ਵਿੱਚ ਤਨਖਾਹ ਵਾਧਾ ਨਾਮਾਤਰ ਹੋਇਆ ਹੈ। ਇਸ ਤੋਂ ਜ਼ਿਆਦਾ ਸ਼ੋਸ਼ਣ ਹੋਰ ਕੀ ਹੋ ਸਕਦਾ ਹੈ। ਮੈਰੀਟੋਰੀਅਸ ਅਧਿਆਪਕਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰ ਕੇ ਸਰਕਾਰ ਦਾ ਭੰਡੀ ਪ੍ਰਚਾਰ ਕੀਤਾ।
ਯੂਨੀਅਨ ਦੇ ਰੋਹ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ 10 ਦਸੰਬਰ ਦੀ ਪੈਨਲ ਮੀਟਿੰਗ ਨਿਸ਼ਚਿਤ ਕਰਵਾਈ ਗਈ, ਭਰਾਤਰੀ ਜਥੇਬੰਦੀਆਂ ਵਿੱਚੋਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜਨਰਲ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਕਿਹਾ ਕਿ ਮੈਰੀਟੋਰੀਅਸ ਟੀਚਰਜ਼ ਲਗਾਤਾਰ ਕਿਸਾਨਾਂ, ਕਿਰਤੀਆਂ ਦੇ ਬੱਚੇ ਨੂੰ ਪੜ੍ਹਾ ਲਿਖਾ ਕੇ ਉੱਚ-ਕੋਟੀ ਦੇ ਅਫ਼ਸਰ ਬਣਾ ਰਹੇ ਹਨ, ਜਥੇਬੰਦੀ ਡਟ ਕੇ ਇਹਨਾਂ ਅਧਿਆਪਕਾਂ ਨਾਲ ਖੜ੍ਹੇਗੀ ਤੇ ਮੰਗਾਂ ਹੱਲ ਕਰਵਾਏਗੀ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਮੈਰੀਟੋਰੀਅਸ ਟੀਚਰਜ਼ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰੇ, ਹੋਰ ਆਨਾਕਾਨੀ ਕਰਨੀ ਹੁਣ ਠੀਕ ਨਹੀਂ, ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਫੌਰੀ ਇਸ ਮਸਲੇ ਨੂੰ ਹੱਲ ਕਰਨ, ਡੈਮੋਕ੍ਰੇਟਿਕ ਹਿਮਾਇਤ ਕਰਦੀ ਹੈ, ਮੈਰੀਟੋਰੀਅਸ ਟੀਚਰਜ਼ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜ੍ਹਾਂਗੇ ਤਾਂ ਕਿ ਇਹਨਾਂ ਅਧਿਆਪਕਾਂ ਨੂੰ ਇਨਸਾਫ਼ ਮਿਲ ਸਕੇ।
ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ. ਐੱਫ਼) ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਸਿੱਖਿਆ ਦੇ ਨਾਮ ‘ਤੇ ਜੋ ਵੰਡੀਆਂ ਪਾਈਆਂ ਇਹ ਠੀਕ ਨਹੀਂ, ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੂੰ ਜਲਦ ਸਰਕਾਰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰੇ। ਮੈਰੀਟੋਰੀਅਸ ਟੀਚਰਜ਼ ਯੂਨੀਅਨ ਦੇ ਵਿੱਤ ਸਕੱਤਰ ਰਾਕੇਸ਼ ਕੁਮਾਰ ਨੇ ਕਿਹਾ ਕਿ ਕਿਰਤੀ ਬੱਚੇ ਇੱਥੋਂ ਪੜ੍ਹ ਕੇ ਚੰਗੇ ਕੋਰਸ ਵੱਲ ਜਾਂਦੇ ਹਨ, ਸਰਕਾਰ ਸਾਡੀਆਂ ਸੇਵਾਵਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰੇ। ਮੈਰੀਟੋਰੀਅਸ ਸਕੂਲਾਂ ਤੋਂ ਪੜ੍ਹੇ ਬੱਚਿਆਂ ਦੇ ਮਾਪਿਆਂ ਵਿੱਚੋਂ ਜਰਨੈਲ ਕੌਰ ਸ਼ਾਮਿਲ ਹੋਏ।
ਇਸ ਸਮੇਂ ਮੈਰੀਟੋਰੀਅਸ ਟੀਚਰਜ਼ ਯੂਨੀਅਨ ਦੇ ਸੂਬਾ ਆਗੂ ਵਿਕਾਸ ਪੁਰੀ, ਸਿਮਰਜੀਤ ਕੌਰ, ਬੂਟਾ ਸਿੰਘ ਮਾਨ, ਮਨੋਜ ਕੁਮਾਰ, ਅਜੇ ਕੁਮਾਰ, ਮੋਹਿਤ ਪੂਨੀਆ, ਦਵਿੰਦਰ ਸਿੰਘ, ਬਲਰਾਜ ਸਿੰਘ, ਕੇਵਲ ਸਿੰਘ, ਲਖਵੀਰ ਸਿੰਘ, ਮਨਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਅਮਰੀਸ਼ ਸ਼ਰਮਾ ਆਗੂ ਹਾਜ਼ਰ ਰਹੇ। ਇਸ ਤੋਂ ਇਲਾਵਾ ਭਰਾਤਰੀ ਜਥੇਬੰਦੀ ਡੀ.ਟੀ. ਐੱਫ਼ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਤੇ ਡੀ.ਟੀ.ਐੱਫ਼ ਦੇ ਸਾਬਕਾ ਜਨਰਲ ਸਕੱਤਰ ਬਲਵੀਰ ਚੰਦ ਜੀ ਤੇ ਹੋਰ ਸਾਥੀ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ।

