DTF ਫਿਰੋਜ਼ਪੁਰ ਦਾ ਜ਼ਿਲ੍ਹਾ ਇਜਲਾਸ ਸੰਪੰਨ; ਅਧਿਆਪਕਾਂ ਵੱਲੋਂ ਭਰਵੀਂ ਸ਼ਮੂਲੀਅਤ- ਮਲਕੀਤ ਹਰਾਜ ਬਣੇ ਪ੍ਰਧਾਨ
ਮਲਕੀਤ ਹਰਾਜ ਜਿਲ੍ਹਾ ਪ੍ਰਧਾਨ, ਗੁਰਵਿੰਦਰ ਖੋਸਾ ਜਿਲ੍ਹਾ ਸਕੱਤਰ ਅਤੇ ਅਮਿਤ ਸ਼ਰਮਾ ਵਿੱਤ ਸਕੱਤਰ ਚੁਣੇ ਗਏ
ਪੁਰਾਣੀ ਪੈਨਸ਼ਨ, ਪੰਜਾਬ ਸਕੇਲ ਅਤੇ ਭੱਤਿਆਂ ਦੀ ਬਹਾਲੀ ਲਈ ਸਾਂਝੀ ਸੰਘਰਸ਼ੀ ਲਹਿਰ ਉਸਾਰਨ ਦਾ ਤਹੱਈਆ
ਫ਼ਿਰੋਜ਼ਪੁਰ, 30 ਨਵੰਬਰ 2025 (Media PBN)
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ (ਜਿਲ੍ਹਾ ਇਕਾਈ ਫਿਰੋਜ਼ਪੁਰ) ਦਾ ਜਿਲ੍ਹਾ ਇਜਲਾਸ ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿਖੇ ਕੀਤਾ ਗਿਆ, ਜਿਸ ਵਿੱਚ ਜਿਲ੍ਹੇ ਭਰ ਤੋਂ ਵੱਡੀ ਗਿਣਤੀ ਅਧਿਆਪਕਾਂ ਨੇ ਹਿੱਸਾ ਲਿਆ। ਇਸੇ ਇਜਲਾਸ ਵਿੱਚ ਜਿਲ੍ਹਾ ਪੱਧਰੀ ਕਨਵੈਨਸ਼ਨ ‘ਚ ਹੋਈ ਚਰਚਾ ਦਰਮਿਆਨ ਪੁਰਾਣੀ ਪੈਨਸ਼ਨ, ਪੰਜਾਬ ਸਕੇਲ ਅਤੇ ਭੱਤਿਆਂ ਦੀ ਬਹਾਲੀ ਲਈ ਸਾਂਝੀ ਸੰਘਰਸ਼ੀ ਲਹਿਰ ਉਸਾਰਨ ਦਾ ਤਹੱਈਆ ਕੀਤਾ ਗਿਆ।
ਇਜਲਾਸ ਦੀ ਸ਼ੁਰੂਆਤ ਵਿੱਚ ਡੀ.ਟੀ.ਐੱਫ. ਆਗੂ ਅਮਿਤ ਸ਼ਰਮਾ ਨੇ ਜਿਲ੍ਹੇ ਭਰ ਤੋਂ ਆਏ ਅਧਿਆਪਕਾਂ ਤੇ ਬਾਕੀ ਸਾਥੀਆਂ ਦਾ ਸਵਾਗਤ ਕੀਤਾ। ਜਥੇਬੰਦੀ ਦੇ ਆਗੂ ਗੁਰਵਿੰਦਰ ਸਿੰਘ ਖੋਸਾ ਨੇ ਡੀ.ਟੀ.ਐੱਫ. ਵੱਲੋਂ ਪਿਛਲੇ ਸਮੇਂ ਵਿੱਚ ਵੱਖ-ਵੱਖ ਸੰਘਰਸ਼ਾਂ ਰਾਹੀਂ ਪਾਏ ਯੋਗਦਾਨ, ਜੱਥੇਬੰਦੀ ਦੀਆਂ ਸਰਗਰਮੀਆਂ ਬਾਰੇ ਰਿਪੋਰਟ ਪੜ੍ਹੀ ਗਈ, ਜਿਸ ਨੂੰ ਹਾਜ਼ਰ ਅਧਿਆਪਕਾਂ ਨੇ ਚਰਚਾ ਕਰਨ ਉਪਰੰਤ ਸਰਵਸੰਮਤੀ ਨਾਲ ਪਾਸ ਕੀਤਾ। ਡੀ.ਟੀ.ਐੱਫ. ਦੇ ਸੂਬਾ ਕਮੇਟੀ ਮੈਂਬਰ ਸਰਬਜੀਤ ਸਿੰਘ ਭਾਵੜਾ ਨੇ ਸਟੇਜ ਦਾ ਸੰਚਾਲਨ ਕੀਤਾ ਅਤੇ ਸੂਬਾ ਪ੍ਰੈੱਸ ਸਕੱਤਰ ਪਵਨ ਕੁਮਾਰ ਮੁਕਤਸਰ ਬਤੌਰ ਅਬਜ਼ਰਵਰ ਸ਼ਾਮਿਲ ਰਹੇ।
ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਆਪਣੇ ਸੰਬੋਧਨ ਵਿੱਚ ਸਰਮਾਏਦਾਰ ਪੱਖੀ ਪ੍ਰਬੰਧ ਅਧੀਨ ਜਨਤਕ ਅਦਾਰਿਆਂ ਨੂੰ ਖ਼ਤਮ ਕਰਨ ਦੇ ਯਤਨਾਂ ਤੋਂ ਸੁਚੇਤ ਹੋਣ ਅਤੇ ਮੁਲਾਜ਼ਮ ਵਰਗ ਤੋਂ ਖੋਹੀ ਗਈ ਪੈਨਸ਼ਨ, ਤਨਖ਼ਾਹ ਸਕੇਲ ਅਤੇ ਭੱਤਿਆਂ ਦੀ ਬਹਾਲੀ ਲਈ ਚੇਤਨ ਹੋ ਕੇ ਸਾਂਝੇ ਸੰਘਰਸ਼ਾਂ ਦੇ ਰਾਹ ‘ਤੇ ਅੱਗੇ ਵਧਣ ਦਾ ਸੱਦਾ ਦਿੱਤਾ। ਇਸ ਮੌਕੇ ਉਨ੍ਹਾਂ ਨਵੀਂ ਜਿਲ੍ਹਾ ਕਮੇਟੀ ਦਾ ਪੈਨਲ ਪੇਸ਼ ਕੀਤਾ ਜਿਸਨੂੰ ਇਜਲਾਸ ਵੱਲੋਂ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ।
ਇਸ ਤਹਿਤ ਮਲਕੀਤ ਸਿੰਘ ਹਰਾਜ ਜਿਲ੍ਹਾ ਪ੍ਰਧਾਨ, ਗੁਰਵਿੰਦਰ ਸਿੰਘ ਖੋਸਾ ਨੂੰ ਜਿਲ੍ਹਾ ਸਕੱਤਰ, ਅਮਿਤ ਸ਼ਰਮਾ ਨੂੰ ਵਿੱਤ ਸਕੱਤਰ, ਦਵਿੰਦਰ ਨਾਥ, ਰਾਜ ਕੁਮਾਰ ਮਹਿਰੋਕ ਅਤੇ ਅਮਿਤ ਕੰਬੋਜ਼ ਨੂੰ ਮੀਤ ਪ੍ਰਧਾਨ, ਹੀਰਾ ਸਿੰਘ ਤੂਤ ਨੂੰ ਪ੍ਰੈਸ ਸਕੱਤਰ, ਮਨੋਜ ਕੁਮਾਰ ਨੂੰ ਸਹਾਇਕ ਵਿੱਤ ਸਕੱਤਰ, ਸਵਰਨ ਸਿੰਘ ਜੋਸਨ ਨੂੰ ਸਹਾਇਕ ਪ੍ਰੈਸ ਸਕੱਤਰ, ਨਰਿੰਦਰ ਜੰਮੂ, ਰਾਮ ਕੁਮਾਰ, ਹਰਜਿੰਦਰ ਜਨੇਰ ਨੂੰ ਸੰਯੁਕਤ ਸਕੱਤਰ ਅਤੇ ਜਿਲ੍ਹਾ ਕਮੇਟੀ ਮੈਂਬਰ ਤੇ ਬਲਾਕ ਪ੍ਰਧਾਨਾਂ ਵਜੋਂ ਵਿਕਰਮ ਜੀਤ (ਫ਼ਿਰੋਜ਼ਪੁਰ-1), ਸਵਰਨ ਸਿੰਘ ਜੋਸਨ (ਫ਼ਿਰੋਜ਼ਪੁਰ-2), ਅਨਿਲ ਧਵਨ (ਫ਼ਿਰੋਜ਼ਪੁਰ-3), ਗਗਨ ਮਿੱਤਲ (ਜੀਰਾ), ਸੰਦੀਪ ਕੁਮਾਰ (ਮੱਖੂ), ਗੁਰਹਰਸਹਾਏ ਤਹਿਸੀਲ ਤੋਂ ਹਰਦੀਪ ਸਿੰਘ, ਬਲਵਿੰਦਰ ਸਿੰਘ, ਜੈਦੇਵ ਪੁੱਗਲ, ਵਿਪਣ ਕੰਬੋਜ, ਗੁਰਦਰਸ਼ਨ ਸਿੰਘ, ਮੁਖਤਿਆਰ ਸਿੰਘ, ਅੰਕੁਸ਼ ਕੰਬੋਜ, ਦਰਸ਼ਨ ਸਿੰਘ, ਵਰਿੰਦਰ ਪਾਲ ਸਿੰਘ (ਮੱਲਾਂਵਾਲਾਂ), ਕਿਰਪਾਲ ਸਿੰਘ (ਸਤੀਏਵਾਲਾ) ਅਤੇ ਅਰਵਿੰਦ ਗਰਗ (ਘੱਲ ਖੁਰਦ) ਨੂੰ ਸ਼ਾਮਿਲ ਕੀਤਾ ਗਿਆ।
ਜਿਲ੍ਹਾ ਪੱਧਰੀ ਕਨਵੈਨਸ਼ਨ ਦੌਰਾਨ ਵਿਚਾਰ ਰੱਖਦੇ ਹੋਏ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਦੇ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਨੇ ਨਵੀਂ ਪੈਨਸ਼ਨ ਸਕੀਮ ਅਤੇ ਯੂਨੀਫਾਈਡ ਪੈਨਸ਼ਨ ਸਕੀਮ ਨੂੰ ਮੁਲਾਜ਼ਮ ਵਿਰੋਧੀ ਕਰਾਰ ਦਿੰਦੇ ਹੋਈ ਪੁਰਾਣੀ ਪੈਨਸ਼ਨ ਸਕੀਮ ਦੀ ਪ੍ਰਾਪਤੀ ਲਈ ਸੰਘਰਸ਼ ਨੂੰ ਵਿਆਪਕ ਰੂਪ ਦੇਣ ਦੀ ਗੱਲ ਆਖੀ, 6635 ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ਼ ਅਤੇ ਸੂਬਾ ਸਕੱਤਰ ਸ਼ਲਿੰਦਰ ਕੰਬੋਜ਼ ਨੇ 17 ਜੁਲਾਈ 2025 ਜਾਂ ਇਸ ਤੋਂ ਬਾਅਦ ਪੰਜਾਬ ਵਿੱਚ ਭਰਤੀ ਮੁਲਾਜ਼ਮਾਂ ‘ਤੇ ਲਾਗੂ ਕੀਤੇ ਨਵੇਂ ਤਨਖ਼ਾਹ ਸਕੇਲਾਂ ਨੂੰ ਨਵ ਨਿਯੁਕਤ ਮੁਲਾਜ਼ਮਾਂ ਲਈ ਮਾਰੂ ਦੱਸਿਆ ਅਤੇ ਡੀ.ਟੀ.ਐੱਫ. ਵੱਲੋਂ ਸਾਂਝੇ ਸੰਘਰਸ਼ਾਂ ਵਿੱਚ ਪਾਏ ਯੋਗਦਾਨ ਸ਼ਲਾਘਾ ਕੀਤੀ।
ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਸਿੱਖਿਆ ਪ੍ਰਬੰਧ ਨੂੰ ਜਮਹੂਰੀ ਅਤੇ ਵਿਗਿਆਨਕ ਬਣਾਉਣ ਅਤੇ ਕਾਰਪੋਰੇਟ ਦੀ ਲੁੱਟ ਖਿਲਾਫ਼ ਸਾਰੇ ਵਰਗਾਂ ਨੂੰ ਸੰਘਰਸ਼ਾਂ ਵਿੱਚ ਇੱਕਜੁੱਟ ਹੋਣ ਦੀ ਅਪੀਲ ਕੀਤੀ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਦੀ ਨਵੀਂ ਚੁਣੀ ਕਮੇਟੀ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਜਿਲ੍ਹੇ ਅੰਦਰ ਅਧਿਆਪਕ ਵਰਗ ਦੇ ਅੰਗ ਸੰਗ ਰਹਿ ਕੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸਮੱਗਰਾ ਸਿੱਖਿਆ ਅਭਿਆਨ ਯੂਨੀਅਨ ਦੇ ਆਗੂ ਰਾਜਿੰਦਰ ਸਿੰਘ ਸੰਧਾ ਅਤੇ ਕੰਪਿਊਟਰ ਅਧਿਆਪਕਾਂ ਦੇ ਆਗੂ ਗੁਰਵਿੰਦਰ ਸਿਮਕ ਨੇ ਭਰਾਤਰੀ ਸੰਦੇਸ਼ ਦਿੱਤਾ।
ਇਜਲਾਸ ਦੇ ਅੰਤ ਵਿੱਚ ਨਵੇਂ ਚੁਣੇ ਗਏ ਜਿਲ੍ਹਾ ਪ੍ਰਧਾਨ ਮਲਕੀਤ ਹਰਾਜ ਨੇ ਡੀ. ਟੀ. ਐੱਫ. ਦੀ ਨਵੀਂ ਜਿਲ੍ਹਾ ਕਮੇਟੀ ਸਾਹਮਣੇ ਮਿੱਥੇ ਕਾਰਜਾਂ ਨੂੰ ਪੂਰਾ ਕਰਨ ਦਾ ਅਹਿਦ ਲੈਂਦਿਆਂ ਸਮੂਹ ਅਧਿਆਪਕਾਂ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਦਾ ਇਜਲਾਸ ਅਤੇ ਕਨਵੈਨਸ਼ਨ ਵਿੱਚ ਸ਼ਮੂਲੀਅਤ ਕਰਨ ਲਈ ਧੰਨਵਾਦ ਕੀਤਾ।

