ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਲੋਕ ਘਰਾਂ ‘ਚੋਂ ਆਏ ਬਾਹਰ

All Latest NewsNational NewsNews FlashTop BreakingTOP STORIES

 

 

ਨਵੀਂ ਦਿੱਲੀ/ਸੋਨੀਪਤ, 2 ਦਸੰਬਰ, 2025:

ਇੱਕ ਪਾਸੇ ਜਿੱਥੇ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਦੇਸ਼ ਦੇ ਕਈ ਸੂਬਿਆਂ ਵਿੱਚ ਚੱਕਰਵਾਤੀ ਤੂਫਾਨ ਆਇਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਅਤੇ ਉਸ ਨਾਲ ਲੱਗਦੇ ਦਿੱਲੀ-ਐਨਸੀਆਰ (Delhi-NCR) ਦੇ ਇਲਾਕਿਆਂ ਵਿੱਚ ਸੋਮਵਾਰ ਰਾਤ ਠੀਕ 9:22 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸਦੀ ਤੀਬਰਤਾ 3.2 ਮਾਪੀ ਗਈ ਹੈ।

ਦੱਸ ਦਈਏ ਕਿ ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਮੁਤਾਬਕ ਇਸਦਾ ਕੇਂਦਰ ਸੋਨੀਪਤ ਸ਼ਹਿਰ (Sonipat) ਸੀ। ਰਾਤ ਦੇ ਸਮੇਂ ਆਏ ਇਨ੍ਹਾਂ ਝਟਕਿਆਂ ਕਾਰਨ ਕਈ ਲੋਕ ਡਰ ਦੇ ਮਾਰੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ।

ਭੂਚਾਲ ਵਿਗਿਆਨੀਆਂ ਮੁਤਾਬਕ, ਇਸ ਭੂਚਾਲ ਦੀ ਡੂੰਘਾਈ ਜ਼ਮੀਨ ਤੋਂ ਮਹਿਜ਼ 5 ਕਿਲੋਮੀਟਰ ਹੇਠਾਂ ਸੀ। ਇਸਦਾ ਕੇਂਦਰ ਵਿਥਕਾਰ (Latitude) 28.96 ਉੱਤਰ ਅਤੇ ਲੰਬਕਾਰ (Longitude) 77.12 ਪੂਰਬ ‘ਤੇ ਸਥਿਤ ਸੀ। ਘੱਟ ਡੂੰਘਾਈ ਹੋਣ ਕਾਰਨ ਇਸਦੇ ਝਟਕੇ ਆਸ-ਪਾਸ ਦੇ ਖੇਤਰਾਂ ਵਿੱਚ ਸਪੱਸ਼ਟ ਰੂਪ ਵਿੱਚ ਮਹਿਸੂਸ ਕੀਤੇ ਗਏ।

ਰਾਹਤ ਦੀ ਗੱਲ ਇਹ ਹੈ ਕਿ ਪ੍ਰਸ਼ਾਸਨ ਨੂੰ ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ ਹੈ। ਹਾਲਾਂਕਿ, ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਦਿੱਲੀ-ਐਨਸੀਆਰ ਦਾ ਇਹ ਖੇਤਰ ‘ਸਿਸਮਿਕ ਜ਼ੋਨ 4’ (Seismic Zone 4) ਵਿੱਚ ਆਉਂਦਾ ਹੈ, ਜਿਸਨੂੰ ਭੂਚਾਲ ਦੇ ਲਿਹਾਜ਼ ਨਾਲ ਦਰਮਿਆਨੇ ਤੋਂ ਉੱਚ-ਜੋਖਮ ਵਾਲਾ ਮੰਨਿਆ ਜਾਂਦਾ ਹੈ।

ਹਿਮਾਲੀਅਨ ਟੱਕਰ ਜ਼ੋਨ (Himalayan Collision Zone) ਦੇ ਨੇੜੇ ਹੋਣ ਕਾਰਨ ਇਹ ਪੂਰਾ ਇਲਾਕਾ ਭੂਚਾਲ ਲਈ ਬੇਹੱਦ ਸੰਵੇਦਨਸ਼ੀਲ ਹੈ, ਇਸ ਲਈ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸੋਨੀਪਤ ਵਿੱਚ ਕਈ ਵਾਰ ਭੁਚਾਲ ਦੇ ਝਟਕੇ ਲੱਗ ਚੁੱਕੇ ਹਨ, ਜਿਸ ਨੂੰ ਲੈ ਕੇ ਭੁਚਾਲ ਵਿਗਿਆਨੀਆਂ ਨੇ ਪਹਿਲਾਂ ਵੀ ਚੇਤਾਵਨੀਆਂ ਜਾਰੀ ਕੀਤੀਆਂ ਹਨ। ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਪਿਛਲੇ ਮਹੀਨੇ ਅਫਗਾਨਿਸਤਾਨ ਵਿੱਚ ਆਏ ਭੂਚਾਲ ਦੇ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਸੀ।

 

Media PBN Staff

Media PBN Staff