ਪੰਜਾਬ ਦੇ 5000 ਸਰਕਾਰੀ ਅਧਿਆਪਕਾਂ ਦੇ ਹੱਕ ‘ਚ ਵੱਡਾ ਫ਼ੈਸਲਾ!

All Latest NewsNews FlashPunjab News

 

ਪੰਜਾਬ ਨੇ ਸਕੂਲ ਅਧਿਆਪਕਾਂ ਨੂੰ ਕਰੀਅਰ ਮੈਂਟਰ ਵਜੋਂ ਸਿਖਲਾਈ ਦੇਣ ਲਈ ਆਈ.ਆਈ.ਟੀ. ਮਦਰਾਸ ਨਾਲ ਹੱਥ ਮਿਲਾਇਆ

ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਨ ਵਾਸਤੇ 5 ਹਜ਼ਾਰ ਤੋਂ ਵੱਧ ਅਧਿਆਪਕਾਂ ਦੀ ਸਿਖਲਾਈ ਲਈ ਪਹਿਲਕਦਮੀ ਕਰਨ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ: ਹਰਜੋਤ ਸਿੰਘ ਬੈਂਸ

ਅਧਿਆਪਕਾਂ ਨੂੰ ਟੌਪ 100 ਉੱਚ-ਮੰਗ ਵਾਲੇ ਕਰੀਅਰ ਅਤੇ ਆਲਮੀ ਰੁਝਾਨਾਂ ਤੱਕ ਆਸਾਨ ਪਹੁੰਚ ਪ੍ਰਾਪਤ ਹੋਵੇਗੀ: ਬੈਂਸ

ਚੰਡੀਗੜ੍ਹ, 6 ਦਸੰਬਰ 2025 (Media PBN) –

ਆਈ.ਆਈ.ਟੀ. ਮਦਰਾਸ ਪ੍ਰਵਰਤਕ ਨਾਲ ਭਾਈਵਾਲੀ ਕਰਕੇ ਸੂਬਾ ਪੱਧਰ ਉੱਤੇ ਕਰੀਅਰ ਗਾਈਡੈਂਸ ਪ੍ਰੋਗਰਾਮ ਸ਼ੁਰੂ ਕਰਨ ਵਾਲਾ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ। ਇਸ ਪ੍ਰੋਗਰਾਮ ਤਹਿਤ ਹਰੇਕ ਅਧਿਆਪਕ ਨੂੰ ਇੱਕ ਟਰੇਂਡ ਕਰੀਅਰ ਮੈਂਟਰ ਬਣਾਉਣ ਲਈ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾਵੇਗਾ।

ਇੱਥੇ ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਅਹਿਮ ਪ੍ਰੋਗਰਾਮ ਤਹਿਤ 5,000 ਤੋਂ ਵੱਧ ਅਧਿਆਪਕਾਂ ਨੂੰ ਸਿਖਲਾਈ ਯਕੀਨੀ ਬਣਾਈ ਜਾਵੇਗੀ ਤਾਂ ਜੋ ਉਹ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਨ, ਕਰੀਅਰ ਬਾਰੇ ਵਿਕਲਪਾਂ ਸਬੰਧੀ ਸਟੀਕ ਜਾਣਕਾਰੀ ਦੇਣ ਅਤੇ ਕਰੀਅਰ ਦੀ ਚੋਣ ਬਾਰੇ ਮਾਰਗਦਰਸ਼ਨ ਕਰ ਸਕਣ।

ਬੈਂਸ ਨੇ ਕਿਹਾ ਕਿ ਇਹ ਪ੍ਰੋਗਰਾਮ ਅਧਿਆਪਕਾਂ ਨੂੰ ਬੁਨਿਆਦੀ ਕਰੀਅਰ ਕਾਊਂਸਲਿੰਗ, ਕਲਾਸਰੂਮ ਸੈਸ਼ਨਾਂ ਲਈ ਹੁਨਰ ਅਤੇ ਵਨ-ਟੂ-ਵਨ ਗਾਈਡੈਂਸ ਤਹਿਤ ਮੁਫਤ ਔਨਲਾਈਨ ਸਿਖਲਾਈ ਦਿੱਤੀ ਜਾਵੇਗੀ।

ਇਸ ਪ੍ਰੋਗਰਾਮ ਤਹਿਤ ਅਧਿਆਪਕ ਟੌਪ 100 ਉੱਚ-ਮੰਗ ਵਾਲੇ ਕਰੀਅਰਾਂ, ਢਾਂਚਾਗਤ ਮੁਲਾਂਕਣ ਸਾਧਨਾਂ ਅਤੇ ਕੌਮੀ ਅਤੇ ਆਲਮੀ ਪੱਧਰ ’ਤੇ ਉੱਭਰ ਰਹੇ ਕਰੀਅਰ ਰੁਝਾਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਨਗੇ। ਆਈ.ਆਈ.ਟੀ. ਮਦਰਾਸ ਪ੍ਰਵਰਤਕ ਨਿਰੰਤਰ ਅਕਾਦਮਿਕ ਸਹਾਇਤਾ ਅਤੇ ਡਿਜੀਟਲ ਸਰੋਤ ਪ੍ਰਦਾਨ ਕਰੇਗਾ।

ਬੈਂਸ ਨੇ ਕਿਹਾ ਕਿ ਇਸ ਸਾਂਝੇਦਾਰੀ ਰਾਹੀਂ ਸਾਡਾ ਟੀਚਾ ਅਧਿਆਪਕਾਂ ਨੂੰ ਆਪਣੇ ਸਕੂਲਾਂ ਵਿੱਚ ਪ੍ਰਭਾਵਸ਼ਾਲੀ ਕਰੀਅਰ ਸਲਾਹਕਾਰ ਵਜੋਂ ਸੇਵਾ ਨਿਭਾਉਣ ਦੇ ਯੋਗ ਬਣਾ ਕੇ ਇੱਕ ਸਾਰਥਕ ਤੇ ਉਸਾਰੂ ਪ੍ਰਭਾਵ ਪਾਉਣਾ ਹੈ। ਇਸ ਸ਼ਮੂਲੀਅਤ ਰਾਹੀਂ ਅਧਿਆਪਕ ਇੱਕ ਢਾਂਚਾਗਤ ਕਰੀਅਰ ਮਾਰਗਦਰਸ਼ਨ ਵਾਤਾਵਰਣ ਦੀ ਰੀੜ੍ਹ ਦੀ ਹੱਡੀ ਵਜੋਂ ਕੰਮ ਕਰਨਗੇ।

ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਅਧਿਆਪਕਾਂ ਲਈ ਰਾਜ-ਪੱਧਰੀ ਕਰੀਅਰ ਕਾਉਂਸਲਿੰਗ ਗਾਈਡੈਂਸ ਪ੍ਰੋਗਰਾਮ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ।

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ  ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਇਹ ਸਾਰੇ ਅਧਿਆਪਕ , ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸਮਰੱਥਾ ਦੀ ਪਛਾਣ ਕਰਨ, ਨਵੇਂ ਯੁੱਗ ਦੇ ਪੇਸ਼ਿਆਂ ਦੀ ਪੜਚੋਲ ਕਰਨ ਅਤੇ ਸਬੂਤ ਅਤੇ ਯੋਗਤਾ ’ਤੇ ਆਧਾਰਿਤ ਰਸਤੇ ਚੁਣਨ ਵਿੱਚ ਮਦਦ ਕਰਨ ਲਈ ਸਮਰੱਥ ਹੋ ਜਾਣਗੇ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਇਸ ਪਹਿਲਕਦਮੀ ਰਾਹੀਂ ਪੇਂਡੂ ਅਤੇ ਪਛੜੇ ਖੇਤਰਾਂ ਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਲਾਭ ਹੋਣ ਦੀ ਆਸ ਹੈ, ਜਿਸ ਨਾਲ ਉਨ੍ਹਾਂ ਨੂੰ ਉੱਚ-ਗੁਣਵੱਤਾ ਵਾਲੀ ਗਾਈਡੈਂਸ ਤੱਕ ਆਸਾਨ ਪਹੁੰਚ ਮਿਲੇਗੀ ,ਜੋ ਪਹਿਲਾਂ ਪ੍ਰਾਈਵੇਟ ਕਾਊਂਸਲਰਾਂ ਤੱਕ ਸੀਮਿਤ ਸੀ। ਅਗਲੇ ਕੁਝ ਮਹੀਨਿਆਂ ਵਿੱਚ, ਹਜ਼ਾਰਾਂ ਅਧਿਆਪਕ ਨਵੇਂ ਹੁਨਰ, ਨਵੇਂ ਵਿਸ਼ਵਾਸ ਅਤੇ ਲੱਖਾਂ ਬੱਚਿਆਂ ਦੇ ਭਵਿੱਖ ਨੂੰ ਆਕਾਰ ਦੇਣ ਦੀ ਨਵੀਂ ਯੋਗਤਾ ਪ੍ਰਾਪਤ ਕਰਨਗੇ।

ਬੋਰਡ ਨਾਲ ਸਾਂਝੇਦਾਰੀ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਆਈ.ਆਈ.ਟੀ. ਮਦਰਾਸ ਪ੍ਰਵਰਤਕ ਦੇ ਚੀਫ ਨਾਲੇਜ ਅਫਸਰ ਸ੍ਰੀਕਾਂਤ ਨੇ ਕਿਹਾ, ‘‘ਸਾਡਾ ਉਦੇਸ਼ ਸਿੱਧਾ ਤੇ ਸਪੱਸ਼ਟ ਹੈ ਕਿ ਪੰਜਾਬ ਵਿੱਚ ਕੋਈ ਵੀ ਬੱਚਾ ਕਿਸੇ ਉਲਝਣ ਜਾਂ ਬਿਨਾਂ ਮੁਕੰਮਲ ਜਾਣਕਾਰੀ ਤੋਂ ਕਰੀਅਰ ਦੀ ਚੋਣ ਨਾ ਕਰੇ।’’

 

Media PBN Staff

Media PBN Staff