ਵੱਡੀ ਖ਼ਬਰ: ਅਕਾਲੀ ਦਲ ਦੇ ਸੈਂਕੜੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ, ਚੀਮਾ ਨੇ ਕੀਤਾ ਖੁਲਾਸਾ

All Latest NewsNews FlashPolitics/ OpinionPunjab NewsTop BreakingTOP STORIES

 

 

ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਾਸਤੇ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਮਜਦ਼ਗੀ ਪੱਤਰ ਵੱਡੇ ਪੱਧਰ ’ਤੇ ਰੱਦ ਕੀਤੇ ਗਏ: ਅਕਾਲੀ ਦਲ

ਮੰਗ ਕੀਤੀ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅੰਤਿਮ ਸਮਾਂ ਵਧਾਇਆ ਜਾਵੇ

ਡਾ. ਦਲਜੀਤ ਸਿੰਘ ਚੀਮਾ ਨੇ ਸੂਬਾ ਚੋਣ ਕਮਿਸ਼ਨ ਦੀ ਕੀਤੀ ਸਖ਼ਤ ਨਿਖੇਧੀ, ਪੁੱਛਿਆ ਕਿ ਉਹ ਪਟਿਆਲਾ ਦੇ ਐਸ ਐਸ ਪੀ ਵਰੁਣ ਸ਼ਰਮਾ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰ ਰਹੇ

ਚੰਡੀਗੜ੍ਹ, 6 ਦਸੰਬਰ 2025 (Media PBN):

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਵੱਡੀ ਪੱਧਰ ’ਤੇ ਰੱਦ ਕੀਤੇ ਗਏ ਹਨ ਅਤੇ ਪਾਰਟੀ ਨੇ ਮੰਗ ਕੀਤੀ ਕਿ ਨਿਰਪੱਖ ਚੋਣਾਂ ਯਕੀਨੀ ਬਣਾਉਣ ਵਾਸਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਸਤੇ ਅੰਤਿਮ ਸਮਾਂ ਵਧਾਇਆ ਜਾਵੇ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਚੋਣਾਂ ਵਾਸਤੇ ਨਿਰਪੱਖ ਆਬਜ਼ਰਵਰ ਲਗਾਏ ਜਾਣ ਦੀ ਵੀ ਮੰਗ ਕੀਤੀ ਅਤੇ ਨਾਲ ਹੀ ਇਹਨਾਂ ਚੋਣਾਂ ਵਿਚ ਆਮ ਆਦਮੀ ਪਾਰਟੀ (ਆਪ) ਸਰਕਾਰ ਦੀਆਂ ਕਠਪੁਤਲੀਆਂ ਬਣ ਕੇ ਕੰਮ ਕਰਨ ਵਾਲੇ ਪੁਲਿਸ ਤੇ ਸਿਵਲ ਅਫਸਰਾਂ ਖਿਲਾਫ ਚਾਰਜਸ਼ੀਟ ਦਾਇਰ ਕਰਨ ਸਮੇਤ ਸਖ਼ਤ ਕਾਰਵਾਈ ਦੀ ਵੀ ਮੰਗ ਕੀਤੀ। ਪਾਰਟੀ ਉਹਨਾਂ ਰਿਟਰਨਿੰਗ ਅਫਸਰਾਂ ਦੇ ਵੀ ਨਾਮ ਦੇਵੇਗੀ, ਜਿਹਨਾਂ ਨੇ ਪੱਖਪਾਤੀ ਢੰਗ ਨਾਲ ਕੰਮ ਕੀਤਾ ਅਤੇ ਵਿਰੋਧੀ ਧਿਰ ਦੇ ਨਾਮਜ਼ਦਗੀ ਪੱਤਰ ਸਮੂਹਿਕ ਤੌਰ ’ਤੇ ਰੱਦ ਕੀਤੇ ਅਤੇ ਅਪੀਲ ਕੀਤੀ ਕਿ ਇਹਨਾਂ ਅਫਸਰਾਂ ਦੀ 2027 ਆਮ ਚੋਣਾਂ ਵਿਚ ਡਿਊਟੀ ਨਾ ਲਗਾਈ ਜਾਵੇ।

ਡਾ. ਦਲਜੀਤ ਸਿੰਘ ਚੀਮਾ ਨੇ ਸੂਬਾ ਚੋਣ ਕਮਿਸ਼ਨ ਦੀ ਵੀ ਸਖ਼ਤ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਜਿਸ ਵੇਲੇ ਸੂਬੇ ਵਿਚ ਲੋਕਤੰਤਰ ਦਾ ਕਤਲ ਹੋ ਰਿਹਾ ਹੈ, ਉਦੋਂ ਸੂਬਾ ਚੋਣ ਕਮਿਸ਼ਨ ਨੇ ਪਾਸਾ ਵੱਟਿਆ ਹੋਇਆ ਹੈ। ਉਹਨਾਂ ਕਿਹਾ ਕਿ ਇਸ ਤੋਂ ਸੂਬਾ ਚੋਣ ਕਮਿਸ਼ਨ ਦੀ ਇਮਾਨਦਾਰੀ ’ਤੇ ਵੀ ਸਵਾਲ ਖੜ੍ਹੇ ਹੁੰਦੇ ਹਨ, ਕਿਉਂਕਿ ਉਹ ਨਿਰਪੱਖ ਚੋਣਾਂ ਕਰਵਾੳਣ ਵਿਚ ਫੇਲ੍ਹ ਰਿਹਾ ਹੈ ਅਤੇ ਇਸਨੇ ਪਟਿਆਲਾ ਦੇ ਐਸ ਐਸ ਪੀ ਵਰੁਣ ਸ਼ਰਮਾ ਜਿਸਨੇ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਰਿਟਰਨਿੰਗ ਅਫਸਰਾਂ ਦੇ ਦਫਤਰਾਂ ਤੱਕ ਪਹੁੰਚਣ ਤੋਂ ਰੋਕਣ ਲਈ ਪੁਲਿਸ ਅਧਿਕਾਰੀਆਂ ਦੀ ਡਿਊਟੀ ਲਗਾਈ, ਸਮੇਤ ਦੋਸ਼ੀ ਅਧਿਕਾਰੀਆਂ ਖਿਲਾਫ ਕੋਈ ਕਾਰਵਾਈ ਵੀ ਨਹੀਂ ਕੀਤੀ।

ਡਾ. ਚੀਮਾ ਨੇ ਸੂਬਾ ਚੋਣ ਕਮਿਸ਼ਨ ਨੂੰ ਆਖਿਆ ਕਿ ਉਹ ਸਾਰੇ ਰਿਟਰਨਿੰਗ ਅਫਸਰਾਂ ਨੂੰ ਤੁਰੰਤ ਹਦਾਇਤ ਕਰਨ ਕਿ ਉਹ ਬਕਾਇਆ ’ਤੇ ਸਵੈ ਘੋਸ਼ਣਾ ਪੱਤਰ ਪ੍ਰਵਾਨ ਕਰਨ ਅਤੇ ਆਨੇ ਬਹਾਨੇ ਨਾਮਜ਼ਦਗੀਆਂ ਰੱਦ ਕਰਨ ਤੋਂ ਗੁਰੇਜ਼ ਕਰਨ। ਉਹਨਾਂ ਕਿਹਾ ਕਿ ਸੂਬਾ ਚੋਣ ਕਮਿਸ਼ਨ ਨੂੰ ਸਾਰੇ ਬੀ ਡੀ ਪੀ ਓਜ਼ ਨੂੰ ਹਦਾਇਤ ਕਰਨੀ ਚਾਹੀਦੀ ਹੈ ਕਿ ਉਹ ਐਨ ਓ ਸੀ ਨਾ ਮਿਲਣ ’ਤੇ ਨਾਮਜ਼ਦਗੀਆਂ ਰੱਦ ਨਾ ਕਰਨ ਸਗੋਂ ਐਨ ਓ ਸੀ ਲੈਣ ਵਾਸਤੇ ਪਾਰਦਰਸ਼ੀ ਤਰੀਕਾ ਅਪਣਵਾਇਆ ਜਾਵੇ।

ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਦੇ ਵੇਰਵੇ

ਇਸ ਦੌਰਾਨ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਵਿਆਪਕ ਪੱਧਰ ’ਤੇ ਰੱਦ ਕਰਨ ਦੇ ਵੇਰਵੇ ਸਾਂਝੇ ਕਰਦਿਆਂ ਡਾ. ਚੀਮਾ ਨੇ ਦੱਸਿਆ ਕਿ ਤਰਨ ਤਾਰਨ ਵਿਚ ਜ਼ਿਲ੍ਹਾ ਪ੍ਰੀਸ਼ਦ ਦੀਆਂ 72 ਸੀਟਾਂ ਵਿਚੋਂ 41 ’ਤੇ ਕਾਗਜ਼ ਰੱਦ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਬਲਾਕ ਸੰਮਤੀਆਂ ਵਿਚ ਤਰਨ ਤਾਰਨ ਵਿਚ 63 ਵਿਚੋਂ 31 ਵਿਚ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਹਨ, ਗੰਡੀਵਿੰਢ ਵਿਚ 52 ਵਿਚੋਂ 37, ਖਡੂਰ ਸਾਹਿਬ ਵਿਚ 151 ਵਿਚੋਂ 43 ਸੀਟਾਂ ’ਤੇ, ਪੱਟੀ ਵਿਚ 75 ਵਿਚੋਂ 56, ਭਿਖੀਵਿੰਢ ਵਿਚ 100 ਸੀਟਾਂ ਵਿਚੋਂ 77 ਫਾਰਮ, ਵਲਟੋਹਾ ਵਿਚ 78 ਵਿਚੋਂ 56 ਅਤੇ ਨੌਸ਼ਹਿਰਾ ਪੰਨੂਆਂ ਵਿਚ 83 ਸੀਟਾਂ ਵਿਚੋਂ 40 ਦੇ ਫਾਰਮ ਰੱਦ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਇਸ ਕਾਰਨਇਹਨਾਂ ਵਿਚੋਂ ਕਈ ਸੀਟਾਂ ’ਤੇ ਆਪ ਬਿਨਾਂ ਮੁਕਾਬਲਾ ਜਿੱਤ ਗਈ ਹੈ।

ਡਾ. ਚੀਮਾ ਨੇ ਦੱਸਿਆ ਕਿ ਮਜੀਠਾ ਵਿਚ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਸਿਰਫ 12 ਸੀਟਾਂ ’ਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਦਿੱਤੇ ਗਏ ਜਦੋਂ ਕਿ ਬਾਕੀ ਸਾਰੀਆਂ 21 ਸੀਟਾਂ ’ਤੇ ਆਪ ਬਿਨਾਂ ਮੁਕਾਬਲਾ ਜਿੱਤ ਗਈ ਹੈ। ਉਹਨਾਂ ਕਿਹਾ ਕਿ ਭੋਆ ਅਤੇ ਜ਼ੀਰਾ ਵਿਚ ਕਿਸੇ ਅਕਾਲੀ ਉਮੀਦਵਾਰ ਨੂੰ ਨਾਮਜ਼ਦਗੀ ਪੱਤਰ ਭਰਨ ਨਹੀਂ ਦਿੱਤੇ ਗਏ। ਉਹਨਾਂ ਕਿਹਾ ਕਿ ਰਾਜਾਸਾਂਸੀ ਵਿਚ ਬਲਾਕ ਸੰਮਤੀ ਦੀਆਂ 35 ਵਿਚੋਂ 25 ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ।

ਉਹਨਾਂ ਕਿਹਾ ਕਿ ਬਾਬਾ ਬਕਾਲਾ ਵਿਚ 49 ਵਿਚੋਂ 18 ਫਾਰਮ ਰੱਦ ਕੀਤੇ ਗਏ। ਉਹਨਾ ਦੱਸਿਆ ਕਿ ਫਤਿਹਗੜ੍ਹ ਚੂੜੀਆਂ ਵਿਚ 4 ਜ਼ਿਲ੍ਹਾ ਪ੍ਰੀਸ਼ਦ ਸੀਟਾਂ ਵਿਚੋਂ 2 ਫਾਰਮ, ਬਲਾਕ ਸੰਮਤੀ ਦੀਆਂ 25 ਵਿਚੋਂ 14 ਫਾਰਮ ਰੱਦ ਕੀਤੇ ਗਏ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਕਾਦੀਆਂ, ਜੈਤੋਂ, ਘਨੌਰ, ਨੂਰਪੁਰ ਬੇਦੀ, ਪਾਤੜਾਂ, ਖਨੌਰੀ, ਜੰਡਿਆਲਾ ਤੇ ਅਜਨਾਲਾ ਵਿਚ ਵੀ ਅਕਾਲੀ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਨ ਦਿੱਤੇ ਗਏ।

 

Media PBN Staff

Media PBN Staff