ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ BLOs ਦੀ ਚੋਣ ਡਿਊਟੀ ਲਗਾਉਣ ਦੀ ਨਿਖੇਧੀ- ਡੀਟੀਐਫ

All Latest NewsNews FlashPunjab News

 

ਵਿਧਵਾ, ਪ੍ਰਸੂਤਾ, ਗਰਭਵਤੀ ਅਤੇ ਅਣ-ਵਿਆਹੁਤਾ ਮਹਿਲਾ ਮੁਲਾਜ਼ਮਾਂ ਦੀਆਂ ਲਗਾਈਆਂ ਚੋਣ ਡਿਊਟੀਆਂ ਗ਼ੈਰ-ਵਾਜਬ- ਮਲਕੀਤ ਹਰਾਜ/ ਗੁਰਵਿੰਦਰ ਖੋਸਾ

ਫ਼ਿਰੋਜ਼ਪੁਰ 06 ਦਸੰਬਰ 2025 (Media PBN)

ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਦੁਆਰਾ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਬੀਐੱਲਓਜ਼ ਦੀਆਂ ਇਲੈਕਸ਼ਨ ਡਿਊਟੀਆਂ ਲਗਾਉਣਾ ਬਹੁਤ ਹੀ ਮੰਦਭਾਗਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡੀਟੀਐਫ ਫਿਰੋਜਪੁਰ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਹਰਾਜ, ਜ਼ਿਲ੍ਹਾ ਸਕੱਤਰ ਗੁਰਵਿੰਦਰ ਸਿੰਘ ਖੋਸਾ ਅਤੇ ਪ੍ਰੈੱਸ ਸਕੱਤਰ ਹੀਰਾ ਸਿੰਘ ਤੂਤ ਨੇ ਸਾਥੀਆਂ ਸਮੇਤ ਕੀਤਾ।

ਆਗੂ ਸਾਹਿਬਾਨ ਨੇ ਕਿਹਾ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਕਿਉਂਕਿ ਇਸ ਵਾਰ ਵਿਧਵਾ, ਪ੍ਰਸੂਤਾ, ਗਰਭਵਤੀ ਅਤੇ ਅਣ-ਵਿਆਹੁਤਾ ਮਹਿਲਾ ਮੁਲਾਜ਼ਮਾਂ ਦੀਆਂ ਚੋਣ ਡਿਊਟੀਆਂ ਲਗਾਈਆਂ ਗਈਆਂ ਹਨ। ਉਹਨਾਂ ਬੀਐਲਓ ਸਾਥੀਆਂ ਦੀ ਡਿਊਟੀ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਬੀਐਲਓ ਸਾਰਾ ਸਾਲ ਆਪਣੇ ਬੂਥ ‘ਤੇ ਵੋਟਾਂ ਬਣਾਉਣ, ਵੋਟਾਂ ਕੱਟਣ ਅਤੇ ਵੋਟਾਂ ਸੋਧਣ ਦਾ ਕੰਮ ਲਗਾਤਾਰ ਕਰਦੇ ਹਨ।

ਇਸੇ ਤਹਿਤ ਹੀ ਬੀ.ਐੱਲ.ਓਜ਼ ਵੱਲੋਂ ਰੋਜ਼ਾਨਾ ਬੀਐੱਲ ਐਪ ਵਿੱਚ ਪੈਂਡੇਸੀ ਅਤੇ ਬੁੱਕ ਏ ਕਾਲ ਕਲੀਅਰ ਕਰਨ ਦੇ ਪ੍ਰਸ਼ਾਸ਼ਨ ਵੱਲੋਂ ਸਖ਼ਤ ਆਦੇਸ਼ ਹਨ ਅਤੇ ਪਿਛਲੇ ਕੁੱਝ ਮਹੀਨਿਆਂ ਤੋਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ (ਸਪੈਸ਼ਲ ਇੰਟਨਸਿਵ ਰਵੀਜ਼ਨ) ਦਾ ਕੰਮ ਵੀ ਕਈ ਮੁਸ਼ਕਿਲਾਂ ਹੋਣ ਦੇ ਬਾਵਜੂਦ ਬੀਐੱਲਓਜ਼ ਵੱਲੋਂ ਬੜੀ ਤਨਦੇਹੀ ਨਾਲ ਕੀਤਾ ਜਾ ਰਿਹਾ ਹੈ। ਇਸਦੇ ਬਾਵਜੂਦ ਇਹਨਾਂ ਚੋਣਾਂ ਵਿੱਚ ਵੀ ਬੀ ਐੱਲ ਓਜ਼ ਦੀ ਚੋਣ ਡਿਊਟੀ ਲਗਾਉਣਾ ਸਰਾਸਰ ਧੱਕਾ ਹੈ।

ਜਥੇਬੰਦੀ ਆਗੂਆਂ ਨੇ ਪ੍ਰਸ਼ਾਸ਼ਨ ਵੱਲੋਂ ਬੀ ਐੱਲ ਓਜ਼ ਦੀਆਂ ਇਲੈਕਸ਼ਨ ਡਿਊਟੀਆਂ ਦੀ ਨਿੰਦਾ ਕਰਦਿਆਂ ਇਲੈਕਸ਼ਨ ਡਿਊਟੀ ਤੋਂ ਫਾਰਗ ਕਰਨ ਦੀ ਮੰਗ ਕੀਤੀ ਕਿਉਂਕਿ ਬੀ ਐੱਲ ਓ ਸਾਰਾ ਸਾਲ ਹੀ ਚੋਣਾਂ ਦੇ ਕੰਮਾਂ ਵਿੱਚ ਰੁੱਝੇ ਰਹਿੰਦੇ ਹਨ। ਉਹਨਾਂ ਮੰਗ ਕੀਤੀ ਕਿ ਇਹਨਾਂ ਚੋਣਾਂ ਵਿੱਚ ਕਰੋਨਿਕ ਡੀਸੀਜ਼, ਵਿਧਵਾ, ਪ੍ਰਸੂਤਾ, ਗਰਭਵਤੀ ਅਤੇ ਅਣ-ਵਿਆਹੁਤਾ ਮਹਿਲਾ ਮੁਲਾਜ਼ਮਾਂ ਅਤੇ ਕਪਲ ਕੇਸਾਂ ਵਿੱਚ ਵੀ ਚੋਣ ਡਿਊਟੀ ਤੋਂ ਰਾਹਤ ਦੇਣ ਦੀ ਮੰਗ ਕੀਤੀ।

ਇਸ ਮੌਕੇ ਅਮਿਤ ਸ਼ਰਮਾ, ਦਵਿੰਦਰ ਨਾਥ, ਸਰਬਜੀਤ ਸਿੰਘ ਭਾਵੜਾ, ਰਾਜ ਕੁਮਾਰ ਮਹਿਰੋਕ, ਅਮਿਤ ਕੰਬੋਜ਼, ਹੀਰਾ ਸਿੰਘ ਤੂਤ, ਮਨੋਜ ਕੁਮਾਰ, ਸਵਰਨ ਸਿੰਘ, ਨਰਿੰਦਰ ਜੰਮੂ, ਰਾਮ ਕੁਮਾਰ, ਹਰਜਿੰਦਰ ਜਨੇਰ, ਵਿਕਰਮ ਜੀਤ, ਸਵਰਨ ਸਿੰਘ, ਅਨਿਲ ਧਵਨ, ਗਗਨ ਮਿੱਤਲ, ਸੰਦੀਪ ਕੁਮਾਰ (ਮੱਖੂ), ਹਰਦੀਪ ਸਿੰਘ, ਬਲਵਿੰਦਰ ਸਿੰਘ, ਜੈਦੇਵ ਪੁੱਗਲ, ਵਿਪਣ ਕੰਬੋਜ, ਗੁਰਦਰਸ਼ਨ ਸਿੰਘ, ਮੁਖਤਿਆਰ ਸਿੰਘ, ਅੰਕੁਸ਼ ਕੰਬੋਜ, ਦਰਸ਼ਨ ਸਿੰਘ, ਅਰਵਿੰਦ ਗਰਗ, ਇੰਦਰ ਸਿੰਘ ਸੰਧੂ, ਵਰਿੰਦਰਪਾਲ ਸਿੰਘ, ਕਿਰਪਾਲ ਸਿੰਘ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।

 

Media PBN Staff

Media PBN Staff