Weather Update: ਮੌਸਮ ਵਿਭਾਗ ਵੱਲੋਂ ਪੰਜਾਬ ਦੇ 12 ਜ਼ਿਲ੍ਹਿਆਂ ‘ਚ ਯੈਲੋ ਅਲਰਟ ਜਾਰੀ
ਚੰਡੀਗੜ੍ਹ, 16 ਦਸੰਬਰ 2025 (Media PBN):
ਪੰਜਾਬ ਵਿੱਚ ਕੜਾਕੇ ਦੀ ਠੰਢ ਦੇ ਨਾਲ ਹੁਣ ਧੁੰਦ ਅਤੇ ਕੋਹਰੇ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਅੱਜ, ਮੰਗਲਵਾਰ ਨੂੰ ਸੂਬੇ ਦੇ 12 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਹੈ।
ਇਸ ਦੇ ਨਾਲ ਹੀ ਅੱਜ ਸੂਬੇ ਵਿੱਚ 20 ਤੋਂ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ, ਜਿਸ ਨਾਲ ਠਾਰ ਹੋਰ ਵਧ ਸਕਦੀ ਹੈ।
ਇਹ ਚੇਤਾਵਨੀ ਵਿਸ਼ੇਸ਼ ਤੌਰ ‘ਤੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ ਅਤੇ ਮੁਕਤਸਰ ਜ਼ਿਲ੍ਹਿਆਂ ਲਈ ਜਾਰੀ ਕੀਤੀ ਗਈ ਹੈ।
ਆਉਣ ਵਾਲੇ ਦਿਨਾਂ ‘ਚ ਕਿਹੋ ਜਿਹਾ ਰਹੇਗਾ ਮੌਸਮ?
ਮੌਸਮ ਮਾਹਿਰਾਂ ਅਨੁਸਾਰ, ਫਿਲਹਾਲ ਉੱਤਰ-ਪੱਛਮੀ ਭਾਰਤ ਦੇ ਉੱਪਰ ਤੇਜ਼ ਰਫ਼ਤਾਰ ਜੈੱਟ ਸਟ੍ਰੀਮ ਹਵਾਵਾਂ ਚੱਲ ਰਹੀਆਂ ਹਨ। ਉੱਥੇ ਹੀ, 17 ਦਸੰਬਰ ਦੀ ਰਾਤ ਤੋਂ ਪੱਛਮੀ ਹਿਮਾਲੀਆ ਖੇਤਰਾਂ ਵਿੱਚ ਇੱਕ ਨਵੀਂ ਪੱਛਮੀ ਗੜਬੜੀ (Western Disturbance) ਸਰਗਰਮ ਹੋਣ ਵਾਲੀ ਹੈ। ਹਾਲਾਂਕਿ ਇਹ ਕਮਜ਼ੋਰ ਰਹੇਗੀ, ਪਰ ਇਸਦਾ ਅਸਰ ਮੌਸਮ ‘ਤੇ ਦਿਖ ਸਕਦਾ ਹੈ।
ਵਿਭਾਗ ਦਾ ਅਨੁਮਾਨ ਹੈ ਕਿ ਅਗਲੇ 7 ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ। ਅਗਲੇ 48 ਘੰਟਿਆਂ ਵਿੱਚ ਰਾਤ ਦੇ ਤਾਪਮਾਨ ਵਿੱਚ ਕਰੀਬ 2 ਡਿਗਰੀ ਦੀ ਗਿਰਾਵਟ ਆ ਸਕਦੀ ਹੈ, ਪਰ ਇਸ ਤੋਂ ਬਾਅਦ ਅਗਲੇ 3 ਦਿਨਾਂ ਵਿੱਚ ਤਾਪਮਾਨ ਹੌਲੀ-ਹੌਲੀ 2 ਤੋਂ 3 ਡਿਗਰੀ ਤੱਕ ਵਧਣ ਦੀ ਉਮੀਦ ਹੈ।

