ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਲਿਆ ਇੱਕ ਹੋਰ ਅਹਿਮ ਫ਼ੈਸਲਾ

All Latest NewsNews FlashPunjab NewsTop BreakingTOP STORIES

 

ਚੰਡੀਗੜ੍ਹ, 13 Dec 2025 (Media PBN):

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ- ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੂਬੇ ਭਰ ਦੇ ਸਕੂਲਾਂ ਵਿੱਚ ਤਿੰਨ-ਰੋਜ਼ਾ ਵਿਦਿਅਕ ਸੈਸ਼ਨ ਕਰਵਾਏ ਜਾਣਗੇ ਤਾਂ ਜੋ ਵਿਦਿਆਰਥੀਆਂ ਨੂੰ ਸ਼ਾਨਾਮੱਤੇ ਸਿੱਖ ਇਤਿਹਾਸ ਅਤੇ ਬਹਾਦਰੀ ਵਾਲੀ ਅਮੀਰ ਵਿਰਾਸਤ ਬਾਰੇ ਜਾਣੂ ਕਰਵਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਚਾਰ ਸਾਹਿਬਜ਼ਾਦਿਆਂ ਦੇ ਜੀਵਨ ਅਤੇ ਸ਼ਹਾਦਤ ਬਾਰੇ ਵਿਸ਼ੇਸ਼ ਤੌਰ ’ਤੇ ਵਿਦਿਅਕ ਪ੍ਰੋਗਰਾਮ ਤਿਆਰ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦੇ ਸਾਰੇ ਸਕੂਲਾਂ (ਸਰਕਾਰੀ, ਪ੍ਰਾਈਵੇਟ ਤੇ ਏਡਿਡ) ਵਿੱਚ 22 ਤੋਂ 24 ਦਸੰਬਰ, 2025 ਤੱਕ ਸਵੇਰ ਦੀ ਸਭਾ ਵਿੱਚ 15 ਮਿੰਟ ਦਾ ਵਿਸ਼ੇਸ਼ ਸੈਸ਼ਨ ਕਰਵਾਇਆ ਜਾਵੇਗਾ।

ਹਰਜੋਤ ਸਿੰਘ ਬੈਂਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਇਨ੍ਹਾਂ ਸੈਸ਼ਨਾਂ ਵਿੱਚ ਵਰਤੀ ਜਾਣ ਵਾਲੀ ਵਿਦਿਅਕ ਸਮੱਗਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਤੋਂ ਪ੍ਰਮਾਣਿਤ ਹੋਵੇ ਤਾਂ ਜੋ ਇਸ ਦੀ ਇਤਿਹਾਸਕ ਸ਼ੁੱਧਤਾ , ਮਰਿਆਦਾ ਤੇ ਸਤਿਕਾਰ ਨੂੰ ਬਰਕਰਾਰ ਰੱਖਿਆ ਜਾ ਸਕੇ।

ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਵਿਦਿਅਕ ਸੈਸ਼ਨ ਵਿਦਿਆਰਥੀਆਂ ਨੂੰ ਸ਼ਾਨਾਮੱਤੇ ਸਿੱਖ ਇਤਿਹਾਸ ਦੇ ਜੁਝਾਰੂ ਅਤੇ ਲਾਸਾਨੀ ਅਧਿਆਇ ਤੋਂ ਜਾਣੂ ਕਰਵਾਉਣਗੇ, ਜਿਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿਲ੍ਹਾ ਅਨੰਦਗੜ੍ਹ ਸਾਹਿਬ ਛੱਡਣ ਤੋਂ ਸਾਕਾ ਸਰਹਿੰਦ ਤੱਕ ਦੇ ਇਤਿਹਾਸ ਦਾ ਵਿਖਿਆਨ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਹੈੱਡਕੁਆਰਟਰ ਵਿਖੇ 22 ਤੋਂ 24 ਦਸੰਬਰ, 2025 ਤੱਕ ਸਕੂਲੀ ਵਿਦਿਆਰਥੀਆਂ ਦੁਆਰਾ ਕੀਰਤਨ ਦਰਬਾਰ (ਸ਼ਾਮ 4:00 ਵਜੇ ਤੋਂ ਸ਼ਾਮ 6:00 ਵਜੇ ਤੱਕ) ਸਜਾਉਣ ਤੋਂ ਇਲਾਵਾ ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਧਾਰਮਿਕ ਅਤੇ ਇਤਿਹਾਸਕ ਸਮਾਰੋਹ ਵੀ ਕਰਵਾਏ ਜਾਣਗੇ। ਇਨ੍ਹਾਂ ਸਮਾਗਮਾਂ ਦਾ ਉਦੇਸ਼ ਸਿੱਖ ਸ਼ਹੀਦਾਂ ਦੇ ਅਡੋਲ ਸਿਦਕ ਅਤੇ ਦ੍ਰਿੜ੍ਹ ਨਿਸ਼ਚੇ ਨੂੰ ਉਜਾਗਰ ਕਰਦਿਆਂ ਪੰਜਾਬ ਦੇ ਇਤਿਹਾਸ ਅਤੇ ਸਿੱਖ ਯੋਧਿਆਂ ਦੀ ਬਹਾਦਰੀ ਨਾਲ ਵਿਦਿਆਰਥੀਆਂ ਦੀ ਡੂੰਘੀ ਭਾਵਨਾਤਮਕ ਸਾਂਝ ਬਣਾਉਣਾ ਹੈ।

ਹਰਜੋਤ ਸਿੰਘ ਬੈਂਸ ਨੇ ਜ਼ੋਰ ਦੇ ਕੇ ਕਿਹਾ, “ਅਸਲ ਸਿੱਖਿਆ ਦਾ ਮਤਲਬ ਮਹਿਜ਼ ਕਿਤਾਬੀ ਗਿਆਨ ਨਹੀਂ ਸਗੋਂ ਚਰਿੱਤਰ ਨਿਰਮਾਣ ਕਰਨਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੀ ਧਰਤੀ ਦੀ ਅਸਲ ਖਸਲਤ ਅਤੇ ਮਹਾਨ ਕੁਰਬਾਨੀਆਂ ਨਾਲ ਜੋੜਨਾ ਹੈ। ਸਾਹਿਬਜ਼ਾਦਿਆਂ ’ਤੇ ਆਧਾਰਤ ਇਸ ਤਿੰਨ-ਰੋਜ਼ਾ ਵਿਦਿਅਕ ਪ੍ਰੋਗਰਾਮ ਦਾ ਮਕਸਦ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਪੰਜਾਬ ਦੇ ਹਰ ਵਿਦਿਆਰਥੀ ਵਿੱਚ ਹਿੰਮਤ, ਦਲੇਰੀ ਅਤੇ ਹੱਕ-ਸੱਚ ਉਤੇ ਪਹਿਰਾ ਦੇਣ ਦੇ ਜਜ਼ਬੇ ਦਾ ਸੰਚਾਰ ਕਰਨਾ ਹੈ।

 

Media PBN Staff

Media PBN Staff