ਕੱਚੇ ਅਧਿਆਪਕਾਂ ਵੱਲੋਂ UGC ਦੇ ਨਿਯਮਾਂ ਅਨੁਸਾਰ ਤਨਖਾਹ ਦੇਣ ਸਬੰਧੀ ਪ੍ਰਿੰਸੀਪਲ ਨੂੰ ਸੌਂਪਿਆ ਮੰਗ ਪੱਤਰ
Punjab News: ਯੂਨੀਵਰਸਿਟੀ ਕਾਲਜ, ਘਨੌਰ ਦੇ ਕੰਟਰੈਕਟ ਅਧਿਆਪਕਾਂ ਵਲੋ ਕਾਲਜ ਪ੍ਰਿੰਸੀਪਲ ਡਾ. ਲਖਵੀਰ ਸਿੰਘ ਗਿੱਲ ਨੂੰ UGC ਦੇ ਨਿਯਮਾਂ ਅਨੁਸਾਰ ਤਨਖਾਹ ਦੇਣ ਸੰਬੰਧੀ ਮੰਗ ਪੱਤਰ ਸੋਂਪਿਆ ਗਿਆ। ਇਹ ਅਧਿਆਪਕ ਯੂਨੀਵਰਸਿਟੀ ਕਾਲਜ ਘਨੌਰ ਵਿਖੇ ਪਿਛਲੇ ਲੰਬੇ ਸਮੇਂ (10-13 ਸਾਲ) ਤੋਂ ਕੰਟਰੈਕਟ ਆਧਾਰ ਤੇ ਸੇਵਾਵਾਂ ਨਿਭਾ ਰਹੇ ਹਨ।
ਇਹਨਾਂ ਦੀ ਵਿਦਿਅਕ ਯੋਗਤਾਵਾਂ ਅਤੇ ਭਰਤੀ ਪ੍ਰਕਿਰਿਆ ਪੰਜਾਬ ਸਰਕਾਰ ਅਤੇ ਯੂ.ਜੀ.ਸੀ ਦੇ ਨਿਯਮਾਂ ਅਨੁਸਾਰ ਹੈ। ਇਹ ਅਧਿਆਪਨ ਦੇ ਕਾਰਜ ਦੇ ਨਾਲ ਨਾਲ ਹੈਗੂਲਰ ਅਧਿਆਪਕਾਂ ਦੀ ਤਰ੍ਹਾਂ ਕਾਲਜ ਦੇ ਬਾਕੀ ਸਾਰੇ ਕੰਮ ਵੀ ਕਰਦੇ ਹਨ।
ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਯੂ.ਜੀ.ਸੀ. 2018 ਦੇ ਰੈਗੂਲੇਸ਼ਨ ਨੂੰ 2022 ਵਿਚ ਅਡਾਪਟ ਕਰ ਲਿਆ ਸੀ। ਯੂਨੀਵਰਸਿਟੀ ਅਥਾਰਟੀ ਵਲੋਂ ਹੈਗੂਲਰ ਅਤੇ ਗੈਸਟ ਫੈਕਲਟੀ ਅਧਿਆਪਕਾਂ ਦੀ ਤਨਖਾਹ ਵਿਚ ਇਸ ਰੈਗੂਲੇਸ਼ਨ ਅਨੁਸਾਰ ਵਾਧਾ ਕਰ ਦਿੱਤਾ ਗਿਆ ਸੀ।
ਪਰੰਤੂ ਕੰਟਰੈਕਟ ਅਧਿਆਪਕਾਂ ਤੇ ਅਜੇ ਤੱਕ ਇਹ ਰੈਗੂਲੇਸ਼ਨ ਲਾਗੂ ਨਹੀਂ ਕੀਤਾ ਗਿਆ। ਯੂ.ਜੀ.ਸੀ. 2018 ਦੇ ਰੈਗੂਲੇਸ਼ਨ ਅਨੁਸਾਰ ਕੰਟਰੈਕਟ ਅਧਿਆਪਕ ਦੀ ਸੈਲਰੀ ਰੈਗੂਲਰ ਅਧਿਆਪਕ ਦੀ ਗਰਾਸ ਸੈਲਰੀ ਨਾਲੋਂ ਘੱਟ ਨਹੀਂ ਹੋ ਸਕਦੀ।
ਪੁਕਟਾ ਪ੍ਰਧਾਨ ਡਾ. ਤਰਨਜੀਤ ਕੌਰ ਵਲੋਂ ਬੋਲਦਿਆਂ ਕਿਹਾ ਕਿ ਕੰਟਰੈਕਟ ਅਧਿਆਪਕਾਂ ਵਲੋਂ ਉਪਰੋਕਤ ਕੇਸ ਸੰਬੰਧੀ ਧਰਨਾ ਵੀ ਦਿੱਤਾ ਗਿਆ ਸੀ। ਯੂਨੀਵਰਸਿਟੀ ਅਥਾਰਟੀ ਵਲੋਂ ਲਿਖਤੀ ਰੂਪ ਵਿਚ ਇਹ ਭਰੋਸਾ ਦੇ ਕੇ ਧਰਨਾ ਖਤਮ ਕਰਵਾਇਆ ਗਿਆ ਸੀ ਕਿ ਇਸ ਸੰਬੰਧੀ ਕੇਸ ਦੀ ਮੱਦ ਬਣਾ ਕੇ ਸਿੰਡੀਕੇਟ ਵਿਚ ਲਿਜਾਈ ਜਾਵੇਗੀ ਅਤੇ ਇਸ ਮੱਦ ਨੂੰ ਸਿੰਡੀਕੇਟ ਵਿਚ ਪਾਸ ਕੀਤਾ ਜਾਵੇਗਾ।
ਭਰੋਸੇਯੋਗ ਸੂਤਰਾਂ ਤੋ ਪਤਾ ਲਗਿਆ ਗਿਆ ਹੈ ਕਿ ਸਿੰਡੀਕੇਟ ਦੀ ਮੀਟਿੰਗ ਮਿਤੀ 24 ਜੁਲਾਈ 2025 ਨੂੰ ਹੋਣ ਜਾ ਰਹੀ ਹੈ। ਡਾ. ਤਰਨਜੀਤ ਕੌਰ ਨੇ ਕਿਹਾ ਕਿ ਜੇਕਰ ਇਹ ਮੱਦ ਸਿੰਡੀਕੇਟ ਵਿਚ ਪਾਸ ਨਹੀਂ ਹੁੰਦੀ ਤਾਂ ਕੰਟਰੈਕਟ ਅਧਿਆਪਕਾਂ ਵਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।

