ਵੱਡੀ ਖ਼ਬਰ: AAP ਪੰਜਾਬ ਦੇ ਸੀਨੀਅਰ ਲੀਡਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
Punjab News, 17 Dec 2025 (Media PBN)
ਆਮ ਆਦਮੀ ਪਾਰਟੀ ਦੇ ਇੱਕ ਹੋਰ ਲੀਡਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਜਾਣਕਾਰੀ ਅਨੁਸਾਰ ਪੰਜਾਬ ਦੇ ਫਗਵਾੜਾ ਤੋਂ ਸੀਨੀਅਰ ਲੀਡਰ ਦਲਜੀਤ ਰਾਜੂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ।
ਏਬੀਪੀ ਦੀ ਖ਼ਬਰ ਅਨੁਸਾਰ, ‘ਆਪ’ ਨੇਤਾ ਅਤੇ ਜੰਗ ਅਗੇਂਸਟ ਡਰੱਗਜ਼ ਮੁਹਿੰਮ ਦੇ ਕੋਆਰਡੀਨੇਟਰ ਦਲਜੀਤ ਰਾਜੂ ਨੂੰ ਇਹ ਧਮਕੀ ਇੱਕ ਵਟਸਐਪ ਸੁਨੇਹੇ ਰਾਹੀਂ ਮਿਲੀ ਹੈ। ਧਮਕੀ ਭਰਿਆ ਸੁਨੇਹਾ ਮਿਲਣ ਤੋਂ ਬਾਅਦ ਪੂਰੇ ਪਰਿਵਾਰ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਮਹਿਸੂਸ ਕੀਤਾ ਗਿਆ ਹੈ।
ਦਲਜੀਤ ਰਾਜੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਨੂੰ ਇੱਕ ਅਣਜਾਣ ਵਿਅਕਤੀ ਵੱਲੋਂ ਇੱਕ ਵਟਸਐਪ ਮੈਸੇਜ ਮਿਲਿਆ ਜਿਸਨੇ ਆਪਣੀ ਪਛਾਣ ਕਾਲਾ ਰਾਣਾ ਦੱਸੀ।
ਮੈਸੇਜ ਵਿੱਚ ਕਿਹਾ ਗਿਆ ਸੀ ਕਿ ਦਲਜੀਤ ਰਾਜੂ ਨੂੰ ਹੁਣ ਕੋਈ ਨਹੀਂ ਬਚਾ ਸਕਦਾ, ਇੱਥੋਂ ਤੱਕ ਕਿ ਪੁਲਿਸ ਵੀ ਨਹੀਂ। ਆਗੂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਅਤੇ ਧੀ ਵੀ ਸ਼ਾਮਲ ਹੈ, ਜੋ ਕਿ ਬਹੁਤ ਡਰੇ ਹੋਏ ਹਨ।
ਦੱਸ ਦਈਏ ਕਿ 27 ਨਵੰਬਰ ਦੀ ਸਵੇਰ ਨੂੰ ਸਿਆਸਤਦਾਨ ਦਲਜੀਤ ਰਾਜੂ ਦੇ ਘਰ ‘ਤੇ ਗੋਲੀਬਾਰੀ ਹੋਈ ਸੀ। ਦੋ ਨਕਾਬਪੋਸ਼ ਵਿਅਕਤੀ ਮੋਟਰਸਾਈਕਲ ‘ਤੇ ਆਏ, ਗੋਲੀਆਂ ਚਲਾਈਆਂ ਅਤੇ ਫਿਰ ਮੌਕੇ ਤੋਂ ਫਰਾਰ ਹੋ ਗਏ।
ਸੱਤਾਧਾਰੀ ਦੇ ਲੀਡਰ ਨੂੰ ਮਿਲੀ ਇਹ ਧਮਕੀ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਸਵਾਲ ਵੀ ਉੱਠ ਰਹੇ ਹਨ ਕਿ ਜੇਕਰ ਸੱਤਾਧਾਰੀ ਲੀਡਰ ਨੂੰ ਇਸ ਤਰ੍ਹਾਂ ਦੀ ਧਮਕੀ ਆ ਸਕਦੀ ਹੈ ਤਾਂ, ਦੂਜਿਆਂ ਦਾ ਤਾਂ ਰੱਬ ਹੀ ਰਾਖਾ ਹੈ।

