ਵੱਡੀ ਖ਼ਬਰ: ਪੰਜਾਬੀ ਗਾਇਕ ਪੁਲਿਸ ਵੱਲੋਂ ਗ੍ਰਿਫਤਾਰ

All Latest NewsGeneral NewsNews FlashPunjab NewsTop BreakingTOP STORIES

 

ਚੰਡੀਗੜ੍ਹ

ਪੰਜਾਬੀ ਗਾਇਕ ਫਤਹਿਜੀਤ ਸਿੰਘ ਨੂੰ IGI ਏਅਰਪੋਰਟ ਥਾਣੇ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ‘ਤੇ ਦੋਸ਼ ਹੈ ਕਿ ਉਹ ਜਾਅਲੀ ਦਸਤਾਵੇਜ਼ਾਂ ਰਾਹੀਂ ਲੋਕਾਂ ਨੂੰ ਅਮਰੀਕਾ ਭੇਜਣ ਦੇ ਬਹਾਨੇ ਨਾਲ ਠੱਗੀ ਕਰ ਰਿਹਾ ਸੀ।

ਮੁਲਜ਼ਮ ਨੇ ਡੰਕੀ ਰਾਹੀਂ ਬ੍ਰਾਜ਼ੀਲ ਦੇ ਜਾਅਲੀ ਵੀਜ਼ੇ ਦਾ ਇਸਤੇਮਾਲ ਕਰ ਕੇ ਇੱਕ ਯਾਤਰੀ ਨੂੰ ਪੰਜ ਵਾਰ ਅਮਰੀਕਾ ਭੇਜਣ ਦੀ ਕੋਸ਼ਿਸ਼ ਕੀਤੀ। ਗਾਇਕ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਸ ਗ਼ੈਰਕਾਨੂੰਨੀ ਧੰਦੇ ‘ਚ ਸ਼ਾਮਲ ਸੀ, ਅਤੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਬਹਾਨੇ ਠੱਗ ਰਿਹਾ ਸੀ

PTC ਰਿਪੋਰਟਾਂ ਦੀ ਮੰਨੀਏ ਤਾਂ, ਪੁਲਿਸ ਅਨੁਸਾਰ 8 ਮਾਰਚ ਨੂੰ ਗੁਰਪ੍ਰੀਤ ਸਿੰਘ ਵਾਸੀ ਪਿੰਡ ਨੌਰੰਗਾਬਾਦ ਜ਼ਿਲ੍ਹਾ ਤਰਨਤਾਰਨ ਪੰਜਾਬ ਆਈਜੀਆਈ ਏਅਰਪੋਰਟ ਪੁੱਜਾ ਸੀ। ਉਸ ਨੂੰ ਕਜ਼ਾਕਿਸਤਾਨ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਯਾਤਰਾ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਪਾਇਆ ਕਿ ਗੁਰਪ੍ਰੀਤ ਭਾਰਤੀ ਪਾਸਪੋਰਟ ਦੀ ਵਰਤੋਂ ਕਰਕੇ ਭੂਟਾਨ ਤੋਂ ਬਾਅਦ ਥਾਈਲੈਂਡ ਗਿਆ ਸੀ।

ਫਿਰ ਉਥੋਂ ਉਹ ਵੀਜ਼ਾ ਆਨ ਅਰਾਈਵਲ ‘ਤੇ ਕਜ਼ਾਕਿਸਤਾਨ ਚਲਾ ਗਿਆ। ਕਜ਼ਾਕਿਸਤਾਨ ਪਹੁੰਚਣ ‘ਤੇ, ਉਸ ਦਾ ਪਾਸਪੋਰਟ ਅਧਿਕਾਰੀਆਂ ਨੇ ਜ਼ਬਤ ਕਰ ਲਿਆ ਕਿਉਂਕਿ 2 ਪੰਨੇ ਪਾੜੇ ਗਏ ਸਨ। ਇਸ ਤੋਂ ਬਾਅਦ ਉਸ ਨੂੰ ਐਮਰਜੈਂਸੀ ਸਰਟੀਫਿਕੇਟ ‘ਤੇ ਭਾਰਤ ਡਿਪੋਰਟ ਕਰ ਦਿੱਤਾ ਗਿਆ। ਧੋਖਾਧੜੀ ਕਾਰਨ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਗੁਰਪ੍ਰੀਤ ਨੂੰ ਆਈਜੀਆਈ ਏਅਰਪੋਰਟ ਥਾਣੇ ਦੇ ਹਵਾਲੇ ਕਰ ਦਿੱਤਾ।

ਪੁਲਿਸ ਨੇ ਉਸ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛਗਿੱਛ ਦੌਰਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਵਧੀਆ ਰੋਜ਼ੀ-ਰੋਟੀ ਲਈ ਅਮਰੀਕਾ ਜਾਣਾ ਚਾਹੁੰਦਾ ਸੀ। ਉਹ ਪਿੰਡ ਦੇ ਏਜੰਟ ਸੁਲਤਾਨ ਸਿੰਘ ਨੂੰ ਮਿਲਿਆ। ਉਨ੍ਹਾਂ ਇਸ ਨੂੰ ਵੱਖ-ਵੱਖ ਦੇਸ਼ਾਂ ਰਾਹੀਂ ਅਮਰੀਕਾ ਭੇਜਣ ਦਾ ਭਰੋਸਾ ਦਿੱਤਾ। ਉਸ ਨੇ 50 ਲੱਖ ਰੁਪਏ ਲੈਣ ਅਤੇ ਯਾਤਰਾ ਦੇ ਸਾਰੇ ਪ੍ਰਬੰਧ ਕਰਨ ਦਾ ਵਾਅਦਾ ਵੀ ਕੀਤਾ।

ਗੁਰਪ੍ਰੀਤ ਨੇ ਏਜੰਟ ਨੂੰ 10 ਲੱਖ ਰੁਪਏ ਦੇ ਦਿੱਤੇ ਅਤੇ ਬਾਕੀ ਰਕਮ ਮੰਜ਼ਿਲ ‘ਤੇ ਪਹੁੰਚ ਕੇ ਦੇਣ ਦਾ ਵਾਅਦਾ ਕੀਤਾ। ਸੁਲਤਾਨ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਬ੍ਰਾਜ਼ੀਲ ਦੀ ਅਗਲੀ ਯਾਤਰਾ ਲਈ ਕਤਰ ‘ਚ ਜਾਅਲੀ ਵੀਜ਼ਾ ਦਾ ਇੰਤਜ਼ਾਮ ਕੀਤਾ ਪਰ ਜਹਾਜ਼ ‘ਚ ਸਵਾਰ ਹੋਣ ਤੋਂ ਪਹਿਲਾਂ ਉਸ ਨੇ ਪਾਸਪੋਰਟ ਤੋਂ ਫਰਜ਼ੀ ਬ੍ਰਾਜ਼ੀਲ ਦੇ ਵੀਜ਼ੇ ਵਾਲੇ ਦੋ ਪੰਨੇ ਹਟਾ ਦਿੱਤੇ। ਸੁਲਤਾਨ ਨੇ ਗੁਰਪ੍ਰੀਤ ਨੂੰ ਅਮਰੀਕਾ ਭੇਜਣ ਲਈ 2023 ਅਤੇ 2024 ਵਿੱਚ ਇੱਕ ਵਾਰ ਚਾਰ ਕੋਸ਼ਿਸ਼ਾਂ ਕੀਤੀਆਂ, ਪਰ ਉਹ ਸਫਲ ਨਹੀਂ ਹੋ ਸਕਿਆ।

ਉਸ ਦੀ ਇਤਲਾਹ ‘ਤੇ ਪੁਲਿਸ ਨੇ ਏਜੰਟ ਸੁਲਤਾਨ ਸਿੰਘ ਵਾਸੀ ਪਿੰਡ ਨੌਰੰਗਾਬਾਦ ਤਰਨਤਾਰਨ ਪੰਜਾਬ ਨੂੰ ਅੰਮ੍ਰਿਤਸਰ ਤੋਂ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਸੁਲਤਾਨ ਨੇ ਪੰਜਾਬੀ ਗਾਇਕ ਫਤਿਹਜੀਤ ਦੀ ਸ਼ਮੂਲੀਅਤ ਦਾ ਖੁਲਾਸਾ ਕੀਤਾ। ਪੁਲਿਸ ਨੇ ਸੁਲਤਾਨ ਦੇ ਇਸ਼ਾਰੇ ‘ਤੇ ਫਤਿਹਜੀਤ ਦੇ ਸੰਭਾਵਿਤ ਟਿਕਾਣਿਆਂ ‘ਤੇ ਕਈ ਛਾਪੇ ਮਾਰੇ ਪਰ ਉਹ ਭੱਜਣ ‘ਚ ਕਾਮਯਾਬ ਹੋ ਗਿਆ।

ਮੁਲਜ਼ਮਾਂ ਨੇ ਸੈਸ਼ਨ ਕੋਰਟ ਅਤੇ ਦਿੱਲੀ ਹਾਈ ਕੋਰਟ ਵਿੱਚ ਅਗਾਊਂ ਜ਼ਮਾਨਤ ਪਟੀਸ਼ਨਾਂ ਦਾਇਰ ਕੀਤੀਆਂ ਸਨ, ਜਿਨ੍ਹਾਂ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਆਈਜੀਆਈ ਏਅਰਪੋਰਟ ਥਾਣਾ ਇੰਚਾਰਜ ਸੁਸ਼ੀਲ ਗੋਇਲ ਦੀ ਅਗਵਾਈ ਹੇਠ ਪੁਲਿਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਿਸ ਨੇ ਤਕਨੀਕੀ ਜਾਂਚ ਕਰਕੇ ਉਸ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ।

ਏਜੰਟ ਦੇ ਸੰਪਰਕ ‘ਚ ਆ ਕੇ ਗਾਇਕ ਨੇ ਸ਼ੁਰੂ ਕੀਤੀ ਠੱਗੀ

ਪੁਲਿਸ ਮੁਤਾਬਕ ਫਤਿਹਜੀਤ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਸ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੈ ਅਤੇ ਗਾਇਕ ਹੈ। ਉਹ ਦੁਨੀਆਂ ਭਰ ਵਿੱਚ ਆਪਣੇ ਪ੍ਰੋਗਰਾਮ ਪੇਸ਼ ਕਰਦਾ ਹੈ। ਆਪਣੇ ਕੰਮ ਦੌਰਾਨ ਉਹ ਏਜੰਟ ਸੁਲਤਾਨ ਦੇ ਸੰਪਰਕ ‘ਚ ਆਇਆ, ਜੋ ਲੋਕਾਂ ਨੂੰ ਅਮਰੀਕਾ ਭੇਜਣ ਦੇ ਨਾਂ ‘ਤੇ ਠੱਗੀ ਮਾਰਦਾ ਸੀ।

ਇਸ ਤੋਂ ਬਾਅਦ ਜਲਦੀ ਪੈਸੇ ਕਮਾਉਣ ਲਈ ਉਸ ਨਾਲ ਕੰਮ ਵੀ ਸ਼ੁਰੂ ਕਰ ਦਿੱਤਾ। ਗੁਰਪ੍ਰੀਤ ਵੱਲੋਂ ਦਿੱਤੇ 10 ਲੱਖ ਰੁਪਏ ਵਿੱਚੋਂ 4 ਲੱਖ ਰੁਪਏ ਕਮਿਸ਼ਨ ਵਜੋਂ ਮਿਲੇ ਹਨ। ਉਸ ਨੇ ਸੁਲਤਾਨ ਅਤੇ ਹੋਰ ਸਾਥੀਆਂ ਦੀ ਮਦਦ ਨਾਲ ਗੁਰਪ੍ਰੀਤ ਨੂੰ ਵੱਖ-ਵੱਖ ਦੇਸ਼ਾਂ ਤੋਂ ਪੰਜ ਵਾਰ ਅਮਰੀਕਾ ਦੀ ਯਾਤਰਾ ਕਰਵਾਈ, ਪਰ ਸਫ਼ਲਤਾ ਨਹੀਂ ਮਿਲੀ। ਉਸ ਨੇ ਗੁਰਪ੍ਰੀਤ ਦੀ ਯਾਤਰਾ ਲਈ ਬ੍ਰਾਜ਼ੀਲ ਦਾ ਜਾਅਲੀ ਵੀਜ਼ਾ ਵੀ ਲਗਵਾਇਆ ਸੀ।

 

Media PBN Staff

Media PBN Staff

Leave a Reply

Your email address will not be published. Required fields are marked *