ਪੰਜਾਬ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਪੁਲਿਸ ਅਧਿਕਾਰੀ ਦੀ ਮੌਤ
Punjab News, 19 Dec 2025 (Media PBN)-
ਪੰਜਾਬ ਵਿੱਚ ਇੱਕ ਵਾਰ ਫਿਰ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਦੇ ਅਨੁਸਾਰ, ਗੁਰਦਾਸਪੁਰ ਵਿੱਚ ਸੰਘਣੀ ਧੁੰਦ ਦੇ ਕਾਰਨ ਵਾਪਰੇ ਸੜਕ ਹਾਦਸੇ ਵਿੱਚ ਅਡੀਸ਼ਨਲ ਐਸਐਚਓ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਸੁਲੱਖਣ ਰਾਮ ਵਜੋਂ ਹੋਈ ਹੈ, ਜੋ ਥਾਣਾ ਧਾਰੀਵਾਲ ਵਿੱਚ ਤਾਇਨਾਤ ਸੀ।
ਦੱਸਿਆ ਜਾ ਰਿਹਾ ਹੈ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਵੀਰਵਾਰ ਨੂੰ ਆਪਣੀ ਡਿਊਟੀ ‘ਤੇ ਜਾ ਰਹੇ ਸਨ ਅਤੇ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜ ਗਈ। ਸਾਥੀ ਮੁਲਾਜ਼ਮਾਂ ਨੇ ਉਨ੍ਹਾਂ ਦੀ ਵਿਗੜਦੀ ਤਬੀਅਤ ਨੂੰ ਦੇਖਦੇ ਹੋਏ ਗੁਰਦਾਸਪੁਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ।
ਜਦੋਂ ਪਰਿਵਾਰ ਐਂਬੂਲੈਂਸ ਰਾਹੀਂ ਸੁਲੱਖਣ ਰਾਮ ਨੂੰ ਅੰਮ੍ਰਿਤਸਰ ਲਿਜਾ ਰਿਹਾ ਸੀ ਤਾਂ ਰਸਤੇ ਵਿੱਚ ਪੈਂਦੇ ਪਿੰਡ ਸੋਲ ਨੇੜੇ ਨੈਸ਼ਨਲ ਹਾਈਵੇ ‘ਤੇ ਐਂਬੂਲੈਂਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਸੰਘਣੀ ਧੁੰਦ ਦੇ ਕਾਰਨ ਵਾਪਰਿਆ।
ਇਸ ਹਾਦਸੇ ਵਿੱਚ ਅਡੀਸ਼ਨਲ ਐਸਐਚਓ ਸੁਲੱਖਣ ਰਾਮ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦੀ ਬੇਟੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਾਲਾਂਕਿ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਐਂਬੂਲੈਂਸ ਚਾਲਕ ਵੀ ਇਸ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਇਆ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਧਾਰੀਵਾਲ ਮੌਕੇ ‘ਤੇ ਪਹੁੰਚੇ, ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਹਾਦਸਾ ਸੰਘਣੀ ਧੁੰਦ ਦੇ ਕਾਰਨ ਵਾਪਰਿਆ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਦੇ ਕਾਰਨ ਪੁਲਿਸ ਵਿਭਾਗ ਸਮੇਤ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਡੀਐਸਪੀ ਧਾਰੀਵਾਲ ਕੁਲਵੰਤ ਸਿੰਘ ਮਾਨ ਸਮੇਤ ਸਮੂਹ ਪੁਲਿਸ ਅਧਿਕਾਰੀਆਂ ਨੇ ਅਡੀਸ਼ਨਲ ਐਸਐਚਓ ਸੁਲੱਖਣ ਰਾਮ ਦੀ ਦਰਦਨਾਕ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

