ਅਧਿਆਪਕਾਂ ‘ਤੇ ਬ੍ਰਿਜ਼ ਕੋਰਸ ਥੋਪਣ ਦੀ DTF ਵੱਲੋਂ ਨਿਖੇਧੀ
ਅਧਿਆਪਕਾਂ ‘ਤੇ ਬ੍ਰਿਜ਼ ਕੋਰਸ ਥੋਪਣ ਦੀ DTF ਵੱਲੋਂ ਨਿਖੇਧੀ
Punjab News, 21 ਦਸੰਬਰ 2025- (Media PBN)
ਸਿੱਖਿਆ ਪ੍ਰੋਵਾਈਡਰ ਤੋਂ ਸਿੱਧੀ ਭਰਤੀ ਵਿੱਚ ਤਜ਼ਰਬੇ ਦੇ ਅਧਾਰ ‘ਤੇ ਭਰਤੀ ਹੋਏ ਮੁੱਖ ਅਧਿਆਪਕ ਅਤੇ ਸੈਂਟਰ ਮੁੱਖ ਅਧਿਆਪਕਾਂ ਉੱਪਰ ਸਿੱਖਿਆ ਵਿਭਾਗ ਵੱਲੋਂ ਬ੍ਰਿਜ਼ ਕੋਰਸ ਕਰਨ ਦਾ ਤੁਗਲਕੀ ਫੁਰਮਾਨ ਜਾਰੀ ਕਰ ਦਿੱਤਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਦੱਸਿਆ ਕਿ ਇਹ ਅਧਿਆਪਕ ਲਗਭਗ 15-15 ਸਾਲ ਦਾ ਪੜ੍ਹਾਉਣ ਦਾ ਤਜ਼ਰਬਾ ਰੱਖਦੇ ਸਨ।
ਇਹ ਅਧਿਆਪਕ ਸਿੱਖਿਆ ਵਿਭਾਗ ਵੱਲੋਂ ਆਪਣੀ ਭਰਤੀ ਸਮੇਂ ਲਾਈਆਂ ਸਭ ਸ਼ਰਤਾਂ ਅਤੇ ਯੋਗਤਾਵਾਂ ਪੂਰੀਆਂ ਕਰਕੇ ਨੌਕਰੀ ਵਿੱਚ ਆਏ ਸਨ। ਪਰ ਹੁਣ ਲਗਭਗ 6 ਸਾਲ ਬਾਅਦ ਇਹਨਾਂ ਨੂੰ ਬ੍ਰਿਜ਼ ਕੋਰਸ ਕਰਨ ਦਾ ਹੁਕਮ ਕਰ ਦਿੱਤਾ ਹੈ ਜੋ ਕਿ ਸਰਾਸਰ ਗਲਤ ਹੈ।
ਜੱਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁਖਵਿੰਦਰ ਸੁੱਖੀ, ਵਿੱਤ ਸਕੱਤਰ ਜਸਵਿੰਦਰ ਸਿੰਘ, ਸਯੁੰਕਤ ਸਕੱਤਰ ਦਲਜੀਤ ਸਮਰਾਲਾ ਅਤੇ ਸੂਬਾ ਪ੍ਰੈੱਸ ਸਕੱਤਰ ਲਖਵੀਰ ਸਿੰਘ ਹਰੀਕੇ ਅਤੇ ਸਹਾਇਕ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਕਿਹਾ ਕਿ ਨਿੱਤ ਦਿਨ ਅਧਿਆਪਕਾਂ ਨੂੰ ਪ੍ਰੇਸ਼ਾਨ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਹੁਕਮ ਕੀਤੇ ਜਾ ਰਹੇ ਹਨ।
ਜਿਸ ਕਰਕੇ ਅਧਿਆਪਕ ਆਪਣੇ ਮੁੱਖ ਕੰਮ ਪੜ੍ਹਾਈ ਕਰਵਾਉਣ ਦੀ ਥਾਂ ਆਪਣੇ ਉੱਪਰ ਥੋਪੇ ਜਾ ਰਹੇ ਬੇਲੋੜੇ ਹੁਕਮਾਂ ਨੂੰ ਰੱਦ ਕਰਵਾਉਣ ਲਈ ਸੜਕਾਂ ‘ਤੇ ਸੰਘਰਸ਼ ਕਰਦੇ ਆ ਰਹੇ ਹਨ।
ਆਗੂਆਂ ਨੇ ਮੰਗ ਕੀਤੀ ਕਿ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਸਾਰੇ ਅਧਿਆਪਕ ਆਪਣੀ ਭਰਤੀ ਸਮੇਂ ਰੱਖੀਆਂ ਹਰ ਤਰ੍ਹਾਂ ਦੀਆਂ ਸ਼ਰਤਾਂ ਜਿਵੇਂ ਟੈਸਟ, ਇੰਟਰਵਿਊ, ਤਜ਼ਰਬਾ ਆਦਿ ਦੀਆਂ ਯੋਗਤਾਵਾਂ ਪੂਰੀਆਂ ਕਰਕੇ ਨੌਕਰੀ ਵਿੱਚ ਆਏ ਹਨ ਪਰ ਹੁਣ ਜਦ ਉਹ ਏਨੇ ਸਾਲ ਨੌਕਰੀ ਕਰ ਚੁੱਕੇ ਹਨ ਤਾਂ ਸਿੱਖਿਆ ਵਿਭਾਗ ਨੂੰ ਪਤਾ ਨਹੀਂ ਕਿੱਥੋਂ ਇਹ ਤਰ੍ਹਾਂ ਤਰ੍ਹਾਂ ਦੇ ਟੈਸਟ ਅਤੇ ਕੋਰਸ ਯਾਦ ਆ ਜਾਂਦੇ ਹਨ?
ਆਗੂਆਂ ਨੇ ਕਿਹਾ ਕਿ ਇਹ ਇਹਨਾਂ ਅਧਿਆਪਕਾਂ ‘ਤੇ ਥੋਪਿਆ ਇਹ ਬ੍ਰਿਜ਼ ਕੋਰਸ ਵਾਪਿਸ ਲਿਆ ਜਾਵੇ ਨਹੀਂ ਤਾਂ ਜਥੇਬੰਦੀ ਇਸ ਮਸਲੇ ‘ਤੇ ਤਿੱਖਾ ਸੰਘਰਸ਼ ਕਰੇਗੀ।

