ਮੁੱਖ ਮੰਤਰੀ ਤੀਰਥ ਯਾਤਰਾ ਦੀ ਰਜਿਸਟਰੇਸ਼ਨ ‘ਚ ਅਤੇ ਸਰਦੀ ਦੀਆਂ ਛੁੱਟੀਆਂ ਦੌਰਾਨ ਅਧਿਆਪਕਾਂ ਤੋਂ ਬੀਐਲਓ ਦਾ ਕੰਮ ਲੈਣ ਦਾ DTF ਨੇ ਕੀਤਾ ਸਖਤ ਇਤਰਾਜ਼
ਮੁੱਖ ਮੰਤਰੀ ਤੀਰਥ ਯਾਤਰਾ ਦੀ ਰਜਿਸਟਰੇਸ਼ਨ ‘ਚ ਅਤੇ ਸਰਦੀ ਦੀਆਂ ਛੁੱਟੀਆਂ ਦੌਰਾਨ ਅਧਿਆਪਕਾਂ ਤੋਂ ਬੀਐਲਓ ਦਾ ਕੰਮ ਲੈਣ ਦਾ DTF ਨੇ ਕੀਤਾ ਸਖਤ ਇਤਰਾਜ਼
ਇਹਨਾਂ ਡਿਊਟੀਆਂ ਦਾ ਕੀਤਾ ਜਾਵੇਗਾ ਸਖਤ ਵਿਰੋਧ: ਬਲਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ
ਬਠਿੰਡਾ 22 ਦਸੰਬਰ (Media PBN)
ਜਿਲਾ ਬਠਿੰਡਾ ਦੇ 092 ਸ਼ਹਿਰੀ ਚੋਣ ਹਲਕੇ ਅੰਦਰ ਐਸ ਡੀ ਐਮ ਬਠਿੰਡਾ ਵੱਲੋਂ ਬੀਐਲਓ ਨੂੰ ਪੱਤਰ ਜਾਰੀ ਕਰਕੇ 23 ਦਸੰਬਰ ਤੋਂ 31 ਦਸੰਬਰ ਤੱਕ ਆਪਣੇ ਬੂਥਾਂ ਉੱਪਰ ਬੈਠ ਕੇ ਵੋਟਰ ਸੂਚੀਆਂ ਦੀ ਸੁਧਾਈ ਦੇ ਕੰਮ ਦਾ ਡੈਮੋਕਰੇਟਿਕ ਟੀਚਰ ਫਰੰਟ ਬਠਿੰਡਾ ਵੱਲੋਂ ਸਖਤ ਸ਼ਬਦਾਂ ਵਿੱਚ ਇਤਰਾਜ਼ ਕਰਦਿਆਂ ਹੋਇਆ ਛੁੱਟੀਆਂ ਦੌਰਾਨ ਇਸ ਡਿਊਟੀ ਦਾ ਸਖਤ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ।
ਇਸ ਸਮੇਂ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ,ਸਕੱਤਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਇੱਕ ਪਾਸੇ ਵਧ ਰਹੀ ਸਰਦੀ ਨੂੰ ਦੇਖਦੇ ਹੋਏ ਸਕੂਲਾਂ ਅੰਦਰ ਸਰਦੀ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਪ੍ਰੰਤੂ ਦੂਜੇ ਪਾਸੇ ਹਲਕਾ 92 ਸ਼ਹਿਰੀ ਬਠਿੰਡਾ ਦੇ ਵੱਲੋਂ ਇਹਨਾਂ ਛੁੱਟੀਆਂ ਦੌਰਾਨ ਸਮੂਹ ਬੀ ਐਲ ਓ ਨੂੰ ਆਪੋ ਆਪਣੇ ਬੂਥਾਂ ਉੱਪਰ ਬੈਠ ਕੇ ਵੋਟਰ ਸੂਚੀਆਂ ਦੀ ਸੁਧਾਈ ਲਈ ਕੈਂਪ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਬੀਐਲਓ ਦੀਆਂ ਡਿਊਟੀਆਂ ਵਿੱਚ ਲਗਭਗ 90 ਪ੍ਰਤੀਸ਼ਤ ਅਧਿਆਪਕਾਂ ਦੀ ਡਿਊਟੀ ਲਗਾਈ ਹੋਈ ਹੈ। ਛੁੱਟੀਆਂ ਦੌਰਾਨ ਅਧਿਆਪਕਾਂ ਨੇ ਜਿੱਥੇ ਆਪਣੇ ਪਰਿਵਾਰਿਕ ਕੰਮ ਧੰਦੇ ਕਰਨੇ ਹੁੰਦੇ ਹਨ ਤੇ ਅੱਤ ਦੀ ਸਰਦੀ ਦੌਰਾਨ ਉਹਨਾਂ ਨੂੰ ਬੂਥਾਂ ਉੱਪਰ ਬੈਠਣ ਲਈ ਮਜਬੂਰ ਕਰਨਾ ਸਰਾਸਰ ਧੱਕੇਸ਼ਾਹੀ ਹੈ ਜਿਸ ਦਾ ਜਥੇਬੰਦੀ ਵੱਲੋਂ ਡਟਵਾਂ ਵਿਰੋਧ ਕੀਤਾ ਜਾਵੇਗਾ।
ਇਸ ਸਮੇਂ ਜ਼ਿਲ੍ਹਾ ਮੀਤ ਪ੍ਰਧਾਨ ਵਿਕਾਸ ਗਰਗ, ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਖੇਮੋਆਣਾ, ਸਹਾਇਕ ਸਕੱਤਰ ਕੁਲਵਿੰਦਰ ਸਿੰਘ ਵਿਰਕ ਅਤੇ ਵਿੱਤ ਸਕੱਤਰ ਅਨਿਲ ਭੱਟ ਨੇ ਦੱਸਿਆ ਕਿ ਇਸੇ ਤਰ੍ਹਾਂ ਹਲਕਾ ਤਲਵੰਡੀ ਸਾਬੋ ਵਿੱਚ ਵੀ ਮੁੱਖ ਮੰਤਰੀ ਤੀਰਥ ਯਾਤਰਾ ਦੀ ਰਜਿਸਟਰੇਸ਼ਨ ਵਿੱਚ ਬੀਐਲਓ ਨੂੰ ਜਬਰੀ ਡਿਊਟੀ ਦੇਣ ਲਈ ਪਾਬੰਦ ਕੀਤਾ ਜਾ ਰਿਹਾ ਹੈ ਜੋ ਬੀਐਲਓ ਦੀਆਂ ਡਿਊਟੀਆਂ ਤੋਂ ਵੱਖਰੀ ਡਿਊਟੀ ਲਈ ਜਾ ਰਹੀ ਹੈ। ਸਰਕਾਰ ਇੱਕੋ ਮੁਲਾਜ਼ਮ ਤੋਂ ਕਈ ਕਈ ਡਿਊਟੀਆਂ ਦਾ ਕੰਮ ਲੈ ਰਹੀ ਹੈ ਜੋ ਮੁਲਾਜ਼ਮਾਂ ਦਾ ਸ਼ੋਸ਼ਣ ਕਰਨ ਦਾ ਇੱਕ ਨਵਾਂ ਢੰਗ ਹੈ।
ਅਧਿਆਪਕਾਂ ਤੋਂ ਇੱਕ ਮਸ਼ੀਨ ਦੀ ਤਰ੍ਹਾਂ ਕੰਮ ਲਿਆ ਜਾ ਰਿਹਾ ਹੈ ਜਿਸ ਨਾਲ ਉਹਨਾਂ ਦੀ ਮਾਨਸਿਕ ਅਤੇ ਸਰੀਰਕ ਕਿਰਤ ਦਾ ਰੱਜ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਚੋਣ ਕਮਿਸ਼ਨ ਇਹਨਾਂ ਕੰਮਾਂ ਲਈ ਵੱਖਰੇ ਸਟਾਫ ਦੀ ਭਰਤੀ ਕਰੇ ਜਦੋਂ ਇਹ ਕੰਮ ਸਾਰਾ ਸਾਲ ਚੱਲਣੇ ਹਨ ਤਾਂ ਦੂਜੇ ਵਿਭਾਗਾਂ ਦੇ ਮੁਲਾਜ਼ਮ ਜੋ ਆਪਣੇ ਵਿਭਾਗ ਦੇ ਕੰਮ ਅਤੇ ਡਿਊਟੀਆਂ ਨਿਭਾਉਂਦੇ ਹਨ ਉਹਨਾਂ ਉੱਪਰ ਦੂਹਰੀਆਂ ਤੀਹਰੀਆਂ ਡਿਊਟੀਆਂ ਦਾ ਬੋਝ ਪਾ ਕੇ ਉਹਨਾਂ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਕਰਨਾ ਮਨੁੱਖੀ ਕਿਰਤ ਦੀ ਜਾਬਰ ਲੁੱਟ ਹੈ।
ਆਗੂਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਦੇ ਇਹਨਾਂ ਪੱਤਰਾਂ ਦਾ ਵਿਰੋਧ ਕਰਦਿਆਂ ਮੰਗ ਕੀਤੀ ਹੈ ਕਿ ਛੁੱਟੀਆਂ ਦੌਰਾਨ ਬੀਐਲਓ ਅਧਿਆਪਕਾਂ ਤੋਂ ਕੰਮ ਲੈਣ ਦਾ ਇਹ ਪੱਤਰ ਵਾਪਸ ਲਿਆ ਜਾਵੇ ਨਹੀਂ ਤਾਂ ਜਥੇਬੰਦੀ ਇਸ ਦੇ ਖਿਲਾਫ ਤਿੱਖਾ ਰੋਸ ਪ੍ਰਦਰਸ਼ਨ ਕਰੇਗੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਬਲਕਰਨ ਸਿੰਘ ਕੋਟਸ਼ਮੀਰ ਭੁਪਿੰਦਰ ਸਿੰਘ ਮਾਈਸਰਖਾਨਾ, ਭੋਲਾ ਤਲਵੰਡੀ, ਰਾਜਵਿੰਦਰ ਸਿੰਘ ਜਲਾਲ ,ਅਸ਼ਵਨੀ ਡੱਬਵਾਲੀ ਨੇ ਵੀ ਪ੍ਰਸ਼ਾਸਨ ਅਤੇ ਸਰਕਾਰ ਦੀ ਨੁਕਤਾ ਜਿੰਨੀ ਕਰਦਿਆਂ ਉਕਤ ਦੋਵਾਂ ਪੱਤਰਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ।

