Punjab Weather: ਮੌਸਮ ਦਾ ਕਹਿਰ; IMD ਵੱਲੋਂ ਕੋਲਡ ਵੇਵ ਦਾ ਅਲਰਟ ਜਾਰੀ

All Latest NewsNews FlashPunjab NewsTop BreakingTOP STORIESWeather Update - ਮੌਸਮ

 

Punjab Weather: ਮੌਸਮ ਦਾ ਕਹਿਰ; IMD ਵੱਲੋਂ ਕੋਲਡ ਵੇਵ ਦਾ ਅਲਰਟ ਜਾਰੀ

ਚੰਡੀਗੜ੍ਹ/ਜਲੰਧਰ, 23 ਦਸੰਬਰ 2025:

ਪੰਜਾਬ ਸਮੇਤ ਉੱਤਰ ਭਾਰਤ ਵਿੱਚ ਮੌਸਮ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। IMD ਵੱਲੋਂ ਪੰਜਾਬ ਅੰਦਰ ਸੀਤ ਲਹਿਰ ਨੂੰ ਲੈਕੇ ਕੋਲਡ ਵੇਵ ਦਾ ਅਲਰਟ ਜਾਰੀ ਕਰ ਦਿੱਤਾ ਹੈ।

ਮੌਸਮ ਵਿਭਾਗ ਮੁਤਾਬਕ, ਪਹਾੜੀ ਖੇਤਰਾਂ ਵਿੱਚ ਹੋਈ ਤਾਜ਼ਾ ਬਰਫਬਾਰੀ ਦਾ ਅਸਰ ਹੁਣ ਮੈਦਾਨੀ ਇਲਾਕਿਆਂ ਵਿੱਚ ਦਿਖ ਰਿਹਾ ਹੈ, ਜਿਸ ਦੇ ਚਲਦਿਆਂ ਅੱਜ ਤੋਂ ਤੇਜ਼ ਅਤੇ ਠੰਢੀਆਂ ਹਵਾਵਾਂ ਚੱਲਣ ਦੇ ਆਸਾਰ ਹਨ, ਜੋ ਲੋਕਾਂ ਨੂੰ ਦਿਨ ਵਿੱਚ ਵੀ ਠਰਨ ‘ਤੇ ਮਜਬੂਰ ਕਰ ਦੇਣਗੀਆਂ।

ਮੌਸਮ ਵਿਭਾਗ ਨੇ ਅਗਲੇ ਇੱਕ ਹਫ਼ਤੇ ਲਈ ਭਵਿੱਖਬਾਣੀ ਜਾਰੀ ਕੀਤੀ ਹੈ। ਅਗਲੇ 7 ਦਿਨਾਂ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹੇਗਾ। ਮੀਂਹ ਨਾ ਪੈਣ ਅਤੇ ਹਵਾ ਵਿੱਚ ਨਮੀ ਦੀ ਕਮੀ ਕਾਰਨ ਧੁੰਦ ਦੇ ਨਾਲ-ਨਾਲ ਪ੍ਰਦੂਸ਼ਣ (Pollution) ਦਾ ਪੱਧਰ ਵੀ ਵਧਣ ਦੇ ਆਸਾਰ ਹਨ।

ਅਗਲੇ ਇੱਕ ਹਫ਼ਤੇ ਤੱਕ ਸਵੇਰੇ ਅਤੇ ਰਾਤ ਦੇ ਸਮੇਂ ਸੰਘਣੀ ਧੁੰਦ ਛਾਈ ਰਹੇਗੀ, ਹਾਲਾਂਕਿ ਦਿਨ ਵਿੱਚ ਧੁੱਪ ਨਿਕਲਣ ਨਾਲ ਥੋੜ੍ਹੀ ਰਾਹਤ ਮਿਲ ਸਕਦੀ ਹੈ, ਪਰ ਸਰਦ ਹਵਾਵਾਂ ਜਾਰੀ ਰਹਿਣਗੀਆਂ।

ਧੁੰਦ ਕਾਰਨ ਵਾਪਰੇ ਸੜਕ ਹਾਦਸੇ

ਸੰਘਣੀ ਧੁੰਦ ਹੁਣ ਜਾਨਲੇਵਾ ਵੀ ਸਾਬਤ ਹੋ ਰਹੀ ਹੈ। ਘੱਟ ਵਿਜ਼ੀਬਿਲਟੀ ਕਾਰਨ ਸੋਮਵਾਰ ਨੂੰ ਜਲੰਧਰ ਦੇ ਪੀਏਪੀ ਚੌਕ (PAP Chowk) ‘ਤੇ ਇੱਕ ਟਰੱਕ, ਪੰਜਾਬ ਰੋਡਵੇਜ਼ ਅਤੇ ਪ੍ਰਾਈਵੇਟ ਬੱਸ ਵਿਚਾਲੇ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ ਵਿੱਚ ਪਨਬੱਸ (Punbus) ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।

ਉੱਥੇ ਹੀ, ਇੱਕ ਹੋਰ ਘਟਨਾ ਵਿੱਚ ਗਿੱਦੜਬਾਹਾ-ਮਲੋਟ ਰੋਡ ‘ਤੇ ਬਾਬਾ ਫਰੀਦ ਯੂਨੀਵਰਸਿਟੀ ਦੀ ਬੱਸ ਸੜਕ ਕਿਨਾਰੇ ਖੜ੍ਹੇ ਇੱਕ ਟਰੱਕ ਨਾਲ ਜਾ ਟਕਰਾਈ। ਗਨੀਮਤ ਰਹੀ ਕਿ ਬੱਸ ਵਿੱਚ ਸਵਾਰ ਯੂਨੀਵਰਸਿਟੀ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਗੰਭੀਰ ਸੱਟਾਂ ਨਹੀਂ ਆਈਆਂ।

 

Media PBN Staff

Media PBN Staff