ਵੱਡੀ ਖ਼ਬਰ: ਗਵਰਨਰ ਗੁਲਾਬ ਚੰਦ ਕਟਾਰੀਆ ਨੂੰ ਜਾਨੋਂ ਮਾਰਨ ਦੀ ਧਮਕੀ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਸੋਸ਼ਲ ਮੀਡੀਆ ‘ਤੇ ਮਿਲੀ ਧਮਕੀ; ਕਰਨੀ ਸੈਨਾ ਦੇ ਪ੍ਰਧਾਨ ਨੇ ਵਰਤੀ ਸਖ਼ਤ ਸ਼ਬਦਾਵਲੀ
ਚੰਡੀਗੜ੍ਹ, 25 ਦਸੰਬਰ 2025- ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ, ਖੱਤਰੀ ਕਰਨੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਰਾਜ ਸ਼ੇਖਾਵਤ ਵੱਲੋਂ ਸੋਸ਼ਲ ਮੀਡੀਆ ਰਾਹੀਂ ਰਾਜਪਾਲ ਨੂੰ ਸਿੱਧੀ ਧਮਕੀ ਦਿੱਤੀ ਗਈ ਹੈ।
ਰਾਜ ਸ਼ੇਖਾਵਤ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਰਾਜਪਾਲ ਕਟਾਰੀਆ ਨੂੰ ਸੰਬੋਧਨ ਕਰਦਿਆਂ ਬੇਹੱਦ ਤਿੱਖੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ।
ਉਨ੍ਹਾਂ ਨੇ ਲਿਖਿਆ “ਸੁਣ ਰੇ ਗੁਲਾਬ ਚੰਦ, ਆਪਣੀ ਔਕਾਤ ਵਿੱਚ ਰਹਿ। ਤੂੰ ਪਹਿਲਾਂ ਵੀ ਸਾਡੇ ਮਹਾਰਾਣਾ ਪ੍ਰਤਾਪ ਦਾ ਅਪਮਾਨ ਕਰ ਚੁੱਕਾ ਹੈਂ। ਹੁਣ ਫਿਰ ਅਪਮਾਨ ਕੀਤਾ ਹੈ।”
ਇਸ ਧਮਕੀ ਭਰੀ ਪੋਸਟ ਵਿੱਚ ਰਾਜ ਸ਼ੇਖਾਵਤ ਨੇ ਪੁਰਾਣੇ ਵਿਵਾਦਾਂ ਦਾ ਹਵਾਲਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕਰਨੀ ਸੈਨਾ ਲੰਬੇ ਸਮੇਂ ਤੋਂ ਗੁਲਾਬ ਚੰਦ ਕਟਾਰੀਆ ਦੀਆਂ ਪੁਰਾਣੀਆਂ ਟਿੱਪਣੀਆਂ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕਰਦੀ ਰਹੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਰਾਜਪਾਲ ਨੇ ਅਤੀਤ ਵਿੱਚ ਮਹਾਰਾਣਾ ਪ੍ਰਤਾਪ ਵਰਗੀ ਮਹਾਨ ਸ਼ਖ਼ਸੀਅਤ ਬਾਰੇ ਇਤਰਾਜ਼ਯੋਗ ਸ਼ਬਦ ਕਹੇ ਸਨ।

