ਕੜਾਕੇ ਦੀ ਠੰਡ ‘ਚ ਰੁਜ਼ਗਾਰ ਖਾਤਰ ਮੋਰਚਾ! ਬੇਰੁਜ਼ਗਾਰਾਂ ਨੇ ਸਾੜੀ ਭਗਵੰਤ ਮਾਨ ਦੇ ਲਾਰਿਆਂ ਦੀ ਪੰਡ
ਕੜਾਕੇ ਦੀ ਠੰਡ ‘ਚ ਰੁਜ਼ਗਾਰ ਖਾਤਰ ਮੋਰਚਾ! ਬੇਰੁਜ਼ਗਾਰਾਂ ਨੇ ਸਾੜੀ ਭਗਵੰਤ ਮਾਨ ਦੇ ਲਾਰਿਆਂ ਦੀ ਪੰਡ
ਸੰਗਰੂਰ, 28 Dec 2025 (Media PBN):
ਰੁਜ਼ਗਾਰ ਦੀ ਖਾਤਰ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਬੇਰੁਜ਼ਗਾਰਾਂ ਦਾ ਪੱਕਾ ਮੋਰਚਾ ਜਾਰੀ ਹੈ। ਬੇਰੁਜ਼ਗਾਰਾਂ ਨੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਸਾੜਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਬੇਰੁਜ਼ਗਾਰ ਸਾਂਝਾ ਮੋਰਚਾ ਦੇ ਆਗੂ ਅਮਨਦੀਪ ਸਿੰਘ ਸੇਖਾ ਨੇ ਦੱਸਿਆ ਕਿ ਪਹਿਲਾਂ ਇਹ ਪੱਕਾ ਮੋਰਚਾ ਮੁੱਖ ਮੰਤਰੀ ਦੀ ਕੋਠੀ ਅੱਗੇ ਲਾਇਆ ਜਾਣਾ ਸੀ।
ਪ੍ਰੰਤੂ ਸ਼ਹੀਦੀ ਪੰਦਰਵਾੜਾ ਹੋਣ ਕਰਕੇ ਸ੍ਰੀ ਫ਼ਤਹਿਗੜ੍ਹ ਸਾਹਿਬ ਜਾ ਰਹੀਆਂ ਸੰਗਤਾਂ ਨੂੰ ਅੜਚਨ ਨਾ ਆਵੇ, ਇਸ ਲਈ ਬੇਰੁਜ਼ਗਾਰਾਂ ਨੇ ਪੱਕਾ ਮੋਰਚਾ ਡੀਸੀ ਦਫਤਰ ਸਾਹਮਣੇ ਲਾ ਦਿੱਤਾ। ਸ਼ੁੱਕਰਵਾਰ ਨੂੰ ਪੱਕੇ ਮੋਰਚੇ ਤੋਂ ਲਾਲ ਬੱਤੀ ਚੌਕ ਤੱਕ ਰੋਸ ਮਾਰਚ ਕਰਦਿਆਂ ਬੇਰੁਜਗਾਰਾਂ ਨੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਸਾੜਦਿਆਂ ਪੰਜਾਬ ਸਰਕਾਰ ‘ਤੇ ਵਾਅਦਾਖਿਲਾਫੀ ਦੇ ਦੋਸ਼ ਲਾਏ।
ਉਨ੍ਹਾਂ ਐਲਾਨ ਕੀਤਾ ਕਿ ਜੇਕਰ ਜਲਦੀ ਉਨ੍ਹਾਂ ਦੀਆਂ ਮੰਗਾਂ ਮਾਸਟਰ ਕੇਡਰ, ਲੈਕਚਰਾਰ, ਸਹਾਇਕ ਪ੍ਰੋਫ਼ੈਸਰ ਅਤੇ ਮਲਟੀਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਅਸਾਮੀਆਂ ਜਾਰੀ ਨਾ ਕੀਤੀਆਂ, ਸਾਰੀਆਂ ਭਰਤੀਆਂ ਵਿੱਚ ਉਮਰ ਹੱਦ ਛੋਟ ਨਾ ਦਿੱਤੀ, ਜੇਕਰ ਆਰਟ ਐਂਡ ਕਰਾਫਟ ਦੀਆਂ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਨਾ ਲਈ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ।
ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਹ ਮੋਰਚਾ ਜਾਰੀ ਰਹੇਗਾ। ਦੱਸ ਦੇਈਏ ਕਿ ਕੜਾਕੇ ਦੀ ਪੈ ਰਹੀ ਠੰਢ ਵਿੱਚ ਇਹ ਪ੍ਰਦਰਸ਼ਨਕਾਰੀ ਡੀਸੀ ਦਫਤਰ ਦੇ ਸਾਹਮਣੇ ਟੈਂਟ ਲਾਈ ਬੈਠੇ ਹਨ ਅਤੇ ਠੰਢ ਨੂੰ ਆਪਣੇ ਪਿੰਡੇ ‘ਤੇ ਹੰਢਾ ਰਹੇ ਹਨ। ਇਸ ਮੌਕੇ ਜਸਪਾਲ ਸਿੰਘ ਲਹਿਰਾ, ਹੀਰਾ ਲਾਲ, ਸੰਦੀਪ ਸਿੰਘ ਮੋਫ਼ਰ, ਮਨਦੀਪ ਸਿੰਘ, ਸੁਖਪਾਲ ਖ਼ਾਨ, ਕਰਮਜੀਤ ਸਿੰਘ, ਕੇਵਲ ਕ੍ਰਿਸ਼ਨ, ਸਿੰਮੀ ਕੌਰ, ਮਨਜੀਤ ਕੌਰ, ਰਾਜਵੀਰ ਕੌਰ ਹਾਜ਼ਰ ਸਨ।

