ਪੰਜਾਬ ਸਰਕਾਰ ਪ੍ਰਾਇਮਰੀ ਸਕੂਲਾਂ ਦਾ ਸਮਾਂ ਬਦਲੇ!
ਪੰਜਾਬ ਸਰਕਾਰ ਪ੍ਰਾਇਮਰੀ ਸਕੂਲਾਂ ਦਾ ਸਮਾਂ ਬਦਲੇ
ਸਕੂਲ ਖੁੱਲ੍ਹਣ ਦਾ ਸਮਾਂ 10 ਵਜੇ ਅਤੇ ਛੁੱਟੀ ਦਾ ਸਮਾਂ 2 ਵਜੇ ਕੀਤਾ ਜਾਵੇ
Education News, 15 Jan 2026-
ਕੜਾਕੇ ਦੀ ਠੰਡ ਵਿੱਚ ਜਿੱਥੇ ਸਕੂਲ ਦੁਬਾਰਾ ਤੋਂ ਖੁੱਲ੍ਹੇ ਹਨ, ਤੇ ਸਕੂਲਾਂ ਵਿੱਚ ਰੌਣਕਾਂ ਫਿਰ ਤੋਂ ਵਾਪਿਸ ਆਉਣੀਆਂ ਸ਼ੁਰੂ ਹੋਈਆਂ ਹਨ, ਉੱਥੇ ਹੀ ਪ੍ਰਾਇਮਰੀ ਅਧਿਆਪਕਾਂ ਦੀ 6635 ਅਧਿਆਪਕ ਯੂਨੀਅਨ ਨੇ ਮੰਗ ਕੀਤੀ ਹੈ ਕਿ ਸਕੂਲਾਂ ਦਾ ਸਮਾਂ ਧੁੰਦ ਦੇ ਮੱਦੇਨਜ਼ਰ ਤਬਦੀਲ ਕਰਨ ਦੀ ਮੰਗ ਕੀਤੀ ਹੈ।
ਜਥੇਬੰਦੀ ਦੇ ਆਗੂਆਂ ਦੀਪਕ ਕੰਬੋਜ਼, ਸ਼ਲਿੰਦਰ ਕੰਬੋਜ਼, ਨਿਰਮਲ ਜ਼ੀਰਾ, ਕੁਲਦੀਪ ਸਿੰਘ, ਰਾਜ ਸੁਖਵਿੰਦਰ ਸਿੰਘ, ਦੇਸ ਰਾਜ, ਰਵਿੰਦਰ ਕੰਬੋਜ਼, ਮਨਦੀਪ ਬਟਾਲਾ, ਜਰਨੈਲ ਨਾਗਰਾ, ਬੂਟਾ ਸਿੰਘ, ਜੱਗਾ ਸਿੰਘ, ਦਾਨਿਸ਼ ਭੱਟੀ, ਸੁਮਿਤ ਕੰਬੋਜ਼, ਦੀਪ ਬਨਾਰਸੀ, ਪਰਮਿੰਦਰ ਸਿੰਘ ਨੇ ਮੰਗ ਕੀਤੀ ਕਿ ਪ੍ਰਾਇਮਰੀ ਦੇ ਬੱਚਿਆਂ ਦੀ ਛੋਟੀ ਉਮਰ ਹੋਣ ਕਰਕੇ ਅਤੇ ਸਕੂਲਾਂ ਦਾ ਸਮਾਂ 9 ਵਜੇ ਦਾ ਹੋਣ ਕਰਕੇ ਬੱਚਿਆਂ ਦੀ ਗਿਣਤੀ ਵੀ ਕਾਫ਼ੀ ਘੱਟ ਰਹੀ ਹੈ ਅਤੇ ਬੱਚਿਆਂ ਦੇ ਬਿਮਾਰ ਹੋਣ ਦੀ ਦਿੱਕਤ ਵੀ ਜ਼ਿਆਦਾ ਹੋ ਸਕਦੀ ਹੈ।
ਧੁੰਦਾਂ ਦੇ ਮੌਸਮ ਕਰਕੇ ਐਕਸੀਡੈਂਟ ਦੀਆਂ ਘਟਨਾਵਾਂ ਹੋਣ ਦਾ ਵੀ ਡਰ ਰਹਿੰਦਾ ਹੈ। ਇਸ ਲਈ ਬੱਚਿਆਂ ਦੀ ਸਿਹਤ ਦਾ ਖ਼ਿਆਲ ਰੱਖਦਿਆਂ ਹੋਇਆ, ਬੱਚਿਆਂ ਦੀ ਹਾਜ਼ਰੀ ਯਕੀਨੀ ਬਣਾਉਣ, ਧੁੰਦ ਵਿੱਚ ਐਕਸੀਡੈਂਟ ਤੋਂ ਬਚਣ ਲਈ ਸਮਾਂ ਤਬਦੀਲੀ ਬਹੁਤ ਹੀ ਲਾਜ਼ਮੀ ਹੈ।
ਇਸ ਤੋਂ ਇਲਾਵਾ ਯੂਨੀਅਨ ਨੇ ਮੰਗ ਕੀਤੀ ਕਿ ਮੌਸਮ ਵਿੱਚ ਤਬਦੀਲੀਆਂ ਅਨੁਸਾਰ ਛੁੱਟੀਆਂ ਵਿੱਚ ਵੀ ਸਮਾਂ ਤਬਦੀਲੀ ਕਰਨੀ ਚਾਹੀਦੀ ਹੈ ਕਿਉਂਕਿ ਦਸੰਬਰ ਵਿੱਚ ਠੰਡ ਦਾ ਅਸਰ ਥੋੜ੍ਹਾ ਘੱਟ ਹੁੰਦਾ ਹੈ ਪ੍ਰੰਤੂ ਜਿਵੇਂ ਹੀ ਜਨਵਰੀ ਮਹੀਨਾ ਸ਼ੁਰੂ ਹੁੰਦਾ ਹੈ ਤਾਂ ਠੰਡ ਵੱਧ ਜਾਂਦੀ ਹੈ, ਜਿਸ ਕਰਕੇ ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ।
ਸ਼ੁਰੂਆਤੀ ਦੌਰ ਵਿੱਚ ਬੱਚਿਆਂ ਦਾ ਸਿੱਖਣਾ ਚੱਲ ਰਿਹਾ ਹੁੰਦਾ ਹੈ ਅਤੇ ਜਦੋਂ ਛੁੱਟੀਆਂ ਲਗਾਤਾਰ ਚੱਲਦੀਆਂ ਹਨ ਤਾਂ ਬੱਚਿਆਂ ਦਾ ਸਿਲੇਬਸ ਪੂਰਾ ਨਹੀਂ ਹੁੰਦਾ। ਜਿਸ ਕਰਕੇ ਸਿੱਖਣ ਸਿਖਾਉਣ ਪ੍ਰਕਿਰਿਆ ਵਿੱਚ ਕਮੀ ਰਹਿਣ ਦੇ ਚਾਂਸ ਵੱਧ ਜਾਂਦੇ ਹਨ।

