ਭਗਵੰਤ ਮਾਨ ਸਰਕਾਰ ਤੋਂ ਮੁਲਾਜ਼ਮਾਂ ਦਾ ਮੋਹ ਭੰਗ! ਵੱਡੇ ਸੰਘਰਸ਼ ਦਾ ਐਲਾਨ
ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਸੰਘਰਸ਼ ਤੇਜ਼ ਕਰਨ ਦਾ ਐਲਾਨ
ਫ਼ਿਰੋਜ਼ਪੁਰ, 16 ਜਨਵਰੀ 2026-
ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਫ਼ਿਰੋਜ਼ਪੁਰ ਵੱਲੋਂ ਮੌਜੂਦਾ ਆਪ ਸਰਕਾਰ ਨਾਲ ਮੋਹ ਭੰਗ ਹੋਣ ਅਤੇ ਮੁਲਾਜ਼ਮ ਮੰਗਾਂ ਪੂਰੀਆਂ ਨਾ ਹੋਣ ‘ਤੇ ਵਿਸ਼ਵਾਸ ਖਤਮ ਹੋਣ ਦੇ ਪ੍ਰਤੀਕਾਤਮਕ ਐਲਾਨ ਤਹਿਤ ਅਗਲੇ ਸੰਘਰਸ਼ ਦਾ ਬਿਗਲ ਵਜਾਉਂਦਿਆਂ ਸਰਕਾਰ ਖ਼ਿਲਾਫ਼ ਸੰਘਰਸ਼ ਲਗਾਤਾਰ ਜਾਰੀ ਰੱਖਣ ਦਾ ਪ੍ਰਣ ਵੀ ਲਿਆ ਗਿਆ।
ਯੂਨੀਅਨ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਸਰਕਾਰ ਵਿਰੁੱਧ “ਰੋਸ ਵਰ੍ਹਾ” ਵਜੋਂ ਮਨਾਇਆ ਜਾਵੇਗਾ ਅਤੇ ਹੁਣ ਸਰਕਾਰ ਨਾਲ ਕਿਸੇ ਵੀ ਕਿਸਮ ਦੀ ਮੀਟਿੰਗ ਦੀ ਮੰਗ ਨਹੀਂ ਕੀਤੀ ਜਾਵੇਗੀ, ਜਦ ਤੱਕ ਮੁਲਾਜ਼ਮ ਮੰਗਾਂ ਪੂਰੀਆਂ ਨਹੀਂ ਹੁੰਦੀਆਂ।
ਇਸ ਮੌਕੇ ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਦੇ ਪੰਜਾਬ ਜਨਰਲ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਪਿੱਪਲ ਸਿੰਘ ਸਿੱਧੂ ਨੇ ਕਿਹਾ ਕਿ ਅਗਲੇ ਐਕਸ਼ਨ ਪ੍ਰੋਗਰਾਮ ਤਹਿਤ ਜ਼ਿਲ੍ਹਾ ਲੀਡਰਸ਼ਿਪ ਵੱਲੋਂ ਆਪਣੇ-ਆਪਣੇ ਜ਼ਿਲ੍ਹਿਆਂ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿਧਾਇਕਾਂ ਨੂੰ ਚਿਤਾਵਨੀ ਪੱਤਰ (ਮੰਗ ਪੱਤਰ ਨੱਥੀ ਕਰਕੇ) ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਜੇਕਰ ਮੁਲਾਜ਼ਮ ਮੰਗਾਂ ਲਈ ਅਵਾਜ਼ ਨਾ ਉਠਾਈ ਗਈ ਤਾਂ ਆਉਣ ਵਾਲੀਆਂ ਚੋਣਾਂ ਦੌਰਾਨ ਵਿਧਾਇਕਾਂ ਨੂੰ ਮੁਲਾਜ਼ਮਾਂ ਦੇ ਵੱਡੇ ਰੋਸ ਦਾ ਸਾਹਮਣਾ ਕਰਨਾ ਪਵੇਗਾ।
ਇਸੇ ਤਰ੍ਹਾਂ ਸੂਬਾ ਕਮੇਟੀ ਵੱਲੋਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਸੂਬਾ ਪ੍ਰਧਾਨਾਂ ਨੂੰ ਵੀ ਚਿਤਾਵਨੀ ਪੱਤਰ ਦੇ ਕੇ ਮੁਲਾਜ਼ਮ ਮੰਗਾਂ ਸਬੰਧੀ ਆਪਣਾ ਸਖ਼ਤ ਰੁਖ਼ ਸਪੱਸ਼ਟ ਕੀਤਾ ਜਾਵੇਗਾ। ਇਸ ਐਕਸ਼ਨ ਪ੍ਰੋਗਰਾਮ ਦੀ ਮਿਤੀ ਅਤੇ ਸਮਾਂ 17-01-2026 ਨੂੰ ਐਲਾਨਿਆ ਜਾਵੇਗਾ।
ਇਸ ਤੋਂ ਇਲਾਵਾ ਜਥੇਬੰਦੀ ਦਾ ਸੰਘਰਸ਼ੀ ਯਾਦਗਾਰੀ ਦਿਨ 9 ਮਾਰਚ 2026 ਨੂੰ ਕਨਵੈਨਸ਼ਨ ਦੇ ਰੂਪ ਵਿੱਚ ਵੱਡਾ ਇਕੱਠ ਕਰਕੇ ਮਨਾਇਆ ਜਾਵੇਗਾ, ਜਿਸ ਦਾ ਸਥਾਨ ਜਲਦ ਹੀ ਐਲਾਨਿਆ ਜਾਵੇਗਾ।
ਯੂਨੀਅਨ ਵੱਲੋਂ ਸਾਲ 2026 ਨੂੰ “ਰੋਸ ਵਰ੍ਹਾ” ਦਰਸਾਉਂਦਾ ਇੱਕ ਵਿਸ਼ੇਸ਼ ਕੈਲੰਡਰ ਤਿਆਰ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ, ਜਿਸ ਵਿੱਚ ਸਰਕਾਰ ਦੀਆਂ ਨਾਕਾਮੀਆਂ ਅਤੇ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਨੂੰ ਉਭਾਰਿਆ ਜਾਵੇਗਾ।
ਇਨ੍ਹਾਂ ਸਾਰੇ ਐਕਸ਼ਨ ਪ੍ਰੋਗਰਾਮਾਂ ਦੀ ਵਿਸਥਾਰਤ ਸਮਾਂ-ਸਾਰਣੀ, ਆਉਣ ਵਾਲੇ ਬਜਟ ਸੈਸ਼ਨ ਨੂੰ ਧਿਆਨ ਵਿੱਚ ਰੱਖਦਿਆਂ, ਸੂਬਾ ਕਮੇਟੀ ਵੱਲੋਂ ਮਿਤੀ 17-01-2026 ਨੂੰ ਜਾਰੀ ਕੀਤੀ ਜਾਵੇਗੀ।
ਇਸ ਮੌਕੇ ਸੋਨੂ ਕਸ਼ਯਪ ਜ਼ਿਲ੍ਹਾ ਜਨਰਲ ਸਕੱਤਰ, ਮਨੋਹਰ ਲਾਲ ਸਾਬਕਾ ਜ਼ਿਲ੍ਹਾ ਪ੍ਰਧਾਨ, ਪ੍ਰਦੀਪ ਕੁਮਾਰ ਜ਼ਿਲ੍ਹਾ ਵਿੱਤ ਸਕੱਤਰ, ਪਰਮਵੀਰ ਮੋਗਾ ਸਿਹਤ ਵਿਭਾਗ, ਵਰੁਣ ਕੁਮਾਰ, ਅਮਨ ਕੁਮਾਰ, ਅਨੂ ਅਰੋੜਾ, ਮਨੀਸ਼ ਕੁਮਾਰ, ਹਰਮੀਤ ਮੱਲੀ ਫੂਡ ਸਪਲਾਈ ਵਿਭਾਗ, ਸੰਦੀਪ ਦਿਓਲ, ਗੁਰਤੇਜ ਸਿੰਘ, ਪ੍ਰਵੀਨ ਕੁਮਾਰ ਸੇਠੀ, ਹਰਪ੍ਰੀਤ ਦੁੱਗਲ ਖਜਾਨਾ ਵਿਭਾਗ, ਬਲਦੇਵ ਸਿੰਘ, ਕੁਲਦੀਪ ਸਿੰਘ ਭੂਮੀ ਰੱਖਿਆ ਵਿਭਾਗ, ਜਿਲ੍ਹਾ ਲੋਕ ਸੰਪਰਕ ਵਿਭਾਗ ਤੋਂ ਗੋਰਵ ਸ਼ਰਮਾ, ਜਗਮੀਤ ਸਿੰਘ ਅਤੇ ਸੁਰਿੰਦਰ ਕੁਮਾਰ ਸ਼ਰਮਾ ਵੀ ਹਾਜਰ ਸਨ।

