ਚੋਣ ਡਿਊਟੀ ਦੌਰਾਨ ਹਲਾਕ ਹੋਏ ਅਧਿਆਪਕ ਜੋੜੇ ਨੂੰ ਇਨਸਾਫ਼ ਲਈ ਕੈਂਡਲ ਮਾਰਚ!
ਚੋਣ ਡਿਊਟੀ ਦੌਰਾਨ ਹਲਾਕ ਹੋਏ ਅਧਿਆਪਕ ਜੋੜੇ ਨੂੰ ਇਨਸਾਫ਼ ਲਈ ਕੈਂਡਲ ਮਾਰਚ
Media PBN
ਸੰਗਰੂਰ, 17 ਜਨਵਰੀ 2026- ਲੰਘੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਮੋਗਾ ਜ਼ਿਲ੍ਹੇ ਵਿੱਚ ਚੋਣ ਡਿਊਟੀ ਉੱਤੇ ਜਾਂਦੇ ਸਮੇਂ ਐਕਸੀਡੈਂਟ ਦਾ ਸ਼ਿਕਾਰ ਹੋ ਕੇ ਹਲਾਕ ਹੋਏ ਅਧਿਆਪਕ ਜੋੜੇ ਜਸਕਰਨ ਸਿੰਘ ਅਤੇ ਕਮਲਜੀਤ ਕੌਰ ਨੂੰ ਯੋਗ ਮੁਆਵਜ਼ਾ, ਉਹਨਾਂ ਦੇ ਬੱਚਿਆਂ ਦੀ ਮੁਫ਼ਤ ਪੜ੍ਹਾਈ ਅਤੇ ਬਾਲਗ ਹੋਣ ‘ਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਨੂੰ ਲੈ ਕੇ ਅੱਜ ਸੰਗਰੂਰ ਜ਼ਿਲ੍ਹੇ ਦੀਆਂ ਅਧਿਆਪਕ ਅਤੇ ਜਨਤਕ ਜ਼ਮਹੂਰੀ ਜਥੇਬੰਦੀਆਂ ਵੱਲੋਂ ਸੰਗਰੂਰ ਦੇ ਬਜ਼ਾਰ ਵਿੱਚ ਕੈਂਡਲ ਮਾਰਚ ਅਤੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ।
ਵੱਡੇ ਚੌਂਕ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਡੀ.ਟੀ.ਐੱਫ. ਦੇ ਦਾਤਾ ਸਿੰਘ ਨਮੋਲ,ਜੀ. ਟੀ.ਯੂ. ਦੇ ਦੇਵੀ ਦਿਆਲ,ਡੀ.ਟੀ.ਐੱਫ.(ਸਬੰਧਤ ਡੀ.ਐੱਮ.ਐੱਫ.) ਦੇ ਸੁਖਵਿੰਦਰ ਗਿਰ, ਈ.ਟੀ.ਯੂ. ਦੇ ਜੋਤਿੰਦਰ ਜੋਤੀ,ਐੱਸ.ਸੀ.ਬੀ.ਸੀ. ਅਧਿਆਪਕ ਜਥੇਬੰਦੀ ਦੇ ਕ੍ਰਿਸ਼ਨ ਦੁੱਗਾਂ,ਅਧਿਆਪਕ ਦਲ ਦੇ ਗੁਰਜੰਟ ਵਾਲੀਆ ਅਤੇ ਜ਼ਮਹੂਰੀ ਅਧਿਕਾਰ ਸਭਾ ਦੇ ਮਨਧੀਰ ਸਿੰਘ ਤੇ ਅਮਰੀਕ ਖੋਖਰ ਅਤੇ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਅਮਨ ਸੇਖਾ ਨੇ ਕਿਹਾ ਕਿ ਸਰਕਾਰ ਵੱਲੋਂ ਉਕਤ ਅਧਿਆਪਕ ਜੋੜੇ ਲਈ ਐਲਾਨੀ 10-10 ਲੱਖ ਦੀ ਰਾਸ਼ੀ ਕੋਝਾ ਮਜ਼ਾਕ ਹੈ।
ਉਹਨਾਂ ਮੰਗ ਕੀਤੀ ਕਿ ਘੱਟੋ-ਘੱਟ ਦੋ – ਦੋ ਕਰੋੜ ਦੀ ਰਾਸ਼ੀ ਮੁਆਵਜ਼ੇ ਦੇ ਤੌਰ ‘ਤੇ ਦਿੱਤੀ ਜਾਵੇ। ਚੋਣਾਂ ਦੌਰਾਨ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਦੀ ਪਾਲਣਾ ਕਰਦੇ ਹੋਏ ਔਰਤ ਮੁਲਾਜ਼ਮਾਂ ਦੀ ਡਿਊਟੀ ਉਹਨਾਂ ਦੀ ਰਿਹਾਇਸ਼ ਦੇ ਨੇੜੇ ਲਗਾਈ ਜਾਵੇ ਤਾਂ ਕਿ ਅਜਿਹੀਆਂ ਦੁਰਘਟਨਾਵਾਂ ਤੋਂ ਬਚਾਅ ਹੋ ਸਕੇ। ਸੰਗਰੂਰ ਜ਼ਿਲ੍ਹੇ ਵਿੱਚ ਮੂਣਕ ਦੇ ਨੇੜੇ ਚੋਣ ਡਿਊਟੀ ਉੱਤੇ ਜਾਂਦੇ ਸਮੇਂ ਐਕਸੀਡੈਂਟ ਦਾ ਸ਼ਿਕਾਰ ਹੋ ਕੇ ਫੱਟੜ ਹੋਏ ਐਸੋਸੀਏਟ ਅਧਿਆਪਕਾ ਰਾਜਵੀਰ ਕੌਰ ਅਤੇ ਦਿੜ੍ਹਬੇ ਦੇ ਅਧਿਆਪਕ ਮਨਪ੍ਰੀਤ ਸਿੰਘ ਨੂੰ 20 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਇਹਨਾਂ ਦੇ ਸਿਹਤਯਾਬ ਹੋ ਕੇ ਡਿਊਟੀ ਉੱਤੇ ਪਰਤਣ ਤੱਕ ਤਨਖਾਹ ਸਮੇਤ ਛੁੱਟੀ ਦਿੱਤੀ ਜਾਵੇ।
ਭਵਿੱਖ ਵਿੱਚ ਅਜਿਹੀਆਂ ਦੁਰਘਟਨਾਵਾਂ ਦਾ ਸ਼ਿਕਾਰ ਹੋਏ ਮੁਲਾਜ਼ਮਾਂ ਨੂੰ ਫੌਰੀ ਰਾਹਤ ਲਈ ਸਥਾਈ ਨੀਤੀ ਬਣਾਈ ਜਾਵੇ। ਆਗੂਆਂ ਨੇ ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ ਮੋਗਾ ਵਿਖੇ 18 ਜਨਵਰੀ ਨੂੰ ਉਕਤ ਹਲਾਕ ਅਤੇ ਫੱਟੜ ਹੋਏ ਅਧਿਆਪਕਾਂ ਨੂੰ ਇਨਸਾਫ਼ ਲਈ ਰੱਖੀ ਰੈਲੀ ਵਿੱਚ ਵਧ ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ। ਮਾਰਚ ਵਿੱਚ ਉਕਤ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਜਥੇਬੰਦੀਆਂ ਦੇ ਆਗੂਆਂ ਤੇ ਕਾਰਕੁਨਾਂ ਨੇ ਭਾਗ ਲਿਆ।

