ਪੰਜਾਬ ‘ਚ ਭਾਰੀ ਮੀਂਹ ਕਾਰਨ ਤਬਾਹੀ!
ਪੰਜਾਬ ‘ਚ ਭਾਰੀ ਮੀਂਹ ਕਾਰਨ ਤਬਾਹੀ!
ਚੰਡੀਗੜ੍ਹ, 23 ਜਨਵਰੀ 2026 –
ਪੰਜਾਬ ਦੇ ਕਈ ਹਿੱਸਿਆਂ ਵਿੱਚ ਬੀਤੀ ਰਾਤ ਤੋਂ ਹੋ ਰਹੀ ਭਾਰੀ ਬਾਰਿਸ਼ ਨੇ ਜਿੱਥੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ, ਉਥੇ ਹੀ ਦੂਜੇ ਪਾਸੇ ਸ਼ਹਿਰੀ ਖੇਤਰਾਂ ਅੰਦਰ ਵੀ ਬਾਰਿਸ਼ ਕਾਰਨ ਸੜਕਾਂ ਭਰ ਗਈਆਂ ਹਨ। ਜੇਕਰ ਉਦਯੋਗਿਕ ਸ਼ਹਿਰ ਲੁਧਿਆਣਾ ਦੀ ਗੱਲ ਕਰੀਏ ਤਾਂ ਇਥੋਂ ਦੀਆਂ ਸੜਕਾਂ ਭਾਰੀ ਮੀਂਹ ਦੇ ਕਾਰਨ ਜਲ ਥਲ ਹੋ ਗਈਆਂ। ਪੰਜਾਬ ਦੇ ਬਠਿੰਡਾ, ਫਿਰੋਜ਼ਪੁਰ, ਤਰਨਤਾਰਨ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਮੋਹਾਲੀ ਸ਼ਹਿਰ ਦਾ ਵੀ ਇਸੇ ਤਰ੍ਹਾਂ ਦਾ ਹੀ ਹਾਲ ਹੈ।
ਜਾਣਕਾਰੀ ਮੁਤਾਬਕ , ਵੀਰਵਾਰ ਅਤੇ ਸ਼ੁੱਕਰਵਾਰ ਰਾਤ ਨੂੰ ਸ਼ੁਰੂ ਹੋਈ ਮੋਹਲੇਧਾਰ ਬਾਰਿਸ਼ ਨੇ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਨੂੰ ਦਰਿਆਵਾਂ ਅਤੇ ਨਾਲਿਆਂ ਵਿੱਚ ਬਦਲ ਦਿੱਤਾ। ਸਥਿਤੀ ਇੰਨੀ ਗੰਭੀਰ ਹੋ ਗਈ ਕਿ ਰੋਜ਼ਾਨਾ ਦੇ ਕੰਮਾਂ ਲਈ ਘਰੋਂ ਨਿਕਲਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਕਈ ਮੁੱਖ ਸੜਕਾਂ ‘ਤੇ ਪਾਣੀ ਭਰਨ ਨਾਲ ਵਾਹਨਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਪਾਣੀ ਨਾਲ ਭਰੇ ਡੂੰਘੇ ਟੋਏ ਪੈਣ ਕਾਰਨ ਕਈ ਵਾਹਨ ਪਲਟ ਗਏ, ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਵਧ ਗਿਆ। ਸੜਕਾਂ ਦੀ ਇਹ ਮਾੜੀ ਹਾਲਤ ਸਰਕਾਰ ਦੇ ਵਿਕਾਸ ਕਾਰਜਾਂ ਦੇ ਦਾਅਵਿਆਂ ‘ਤੇ ਸਵਾਲ ਖੜ੍ਹੇ ਕਰਦੀ ਹੈ।
ਪ੍ਰਮੁੱਖ ਚੌਰਾਹਿਆਂ ਅਤੇ ਵਿਅਸਤ ਸੜਕਾਂ ‘ਤੇ ਲੰਬੇ ਸਮੇਂ ਤੱਕ ਟ੍ਰੈਫਿਕ ਜਾਮ ਬਣਿਆ ਰਿਹਾ। ਘੰਟਿਆਂ ਤੱਕ ਫਸੇ ਡਰਾਈਵਰਾਂ ਅਤੇ ਪੈਦਲ ਚੱਲਣ ਵਾਲਿਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਵਿਰੁੱਧ ਆਪਣਾ ਗੁੱਸਾ ਪ੍ਰਗਟ ਕੀਤਾ। ਵਸਨੀਕਾਂ ਦਾ ਕਹਿਣਾ ਹੈ ਕਿ ਇਹ ਸਥਿਤੀ ਹਰ ਮਾਨਸੂਨ ਵਿੱਚ ਹੁੰਦੀ ਹੈ।
ਪਰ ਸਥਾਈ ਹੱਲ ਲੱਭਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਮੀਂਹ ਕਾਰਨ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਦੀ ਸਮੱਸਿਆ ਵੀ ਗੰਭੀਰ ਬਣੀ ਹੋਈ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਡਰੇਨੇਜ ਸਿਸਟਮ ਦੀ ਮੁਰੰਮਤ ਕੀਤੀ ਜਾਵੇ ਅਤੇ ਸੜਕਾਂ ਦੀ ਹਾਲਤ ਨੂੰ ਜਲਦੀ ਤੋਂ ਜਲਦੀ ਸੁਧਾਰਿਆ ਜਾਵੇ, ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਰਾਹਤ ਮਿਲ ਸਕੇ।
ਭਾਰੀ ਮੀਂਹ ਕਾਰਨ ਫ਼ਸਲਾਂ ਦਾ ਵੀ ਨੁਕਸਾਨ
ਪੰਜਾਬ ਵਿੱਚ ਹੋ ਰਹੀ ਬਾਰਿਸ਼ ਦਾ ਕਿਸਾਨਾਂ ਦੀਆਂ ਫਸਲਾਂ ਤੇ ਵੀ ਬੇਅਦ ਮਾੜਾ ਅਸਰ ਪੈ ਰਿਹਾ ਹੈ। ਜਿੱਥੇ ਤੇਜ਼ ਹਵਾਵਾਂ ਦੇ ਕਾਰਨ ਫਸਲਾਂ ਡਿੱਗ ਗਈਆਂ ਹਨ ਉੱਥੇ ਹੀ ਕਈ ਥਾਵਾਂ ‘ਤੇ ਗੜੇਮਾਰੀ ਹੋਣ ਕਾਰਨ ਫਸਲਾਂ ਕਾਫੀ ਜਿਆਦਾ ਨੁਕਸਾਨੀਆਂ ਗਈਆਂ ਹਨ। ਮੁਕਤਸਰ ਦੀ ਗੱਲ ਕਰੀਏ ਤਾਂ ਉਥੇ ਇੰਨੀ ਜਿਆਦਾ ਗੜੇਮਾਰੀ ਹੋਈ ਹੈ ਕਿ, ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ।

